ਖੰਨਾ (ਸਮਾਜਵੀਕਲੀ) – ਖੰਨਾ ਵਿੱਚ 3 ਕਰੋਨਾ ਪਾਜ਼ੇਟਿਵ ਮਰੀਜ਼ ਆਉਣ ਨਾਲ ਇਲਾਕਾ ਸਹਿਮ ਗਿਆ ਹੈ। ਇਨ੍ਹਾਂ ਵਿਚ ਖੰਨਾ ਸ਼ਹਿਰ ਦੀ ਮਹਿਲਾ, ਨੇੜਲੇ ਪਿੰਡ ਭੁਮੱਦੀ ਦਾ ਕੰਬਾਈਨ ਚਾਲਕ ਸ਼ਾਮਲ ਹੈ। ਤੀਜਾ ਵਿਅਕਤੀ ਖੰਨਾ ਪੁਲੀਸ ਵੱਲੋਂ 25 ਅਪਰੈਲ ਨੂੰ ਪਿੰਡ ਬਾਹੋਮਾਜਰਾ ਵਿਖੇ ਫੜੀ ਗਈ ਨਕਲੀ ਸ਼ਰਾਬ ਬਨਾਉਣ ਵਾਲਾ ਕਾਰੋਬਾਰੀ ਹੈ।
ਇਥੋਂ ਦੇ ਗਊਸ਼ਾਲਾ ਰੋਡ ਦੀ ਵਸਨੀਕ 60 ਸਾਲਾ ਮਹਿਲਾ ਨਗਰ ਕੌਂਸਲ ਦੀ ਸਫ਼ਾਈ ਕਰਮਚਾਰੀ ਹੈ। ਪੁਲੀਸ ਵੱਲੋਂ ਮਹਿਲਾ ਦੇ ਘਰ ਅਤੇ ਆਲੇ ਦੁਆਲੇ ਦੇ ਇਲਾਕੇ ਨੂੰ ਸੀਲ ਕੀਤਾ ਗਿਆ ਅਤੇ ਉਸ ਦੇ ਬਾਕੀ 3 ਪਰਿਵਾਰਕ ਮੈਬਰਾਂ ਨੂੰ ਇਕਾਂਤਵਾਸ ਕੀਤਾ ਗਿਆ।
ਪਿੰਡ ਭੁਮੱਦੀ ਵਿਖੇ 35 ਸਾਲਾਂ ਕੰਬਾਈਨ ਚਾਲਕ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਭ ਤੋਂ ਵੱਡਾ ਖ਼ਤਰਾ ਸ਼ਰਾਬ ਫੈਕਟਰੀ ਮਾਮਲੇ ‘ਚ ਫੜੇ ਗਏ ਗੰਗਾ ਨਗਰ ਦੇ ਰਹਿਣ ਵਾਲੇ ਵਿਅਕਤੀ ਦੀ ਰਿਪੋਰਟ ਪਜ਼ੇਟਿਵ ਆਉਣ ਨਾਲ ਬਣਿਆ ਹੈ, ਜਿਸ ਤੋਂ ਖੰਨਾ ਸੀਆਈਏ ਸਟਾਫ਼ ਦੇ ਕਈ ਅਧਿਕਾਰੀਆਂ ਨੇ ਪੁੱਛ-ਪੜਤਾਲ ਕੀਤੀ।
ਇਸ ਮੌਕੇ ਕਈ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਕਾਂਤਵਾਸ ਭੇਜਿਆ ਜਾ ਰਿਹਾ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜਿੰਦਰ ਗੁਲਾਟੀ ਨੇ ਕਿਹਾ ਕਿ ਤਿੰਨਾਂ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਰੱਖ ਕੇ ਇਲਾਜ ਕੀਤਾ ਜਾ ਰਿਹਾ ਹੈ।