(ਸਮਾਜ ਵੀਕਲੀ)
ਕਿਸਾਨ ਮਜ਼ਦੂਰ ਅੰਦੋਲਨ ਇਸ ਸਮੇਂ ਓਸ ਸਥਿਤੀ ਵਿੱਚ ਹੈ ਜਿੱਥੇ ਇੱਕ ਨਿੱਕੀ ਜਿਹੀ ਕੋਤਾਹੀ ਜਾਂ ਨਿੱਕਾ ਜਿਹਾ ਗਲਤ ਫੈਸਲਾ ਪੂਰੇ ਅੰਦੋਲਨ ਨੂੰ ਢਾਹ ਲਾ ਸਕਦਾ ਹੈ।ਕਿਉਂਕਿ ਸਰਕਾਰੀ ਤੰਤਰ ਜਾਂ ਸਰਕਾਰੀ ਲੋਕ ਪੂਰੀ ਵਾਹ ਲਾ ਰਹੇ ਹਨ ਕੇ ਕੋਈ ਉਹ ਮੁਦਾ ਫੜੀਏ ਜਿਸ ਨੂੰ ਲੋਕਾਂ ਅੱਗੇ ਕਰ ਕੇ ਅੰਦੋਲਨ ਨੂੰ ਕੁਚਲਿਆ ਜਾਵੇ।
ਇਸ ਸਮੇਂ ਕਿਸਾਨ ਮਜ਼ਦੂਰ ਅੰਦੋਲਨ ਸਿਖਰ ਉਤੇ ਹਨ. ਇਥੇ ਤੱਕ ਕੇ ਜਿੱਤ ਨੂੰ ਬਰਕਰਾਰ ਰੱਖਣ ਲਈ ਬਹੁਤ ਹੀ ਜ਼ਾਬਤੇ ਦੀ ਲੋੜ ਹੈ ਸੱਤਧਾਰੀ ਇਸ ਅੰਦੋਲਨ ਨੂੰ ਲੀਹੋਂ ਲਾਉਣ ਦੇ ਹਰ ਤਰੀਕੇ ਵਰਤ ਰਿਹਾ ਹੈ।ਜੰਗ ਦੇ ਮੈਦਾਨ ਵਿੱਚ ਦੁਸ਼ਮਣ ਦੇ ਨਾਲੋਂ ਆਪਣਿਆਂ ਤੋਂ ਵਧੇਰੇ ਡਰ ਬਣਿਆ ਰਹਿੰਦਾ ਹੈ ।
ਅਤੇ ਇਹ ਹੁਣ ਤੱਕ ਹੁੰਦਾ ਆਇਆ ਹੈ ਭਵਿੱਖ ਵਿੱਚ ਨਾ ਹੋ ਜਾਵੇ ਇਸ ਬਾਰੇ ਲੋਕ ਚਿੰਤੁਤ ਹਨ। ਇਹ ਚਿੰਤਾ ਹੋਣੀ ਸੁਭਾਵਕ ਹੈ ਕਿਉਂਕਿ ਅੱਜ ਸਾਡੇ ਆਪਣੇ ਹੀ ਸ਼ੂਰੀ ਤੇਜ ਕਰੀ ਫਿਰ ਰਹੇ ਹਨ।ਅੱਜ ਕੋਈ ਆਪਣਾ ਸਭ ਕੁੱਝ ਲੁਟਾ ਰਿਹਾ ਹੈ ਤੇ ਕੋਈ ਸਭ ਕੁੱਝ ਲੁੱਟਣ ਦੀ ਭਾਲ ਵਿੱਚ ਹੈ ।ਸਭ ਦੀ ਆਪੋ ਆਪਣੀ ਸਮਝ ਤੇ ਸੋਚ ਹੈ ਸਭ ਦੇ ਆਪੋ ਆਪਣੇ ਨਾਇਕ ਤੇ ਖਲਨਾਇਕ ਹਨ।
ਪਿੱਛਲੀਆਂ ਇਤਿਹਾਸਕ ਘਟਨਾਵਾਂ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਜਦੋ ਪੰਜਾਬ ਦੇ ਲੋਕਾਂ ਨੇ ਇਨਸਾਫ ਲਈ ਮੋਰਚੇ ਲਾਏ ਪਰ ਸਮੇ ਦੇ ਭਵਿਸ਼ਨਾ ਨੇ ਆਪਣੀਆਂ ਚੌਦਰਾਂ ਜਾਂ ਬੱਲੇ ਬੱਲੇ ਲਈ ਉਹ ਸੰਘਰਸ਼ ਲੋਕਾਂ ਦੀ ਸਲਾਹ ਤੋਂ ਬਿਨਾਂ ਹੀ ਲਾਂਭੇ ਕਰ ਦਿੱਤੇ। ਸੱਚ ਤੇ ਸੱਚ ਹੀ ਹੁੰਦਾ ਹੈ ਪਰ ਕੌਣ ਸਮਝਦਾ ਹੈ ?ਪਿੱਠ ਤੇ ਛੁਰਾ ਮਾਰਨਾ ਮਨੁੱਖ ਦੀ ਫਿਤਰਤ ਹੈ ਪਰ ਸਭ ਮਨੁੱਖ ਇੱਕੋ ਜਿਹੇ ਨਹੀਂ ਹੁੰਦੇ ਕੁਝ ਲੋਕ ਪੂਰੇ ਸਮਾਜ ਜਾਂ ਮਨੁੱਖਤਾ ਨੁੰ ਬਦਨਾਮ ਕਰ ਦੇਦੇ ਹਨ!
ਜ਼ਿੰਦਗੀ ਦੇ ਵਿਚ ਜਦੋਂ ਵੀ ਕੋਈ ਅਰਸ਼ ਤੋਂ ਫ਼ਰਸ਼ ‘ਤੇ ਡਿੱਗਦਾ ਹੈ ਤਾਂ ਉਸ ਦਾ ਆਪਣਾ ਏਨਾਂ ਕਸੂਰ ਨਹੀਂ ਹੁੰਦਾ, ਜਿੰਨਾਂ ਉਹਨਾਂ ਦੇ ਸਲਾਹਕਾਰਾਂ ਦਾ ਹੁੰਦਾ ਹੈ। ਜਿਹੜੇ ‘ਸੱਚ’ ਨੂੰ ਝੂਠ ਤੇ ‘ਝੂਠ’ ਨੂੰ ਸੱਚ ਬਣਾ ਕੇ ਦੱਸਦੇ ਰਹਿੰਦੇ ਹਨ।
ਅਸੀਂ ਅਕਸਰ ਹੀ ਆਪਣੇ ਦੁਸ਼ਮਣ ਦੀਆਂ ਚਾਲਾਂ ‘ਤੇ ਨਜ਼ਰ ਰੱਖਦੇ ਹਾਂ ਕਿ ਉਹ ਕੀ ਕਰਦਾ ਹੈ? ਅਸੀਂ ਉਸ ਦੇ ਖਿਲਾਫ਼ ਕੀ ਕਰਨਾ ਹੈ, ਇਸ ਦੀਆਂ ਸਕੀਮਾਂ ਬਣਾਉਂਦੇ ਰਹਿੰਦੇ ਹਾਂ ਪਰ ਸਾਨੂੰ ਉਸ ਵੇਲੇ ਹੀ ਪਤਾ ਲੱਗਦਾ ਜਦੋਂ ‘ ਧੋਬੀ ਪਟੜਾ’ ਮਾਰ ਕੇ ਬੁੱਕਲ ਵਿੱਚ ਬੈਠਾ ਭਵਿਸ਼ਨ ਆਪਣਾ ਕੰਮ ਕਰ ਚੁੱਕਾ ਹੁੰਦਾ ਹੈ।ਅਸੀਂ ਬਾਅਦ ‘ਚ ‘ਹੱਥ ਮਲਦੇ’ ਹੀ ਰਹਿ ਜਾਂਦੇ ਹਾਂ। ਇਸ ਤਰਾਂ ਦਾ ਸਿਲਸਿਲਾ ਘਰ, ਪਰਿਵਾਰ, ਪਿੰਡ, ਰਾਜ ਤੇ ਦੇਸ਼ ਤੱਕ ਚਲਦਾ ਹੈ।
ਇਸ ਸਮੇਂ ਸਮਾਜ, ਧਰਮ ਤੇ ਰਾਜਨੀਤੀ ਦੇ ਵਿਚ ਜਿਹੜਾ ਖਲਾਰਾ ਪਿਆ ਹੋਇਆ ਹੈ, ਇਹ ਦੇ ਵਿਚ ਉਹਨਾਂ ਦੀ ਮਿਹਰਬਾਨੀ ਹੈ, ਜਿਹੜੇ ਆਪਣੀ ਕਾਰਵਾਈ ਪਾ ਕੇ ਤਿੱਤਰ ਹੋ ਜਾਂਦੇ ਹਨ। ਅਸੀਂ ਇਤਿਹਾਸ ਪੜਦੇ ਹਾਂ ਪਰ ਉਸ ਉੱਤੇ ਅਮਲ ਨਹੀਂ ਕਰਦੇ । ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਅਸੀਂ ਸਿਰਫ਼ ਤੇ ਸਿਰਫ਼ ਮੱਥਾ ਟੇਕਦੇ ਹਾਂ।
ਉਸ ਦੇ ਸ਼ਬਦਾਂ ਨੂੰ ਨਹੀਂ ਪੜਦੇ, ਇਸੇ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਕਿ ਜੀਵਨ ਦਾ ਅਸਲੀ ਸੱਚ ਕੀ ਹੈ ਤੇ ਅਸੀਂ ਕੀ ਕਰੀ ਜਾ ਰਹੇ ਹਾਂ?ਅੱਜ ਸਰਕਾਰ ਸਾਡੇ 32 ਜਥੇਬੰਧੀਆਂ ਦੇ ਆਗੂਆਂ ਨਾਲ 9ਵਾਰ ਗੱਲਬਾਤ ਕਰ ਚੁੱਕੀ ਹੈ ਪਰ ਨਤੀਜਾ ਅੱਜ ਤੱਕ ਸਿਫ਼ਰ ਹੀ ਮਿਲਿਆ ਹੈ।ਇਸ ਦਾ ਸਾਫ ਇਸ਼ਾਰਾ ਇਹੋ ਹੀ ਹੈ ਕੇ ਸਰਕਾਰ ਉਸ ਸਮੇ ਦਾ ਇੰਤਜ਼ਾਰ ਕਰ ਰਹੀ ਹੈ ਕੇ ਕਦੋ ਕਿਸਾਨੀ ਆਗੂਆਂ ਵਿੱਚ ਕੋਈ ਆਪਸੀ ਮਤਭੇਦ ਹੋਣ ਜਾਂ ਕੋਈ ਇਸ ਤਰਾਂ ਦੀ ਘਟਨਾ ਵਾਪਰੇ ਜਿਸ ਨੂੰ ਮੋਹਰੇ ਲਾ ਕੇ ਸੰਘਰਸ਼ ਨੂੰ ਤਾਰੋ ਪੀੜ ਕੀਤਾ ਜਾ ਸਕੇ।ਜਦੋ ਅੰਗਰੇਜ਼ ਹਕੂਮਤ ਦੇ ਖਿਲਾਫ਼ ਪਹਿਲੇ ਵਿਦਰੋਹ ਵੇਲੇ ਜਦੋਂ ਘਰ ਦੇ ਭੇਤੀਆਂ ਨੇ ਇਸ ਵਿਦਰੋਹ ਦੀ ਕਹਾਣੀ ਅੰਗਰੇਜ਼ਾਂ ਨੂੰ ਜਾ ਦੱਸੀ ਸੀ, ਉਸ ਵੇਲੇ ਇਹ ਸਾਰੀ ਸਕੀਮ ਧਰੀ ਧਰਾਈ ਰਹਿ ਗਈ ਸੀ।
ਗਦਰ ਲਹਿਰ ਤੇ ਭਾਰਤ ਨੌਜਵਾਨ ਸਭਾ ਦੇ ਆਗੂਆਂ ਨੂੰ ਫੜਾਉਣ ਦੇ ਲਈ ਕਦੇ ਸਫੈਦਪੋਸ਼ਾਂ ਤੇ ਕਦੇ ਆਪਣਿਆਂ ਨੇ ਭੇਤ ਦੱਸ ਕੇ ਜੁਝਾਰੂ ਸ਼ਹੀਦ ਕਰਵਾਏ। 1857 ਦਾ ਵਿਦਰੋਹ ਇਹਨਾਂ ਘਰ ਦੇ ਭੇਤੀਆਂ ਦੇ ਕਾਰਨ ਪੂਰਾ 100 ਸਾਲ ਪਿੱਛੇ ਪਿਆ।ਅੱਜ ਵੀ ਵਿਰੋਧੀ ਕਦੇ ਖਾਲਿਸਤਾਨ ਦੀ ਮੰਗ ਨੂੰ ਮੋਹਰੇ ਲਗਾ ਕੇ ਜਾਂ 26 ਜਨਵਰੀ ਗਣਤੰਤਰ ਦਿਵਸ ਤੇ ਲਾਲ ਕਿਲ੍ਹੇ ਤੇ ਝੰਡਾ ਚੜਾਉਣ ਵਾਲੇ ਬੇਤੁਕੇ ਹਾਊਏ ਬਣਾ ਕੇ ਸੰਗਰਸ਼ ਨੂੰ ਕਮਜ਼ੋਰ ਕਰ ਰਹੇ ਹਨ।
ਇਹੋ ਹੀ ਸਰਕਾਰ ਚਾਹੁੰਦੀ ਹੈਅੱਜ ਖਾਲਿਸਤਾਨ ਦੀ ਗੱਲ ਕਿਤੇ ਵੀ ਵਾਜਿਬ ਨਹੀਂ ਦਿਸ ਰਹੀ ਕਿਉਂਕਿ ਸੰਘਰਸ਼ ਇਕੱਲੇ ਪੰਜਾਬ ਦਾ ਨਹੀਂ ਨਾ ਹੀ ਇਕੱਲੇ ਸਿਖਾਂ ਦਾ ਹੈ ਇਸ ਵਿੱਚ ਪੂਰੇ ਭਾਰਤ ਤੋਂ ਕਿਸਾਨ ਮਜਦੂਰ ਹਿੰਦੂ ਸਿੱਖ ਦਲਿਤ ਮੁਸਲਮਾਨ ਅਤੇ ਹੋਰ ਧਰਮ ਇਸ ਅੰਦੋਲਨ ਦਾ ਹਿਸਾ ਹਨ ਸੋ ਇਸ ਕਰਕੇ ਪਹਿਲਾਂ ਬਿੱਲ ਵਾਪਿਸ ਕਰਵਾ ਲਈਏ।
ਅੱਜ ਕੁੱਝ ਕੁ ਲੋਕ ਬਲਵੀਰ ਸਿੰਘ ਰਾਜੇਵਾਲ,ਡਾ ਦਰਸ਼ਨ ਸਿੰਘ,ਜੋਗਿੰਦਰ ਸਿੰਘ ਉਗਰਾਹਾਂ ਵਰਗੇ ਆਗੂਆਂ ਨੂੰ ਬੁਰਾ ਭਲਾ ਕਹਿ ਰਹੇ ਹਨ ਓ ਭਲੇ ਮਾਨਸੋ ਅੱਜ ਇਹ ਸਮਾਂ ਨਹੀਂ ਅੱਜ ਉਹਨਾਂ ਦੇ ਨਾਲ ਖੜਨ ਦਾ ਸਮਾਂ ਹੈ। ਅੱਜ ਸਮੇ ਦੀ ਪੁਰ ਜੋਰ ਮੰਗ ਹੈ ਕੇ ਜੋ ਵੀਰ ਭੈਣ ਬਜੂਰਗ ਪੋਹ ਦੀਆਂ ਰਾਤਾਂ ਤੇ ਕੋਰੇ ਨਾਲ ਲਵਰੇਜ ਸਵੇਰਾ ਆਪਣੇ ਪਿੰਡੇ ਤੇ ਹੰਢਾ ਰਹੇ ਹਨ ਉਸਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਆਗੂਆਂ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਨੂੰ ਕਬੂਲਦੇ ਹੋਏ ਓਹੋ ਹੀ ਕੰਮ ਕਰੋ ਜੋ ਸਰਕਾਰ ਦੇ ਨਾਸੀ ਧੁਆਂ ਕਢਵਾ ਦਵੇ।ਆਪਣੇ ਗਿਲੇ ਸ਼ਿਕਵੇ ਜਿੱਤਣ ਤੋਂ ਬਾਅਦ ਪੰਜਾਬ ਜਾ ਕੇ ਕੱਢ ਲਵਾਂਗੇ।
ਅੱਜ ਦੀ ਨਿੱਕੀ ਜਿਹੀ ਕੋਤਾਹੀ ਪੰਜਾਬ ਨੂੰ ਕਈ ਸੋ ਸਾਲ ਪਿੱਛੇ ਧੱਕ ਦਵੇਗੀ।ਅੱਜ ਲੋੜ ਹੈ ਇਕਮੁੱਠ ਹੋ ਕੇ ਆਗੂਆਂ ਨਾਲ ਖੜਨ ਦੀ ।ਕਿਉਂਕਿ ਸਾਡੇ ਆਗੂ ਹੁਣ ਨਾ ਭੱਜ ਸਕਦੇ ਹਨ ਨਾ ਵਿਕ ਸਕਦੇ ਹਨ ਉਹਨਾਂ ਦੀ ਜਿੰਦਗੀ ਇਸ ਸਮੇ ਸੂਲੀ ਤੇ ਹੈ ਸੋ ਲੋੜ ਹੈ ਉਹਨਾਂ ਤੇ ਵਿਸ਼ਵਾਸ ਤੇ ਭਰੋਸਾ ਕਰਨ ਦੀ। ਆਓ ਮੇਰੇ ਨੌਜਵਾਨ ਗੱਬਰੂਓ ਇਕ ਦੂਜੇ ਦੇ ਹੱਥਾਂ ਦੀਆਂ ਕੰਗਣੀਆਂ ਬਣਾ ਕੇ ਖੜੀਏ, ਲੜੀਏ, ਜਿਤੀਏ,ਮੁੜੀਏ,।
004915221870730