ਚੰਡੀਗੜ੍ਹ (ਸਮਾਜਵੀਕਲੀ) : ਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸੂਬੇ ਵਿੱਚ ਬੀਜ ਘੁਟਾਲੇ ਦੇ ਦੋਸ਼ੀਆਂ ਨਾਲ ਹਾਕਮ ਧਿਰ ਦੇ ਬਣੇ ਭ੍ਰਿਸ਼ਟ ਗੱਠਜੋੜ ਦਾ ਭਾਂਡਾ ਭੰਨ ਦਿੱਤਾ ਹੈ। ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਕੈਪਟਨ ਸਰਕਾਰ ਮਾਮਲਾ ਤੁਰੰਤ ਸੀਬੀਆਈ ਹਵਾਲੇ ਕਰੇ। ਉਨ੍ਹਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਯੂਨੀਵਰਸਿਟੀ ਦਾ ਵੱਕਾਰ ਬਹਾਲ ਰੱਖਣ ਲਈ ਨਿਰਪੱਖ ਜਾਂਚ ਬਹੁਤ ਜ਼ਰੂਰੀ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਮੁੱਖ ਮੁਲਜ਼ਮਾਂ ਦੀ ਹਿਰਾਸਤੀ ਪੁੱਛਗਿੱਛ ਹੀ ਸਚਾਈ ਸਾਹਮਣੇ ਲਿਆਉਣ ਵਿਚ ਮਦਦ ਕਰ ਸਕਦੀ ਹੈ। ਉਨ੍ਹਾਂ ਅਜਿਹਾ ਨਾ ਕਰਨ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਸਾਰਾ ਘੁਟਾਲਾ ਕਾਂਗਰਸ ਦੇ ਵੱਡੇ ਆਗੂਆਂ ਵੱਲੋਂ ਬਣਾਈ ਯੋਜਨਾ ਤਹਿਤ ਹੋਇਆ।
ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਹੁਣ ਸਾਬਤ ਹੋ ਗਿਆ ਹੈ ਕਿ ਕਿਸਾਨਾਂ ਨੂੰ ਬਿਨਾਂ ਪ੍ਰਵਾਨਗੀ ਜਾਂ ਸਰਟੀਫਿਕੇਸ਼ਨ ਤੋਂ ਵੇਚੇ ਜਾ ਰਹੇ ਬੀਜਾਂ ਦੀ ਡੀਐਨਏ ਰਿਪੋਰਟ ਵਿਚ ਵੀ ਉਹੀ ਜੈਵਿਕ ਤੱਤ ਸਨ ਜੋ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੇ ਬੀਜਾਂ ਵਿਚ ਸਨ। ਇਸ ਤੋਂ ਸਾਬਤ ਹੋ ਗਿਆ ਹੈ ਕਿ ਕਾਂਗਰਸ ਸਰਕਾਰ ਦੇ ਵੱਡੇ ਆਗੂਆਂ ਨਾਲ ਪੀਏਯੂ ਅਧਿਕਾਰੀਆਂ ਦਾ ਇਕ ਵਰਗ ਵੀ ਸ਼ਾਮਲ ਹੈ।
ਇਸ ਘੁਟਾਲੇ ਵਿਚ ਸਰਕਾਰ ਦੇ ਉਚ ਅਧਿਕਾਰੀਆਂ ਦੀ ਇੰਨੀ ਵੱਡੇ ਪੱਧਰ ’ਤੇ ਸ਼ਮੂਲੀਅਤ ਤੇ ਇਸ ਨਾਲ ਕਿਸਾਨਾਂ ਦੇ ਵੱਡੀ ਪੱਧਰ ’ਤੇ ਹੋਏ ਨੁਕਸਾਨ ਹੈਰਾਨੀਜਨਕ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਈ ਜਾਵੇ ਤਾਂ ਕਿ ਸੱਚ ਸਾਹਮਣੇ ਲਿਆਂਦਾ ਜਾ ਸਕੇ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਨਕਲੀ ਬੀਜ ਦੇ ਡਿਸਟਰੀਬਿਊਟਰ ਤੇ ਰਿਟੇਲਰਾਂ ਨੇ ਗਠਜੋੜ ਕਰ ਕੇ ਬੀਜ ਘੁਟਾਲਾ ਕੀਤਾ ਜਿਸ ਨਾਲ ਕਿਸਾਨਾਂ ਦਾ ਵੱਡੇ ਪੱਧਰ ’ਤੇ ਸ਼ੋਸ਼ਣ ਹੋਇਆ ਹੈ।