ਲੁਧਿਆਣਾ (ਸਮਾਜਵੀਕਲੀ) : ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ ’ਤੇ ਖੇਤੀ ਮੰਡੀਕਰਨ ਬਾਰੇ ਜਾਰੀ ਕੀਤੇ ਗਏ ਨਵੇਂ ਆਰਡੀਨੈਂਸ ਦਾ ਲੋਕ ਇਨਸਾਫ਼ ਪਾਰਟੀ ਨੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਵੱਲੋਂ 22 ਜੂਨ ਤੋਂ ‘ਪੰਜਾਬ ਬਚਾਓ, ਕਿਸਾਨ ਬਚਾਓ’ ਰੋਸ ਮਾਰਚ (ਸਾਈਕਲ ਯਾਤਰਾ) ਸ਼ੁਰੂ ਕੀਤਾ ਜਾਵੇਗਾ, ਜੋ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋ ਕੇ ਅਰਦਾਸ ਕਰਨ ਮਗਰੋਂ ਚੰਡੀਗੜ੍ਹ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦੇਣ ਮਗਰੋਂ ਖਤਮ ਹੋ ਜਾਏਗਾ। ਇਸ ਸਬੰਧੀ ਅੱਜ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਨੌਜਵਾਨਾਂ ਦੀਆਂ ਡਿਊਟੀਆਂ ਲਾਈਆਂ ਹਨ।
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਕਾਨੂੰਨ ਪੰਜਾਬ ਦੀ ਬਰਬਾਦੀ ਅਤੇ ਕਿਸਾਨਾਂ ਦੀ ਜ਼ਮੀਨ ਖੋਹਣ ਦਾ ਜ਼ਰੀਆ ਬਣੇਗਾ ਅਤੇ ਇਹ ਆਰਡੀਨੈਂਸ ਸੰਵਿਧਾਨ ਦੁਆਰਾ ਸੂਬਿਆਂ ਨੂੰ ਮਿਲੇ ਅਧਿਕਾਰਾਂ ’ਤੇ ਸ਼ਰ੍ਹੇਆਮ ਡਾਕਾ ਹੈ। ਇਸ ਲਈ ਲੋਕ ਇਨਸਾਫ਼ ਪਾਰਟੀ ਇਸ ਕਾਲੇ ਕਾਨੂੰਨ ਨੂੰ ਰੋਕਣ ਲਈ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਬੁਲਾਉਣ ਸਬੰਧੀ ਮੰਗ ਪੱਤਰ ਦੇਣ ਲਈ ਪੰਜਾਬ ਵਿਚ ਰੋਸ ਮਾਰਚ ਕੱਢੇਗੀ।
ਰੋਸ ਮਾਰਚ 22 ਜੂਨ ਨੂੁੰ ਸਵੇਰੇ 9 ਵਜੇ ਸ੍ਰੀ ਦਰਬਾਰ ਸਾਹਿਬ ਤੋਂ ਅਰਦਾਸ ਮਗਰੋਂ ਸ਼ੁਰੂ ਹੋਵੇਗਾ ਤੇ ਪਹਿਲੇ ਪੜਾਅ ਤਹਿਤ ਜੰਡਿਆਲਾ ਗੁਰੂ, ਬਾਬਾ ਬਕਾਲਾ ਤੇ ਬਿਆਸ ਵਿਚ ਵਿਸ਼ਰਾਮ ਕਰੇਗਾ। ਮੰਗਲਵਾਰ 23 ਜੂਨ ਨੂੰ ਬਿਆਸ ਤੋਂ ਚੱਲ ਕੇ ਸੁਭਾਨਪੁਰ, ਕਰਤਾਰਪੁਰ ਹੁੰਦੇ ਹੋਏ ਜਲੰਧਰ ਵਿਚ ਵਿਸ਼ਰਾਮ ਕੀਤਾ ਜਾਵੇਗਾ।
ਬੁੱਧਵਾਰ 24 ਜੂਨ ਨੂੰ ਸਵੇਰੇ ਜਲੰਧਰ ਤੋਂ ਫਗਵਾੜਾ, ਬੰਗਾ ਤੋਂ ਹੁੰਦੇ ਹੋਏ ਖਟਕੜ ਕਲਾਂ ਵਿਚ ਰਾਤ ਨੂੰ ਵਿਸ਼ਰਾਮ ਕਰਨ ਮਗਰੋਂ ਵੀਰਵਾਰ 25 ਜੂਨ ਨੂੰ ਖਟਕੜ ਕਲਾਂ ਤੋਂ ਰਵਾਨਾ ਹੋ ਕੇ ਰੋਪੜ ਸਥਿਤ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਵਿਖੇ ਪੁੱਜ ਕੇ ਰਾਤ ਵਿਸ਼ਵਾਮ ਕੀਤਾ ਜਾਵੇਗਾ। 26 ਜੂਨ ਸਵੇਰੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਇਹ ਰੋਸ ਮਾਰਚ (ਸਾਈਕਲ ਯਾਤਰਾ) ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਕੁਰਾਲੀ, ਖਰੜ, ਮੋਹਾਲੀ ਤੋਂ ਹੁੰਦੇ ਹੋਏ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ’ਤੇ ਪੁੱਜੇਗਾ ਅਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ।
ਵਿਧਾਇਕ ਬੈਂਸ ਨੇ ਲੋਕਾਂ ਨੂੰ ਇਸ ਕਾਲੇ ਕਾਨੂੰਨ ਦਾ ਵਿਰੋਧ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਨੌਜਵਾਨਾਂ ਦੀਆਂ ਡਿਊਟੀਆਂ ਲਗਾਈਆਂ ਅਤੇ ਦੱਸਿਆ ਕਿ ਰੋਸ ਯਾਤਰਾ ਦੌਰਾਨ ਰਸਤੇ ਵਿਚ ਆਉਣ ਵਾਲੇ ਪਿੰਡਾਂ ਤੋਂ ਘੱਟੋ-ਘੱਟ 5 ਵਿਅਕਤੀ ਇਕ ਪਿੰਡ ਵਿਚੋਂ ਰੋਸ ਮਾਰਚ ਵਿਚ ਸ਼ਾਮਲ ਹੋਣਗੇ।