ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਹੋਂਦ ’ਚ ਆਈ ਸਰਬ ਸਾਂਝੀ ਗੋਬਿੰਦ ਗੋਪਾਲ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਵੱਲੋਂ ਮੌੜ ਪਸ਼ੂ ਮੇਲੇ ਦੀ ਵਸੂਲੀ ਨੂੰ ਲੈ ਕੇ ਗਊਸ਼ਾਲਾ ਕਮੇਟੀ ਦੇ ਆਗੂਆਂ ’ਤੇ ਕੀਤੇ ਗਏ ਮਾਮਲੇ ਦੇ ਵਿਰੋਧ ’ਚ ਅੱਜ ਜਿੱਥੇ ਮੌੜ ਮੰਡੀ ਪੂਰਨ ਰੂਪ ’ਚ ਬੰਦ ਰਹੀ, ਉਥੇ ਗਊਸ਼ਾਲਾ ਕਮੇਟੀ ਤੇ ਇਲਾਕਾ ਵਾਸੀਆਂ ਵੱਲੋਂ ਸ਼ਹਿਰ ‘ਓ ਰੋਸ ਮਾਰਚ ਕਰਦੇ ਹੋਏ ਥਾਣਾ ਮੌੜ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸ਼ੁਸ਼ੀਲ ਕੁਮਾਰ ਸ਼ੀਲੀ, ਵਿੱਕੀ ਘੁੰਮਣੀਆ, ਦੇਵ ਰਾਜ ਸ਼ਰਮਾਂ, ਜਨਕ ਰਾਜ ਖਾਨੇ ਵਾਲਾ ਨੇ ਕਿਹਾ ਕਿ ਉਨ੍ਹਾਂ ਕੁਝ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਜਾਣੂ ਕਰਵਾਇਆ ਸੀ ਕਿ ਪਸ਼ੂ ਮੇਲਾ ਗਰਾਉਂਡ ’ਚ ਬਣਾਈ ਗਊਸ਼ਾਲਾ ’ਚ ਆਰਥਿਕ ਤੰਗੀ ਕਾਰਨ ਗਊਆਂ ਭੁੱਖ ਨਾਲ ਮਰ ਰਹੀਆਂ ਹਨ। ਇਸ ਲਈ ਜਾਂ ਤਾਂ ਕਮੇਟੀ ਨੂੰ ਗਊ ਸੈੱਸ ਫੰਡ ’ਚੋਂ ਗ੍ਰਾਂਟ ਜਾਰੀ ਕੀਤੀ ਜਾਵੇ, ਨਹੀਂ ਤਾਂ ਕਮੇਟੀ 20 ਨੂੰ ਲੱਗਣ ਵਾਲੇ ਪਸ਼ੂ ਮੇਲੇ ਦੀ ਵਸੂਲੀ ਦਾਨ ਦੇ ਰੂਪ ’ਚ ਕਮੇਟੀ ਖੁਦ ਕਰੇਗੀ। ਇਸ ਤਹਿਤ ਕਮੇਟੀ ਨੇ ਦਾਨ ਰੂਪ ’ਚ ਮੇਲੇ ਦੀਆਂ ਪਰਚੀਆਂ ਕੱਟੀਆਂ ਹਨ। ਉਨ੍ਹਾਂ ਕਿਹਾ ਕਿ ਗਊ ਸੇਵਾ ਕਮਿਸ਼ਨ ਪੰਜਾਬ ਤੋਂ ਪਸ਼ੂ ਮੇਲੇ ਵਾਲੀ ਜਗ੍ਹਾ ’ਤੇ ਹੀ ਗੁਰੂ ਗੋਬਿੰਦ ਗੋਪਾਲ ਸਰਬ ਸਾਂਝੀ ਗਊਸ਼ਾਲਾ ਪ੍ਰਬੰਧਕ ਕਮੇਟੀ ਮੌੜ ਰਜਿਸਟਰਡ ਹੋਈ ਪਰ ਹੁਣ ਜਾਣ ਬੁੱਝ ਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਵੱਲੋਂ ਕਮੇਟੀ ਆਗੂਆਂ ’ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜੇਸ਼ ਜੈਨ ਨੇ ਕਿਹਾ ਕਿ ਜੇ ਪ੍ਰਸ਼ਾਸਨ ਨੇ ਪਰਚਾ ਰੱਦ ਨਾ ਕੀਤਾ ਤਾਂ ਮੰਡੀ ਵਾਸੀ ਤਿੱਖਾ ਸੰਘਰਸ਼ ਵਿੱਢਣਗੇ। ਕਿਸਾਨ ਆਗੂ ਬਲਵਿੰਦਰ ਸਿੰਘ ਜੋਧਪੁਰ, ਦੇਵ ਰਾਜ ਰਿਟਾਇਰਡ ਜੇਈ ਨੇ ਬੋਲਦੇ ਹੋਏ ਕਿਹਾ ਪੰਜਾਬ ਸਰਕਾਰ ਗਊ ਸੈੱਸ ਦੇ ਨਾਂ ’ਤੇ ਲੋਕਾਂ ਤੋਂ ਪੈਸਾ ਇਕੱਠਾ ਕਰ ਰਹੀ ਹੈ ਪਰ ਗਊਆਂ ਦੀ ਸੰਭਾਲ ਲਈ ਗਊ ਸੈੱਸ ਫੰਡ ’ਚੋਂ ਗ੍ਰਾਂਟ ਜਾਰੀ ਨਹੀਂ ਕਰ ਰਹੀ, ਜਿਸ ਕਾਰਨ ਕਮੇਟੀ ਨੂੰ ਪਸ਼ੂ ਮੇਲੇ ਤੋਂ ਦਾਨ ਇਕੱਠਾ ਕਰਨ ਲਈ ਮਜਬੂਰ ਹੋਣਾ ਪਿਆ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਤੇ ਕੌਂਸਲਰ ਹਰਜਿੰਦਰ ਸਿੰਘ ਕੱਪੀ, ਕੌਂਸਲਰ ਸੰਦੀਪ ਕੁਮਾਰ ਗੱਬਰ, ਕੌਂਸਲਰ ਤਰਸੇਮ ਕੁਮਾਰ ਘੁੰਮਣੀਆਂ, ਆੜ੍ਹਤੀਆ ਐਸੋਸ਼ੀਏਸ਼ਨ ਦੇ ਪ੍ਰਧਾਨ ਵਿਜੈ ਕੁਮਾਰ ਭੋਲਾ, ਰੁਪਿੰਦਰ ਡਿੰਪਾ, ਰਾਜਿੰਦਰ ਕੁਮਾਰ ਭਾਈ ਬਖਤੌਰ ਵਾਲੇ ਵੀ ਹਾਜ਼ਰ ਸਨ। ਥਾਣਾ ਮੁਖੀ ਖੇਮ ਚੰਦ ਪਰਾਸ਼ਰ ਨੇ ਕਿਹਾ ਕਿ ਠੇਕੇਦਾਰ ਵੱਲੋਂ ਇਸ ਸਬੰਧੀ ਡਿਪਟੀ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ, ਜਿਸ ’ਤੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
INDIA ਗਊਸ਼ਾਲਾ ਕਮੇਟੀ ਮੈਂਬਰਾਂ ’ਤੇ ਕੇਸ ਦਰਜ ਕਰਨ ਵਿਰੁੱਧ ਮੌੜ ਮੰਡੀ ਬੰਦ