ਖੇਤੀ ਮੇਲੇ ਰਾਹੀਂ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਅਤੇ ਨਵੀਨਤਮ ਖੇਤੀ ਤਕਨੀਕਾਂ ਅਪਣਾਉਣ ਦਾ ਸੱਦਾ

ਪਿੰਡ ਉੱਚਾ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਪ੍ਰਦਰਸ਼ਨੀ ਵਿਚ ਹਜ਼ਾਰਾਂ ਕਿਸਾਨਾਂ ਵਲੋਂ ਸ਼ਿਰਕਤ

ਪਰਾਲੀ ਪ੍ਰਬੰਧਨ ਵਿਚ ਸ਼ਾਨਦਾਰ ਕੰਮ ਕਰਨ ਵਾਲੇ ਕਿਸਾਨਾਂ ਦਾ ਸਨਮਾਨ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਕਪੂਰਥਲਾ ਵਲੋਂ ਹਾੜ੍ਹੀ ਦੀਆਂ ਫ਼ਸਲਾਂ ਬਾਰੇ ਤਕਨੀਕੀ ਜਾਣਕਾਰੀ ਦੇਣ ਅਤੇ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਬਾਰੇ ਸੁਚੇਤ ਕਰਨ ਲਈ ਪਿੰਡ ਉੱਚਾ ਵਿਖੇ ਲਗਾਇਆ ਗਿਆ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਲਾਮਿਸਾਲ ਰਹੀ। ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਦਾ ਉਦਘਾਟਨ ਸੰਯੁਕਤ ਡਾਇਰੈਕਟਰ ਖੇਤੀਬਾੜੀ ਡਾ.ਦਲਜੀਤ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਕਪੂਰਥਲਾ ਸ੍ਰੀ ਅਜੈ ਅਰੋੜਾ ਵਲੋਂ ਕੀਤਾ ਗਿਆ। ਕੈਂਪ ਦੌਰਾਨ ਕਪੂਰਥਲਾ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ ਨੇ ਸ਼ਿਰਕਤ ਕੀਤੀ,ਜਿਸ ਵਿਚ ਵਿਭਾਗ ਵਲੋਂ ਕਿਸਾਨਾਂ ਦੀ ਸਹੂਲਤ ਲਈ ਮੁਫ਼ਤ ਬੱਸ ਸੇਵਾ ਵੀ ਪ੍ਰਦਾਨ ਕੀਤੀ ਗਈ ਤਾਂ ਜੋ ਕਿਸਾਨ ਖੇਤੀ ਦੀਆਂ ਨਵੀਆਂ ਤਕਨੀਕਾਂ ਅਤੇ ਫ਼ਸਲਾਂ ਬਾਰੇ ਖੇਤੀ ਮਾਹਿਰਾਂ ਪਾਸੋਂ ਵਡਮੁੱਲੀ ਜਾਣਕਾਰੀ ਹਾਸਲ ਕਰ ਸਕਣ।

ਇਸ ਮੌਕੇ ਕਿਸਾਨਾਂ ਦੇ ਸਨਮੁੱਖ ਹੁੰਦਿਆਂ ਡਾ.ਦਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੇ ਭੂਗੋਲਿਕ ਰਕਬਾ 2 ਫੀਸਦੀ ਤੋਂ ਘੱਟ ਹੋਣ ਦੇ ਬਾਵਜੂਦ ਵੀ ਕੇਂਦਰੀ ਪੂਲ ਵਿਚ 31 ਫੀਸਦੀ ਕਣਕ ਅਤੇ 24 ਫੀਸਦੀ ਚੌਲਾਂ ਦਾ ਯੋਗਦਾਨ ਪਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ 31.44 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਈ ਕੀਤੀ ਗਈ,ਜਿਸ ਤੋਂ ਲਗਭਗ 200 ਲੱਖ ਟਨ ਪਰਾਲੀ ਪੈਦਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਖੇਤੀ ਵਿਭਾਗ ਰਾਹੀਂ ਪਰਾਲੀ ਦੀ ਸਾਂਭ ਸੰਭਾਲ ਲਈ 90422 ਮਸ਼ੀਨਾਂ ਸਬਸਿਡੀ ਤੇ ਦਿੱਤੀਆਂ ਗਈਆਂ ਹਨ ਅਤੇ ਇਸ ਸਾਲ ਵੀ ਕਿਸਾਨ ਸਬਸਿਡੀ ਤੇ ਇਹ ਮਸ਼ੀਨਾਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਜ਼ਮੀਨ ਵਿਚ ਮਿਲਾਉਣ ਤੇ ਜ਼ੋਰ ਦਿੱਤਾ ਅਤੇ ਨਵੀਂ ਤਕਨੀਕ “ਆਈ-ਖੇਤ ਐਪ” ਦੇ ਰਾਹੀਂ ਖੇਤੀ ਮਸ਼ੀਨਰੀ ਨੂੰ ਕਿਰਾਏ ਤੇ ਲੈ ਕੇ ਵਰਤਣ ਲਈ ਵੀ ਅਪੀਲ ਕੀਤੀ।

ਵਧੀਕ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਤਾਂ ਜੋ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂੰ ਕਰਵਾਇਆ ਜਾ ਸਕੇ। ਡਾ.ਬਲਬੀਰ ਚੰਦ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਵਲੋਂ ਖਾਦਾਂ ਤੇ ਖੇਤੀ ਰਸਾਇਣਾਂ ਦੀ ਵਰਤੋਂ ਸਿਫ਼ਾਰਸ਼ ਅਨੁਸਾਰ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿਚ ਕੁੱਲ 4180 ਮਸ਼ੀਨਾਂ ਕਿਸਾਨਾਂ,ਕਿਸਾਨ ਗਰੁੱਪਾਂ,ਗ੍ਰਾਮ ਪੰਚਾਇਤਾਂ ਤੇ ਸਿਹਕਾਰੀ ਸਭਾਵਾਂ ਨੂੰ ਸਬਸਿਡੀ ਤੇ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਵੀ ਪਰਾਲੀ ਪ੍ਰਬੰਧਨ ਲਈ 652 ਮਸ਼ੀਨਾਂ ਪਾਸ ਕਰਨ ਦੇ ਨਾਲ-ਨਾਲ ਪਿੰਡਾਂ ਵਿਚ 180 ਦੇ ਕਰੀਬ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਤੇ ਦਿਵਾਰਾਂ ਤੇ ਚਿੱਤਰਕਾਰੀ ਤੇ ਸਲੋਗਨਾਂ ਰਾਹੀਂ ਕਿਸਾਨਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਜ਼ਿਲ੍ਹਾ ਸਿਖਲਾਈ ਅਫ਼ਸਰ ਕਪੂਰਥਲਾ ਡਾ.ਨਰੇਸ਼ ਗੁਲਾਟੀ ਨੇ ਮੁੱਖ ਮਹਿਮਾਨਾਂ ਖੇਤੀ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ। ਖੇਤੀ ਵਿਭਾਗ ਵਲੋਂ ਇਸ ਮੌਕੇ ਸਵੈ ਸਹਾਇਤਾ ਗਰੁੱਪਾਂ,ਸਰਕਾਰੀ ਅਦਾਰਿਆਂ ਵਲੋਂ 35 ਦੇ ਕਰੀਬ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ,ਜਿਸ ਵਿਚ ਕਿਸਾਨਾਂ ਨੇ ਡੂੰਘੀ ਦਿਲਚਸਪੀ ਦਿਖਾਈ। ਮੇਲੇ ਦੌਰਾਨ ਮਹਿਲਾਂ ਕਿਸਾਨਾਂ ਦੀ ਵੱਡੀ ਗਿਣਤੀ ਅਤੇ ਉਨ੍ਹਾਂ ਵਲੋਂ ਸਵੈਂ ਸਹਾਇਤਾਂ ਗਰੁੱਪਾਂ ਰਾਹੀਂ ਮਹਿਲਾਵਾਂ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਯਤਨਾਂ ਨੂੰ ਭਰਵਾਂ ਹੁਲਾਰਾ ਮਿਲਿਆ। ਇਸ ਮੌਕੇ ਡਾ.ਸੁਖਦੀਪ ਸਿੰਘ ਹੁੰਦਲ ਡਿਪਟੀ ਡਾਇਰੈਕਟਰ ਬਾਗਬਾਨੀ, ਡੀ.ਡੀ.ਐਮ ਨਾਬਾਰਡ ਰਾਸ਼ਿਦ ਲੇਖੀ, ਮਨਪ੍ਰੀਤ ਸਿੰਘ ਉਪ ਮੰਡਲ ਭੂਮੀ ਰੱਖਿਆ ਅਫ਼ਸਰ, ਡਾ ਪਰਦੀਪ ਕੁਮਾਰ ਇੰਚਾ.ਕਿਸਾਨ ਸਲਾਹ ਕੇਂਦਰ,ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰ ਡਾ. ਬਿੰਦੂ ਮਰਵਾਹਾ,ਡਾ. ਨਵਦੀਪ ਸਿੰਘ,ਡਾ.ਸੁਮਨ,ਗੋਬਿੰਦਰ ਸਿੰਘ,ਡਾ.ਰਜਿੰਦਰ ਕੁਮਾਰ,ਡਾ.ਜਸਪਾਲ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਵਲੋਂ ਕਿਸਾਨਾਂ ਨੂੰ ਵੱਖ-ਵੱਖ ਖੇਤੀ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ।

ਮੰਚ ਦਾ ਸੰਚਾਲਨ ਖੇਤੀਬਾੜੀ ਸੂਚਨਾ ਅਫ਼ਸਰ ਸੁਖਦੇਵ ਸਿੰਘ,ਗਰਦੀਪ ਸਿੰਘ ਟ੍ਰੇਨਿੰਗ ਅਫ਼ਸਰ ਵਲੋਂ ਕੀਤਾ ਗਿਆ। ਇਸ ਮੌਕ ਖੇਤੀਬਾੜੀ ਅਫ਼ਸਰਾਂ ਵਿਚ ਸ੍ਰੀ ਅਸ਼ਵਨੀ ਕੁਮਾਰ,ਪਰਮਜੀਤ ਸਿੰਘ ਮਹੈ,ਬਲਕਾਰ ਸਿੰਘ,ਡਾ.ਐਚ.ਪੀ.ਐਸ ਭਰੋਤ,ਸਤਨਾਮ ਸਿੰਘ ਤੇ ਹਰਦੀਪ ਕੌਰ ਤੋਂ ਇਲਾਵਾ ਖੇਤੀਬਾੜੀ ਵਿਕਾਸ ਅਫ਼ਸਰ ਵਿਕਾਸ ਕੌਸ਼ਲ,ਗੁਰਜੋਤ ਸਿੰਘ,ਮਨਮੋਹਨ ਸਿੰਘ,ਮਨਅਰਸ਼ਰੂਪ ਕੌਰ,ਖੇਤੀਬਾੜੀ ਵਿਸਥਾਰ ਅਫ਼ਸਰ ਸੁਰਜੀਤ ਸਿੰਘ,ਮੁਨੀਮ ਕੁਮਾਰ, ਪਰਮਿੰਦਰ ਕੁਮਾਰ,ਗੁਰਵਿੰਦਰ ਸਿੰਘ,ਬਲਕਾਰ ਸਿੰਘ,ਹਰਗੁਰਪ੍ਰੀਤ ਸਿੰਘ ਹਾਜ਼ਰ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੋਆਬਾ ਕਿਸਾਨ ਯੂਨੀਅਨ ਨੇ ਝੋਨਾ ਖਰੀਦ ਦੇ ਮੁਕੰਮਲ ਪ੍ਰਬੰਧ ਸਬੰਧੀ ਦਿੱਤਾ ਮੰਗ ਪੱਤਰ
Next articleਸਕੂਲ ਵਿੱਚ ਕਰਵਾਈ ਮਾਤਾਵਾਂ ਦੀ ਵਰਕਸ਼ਾਪ