ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਸੂਬੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ। ਕਿਸਾਨ ਜਥੇਬੰਦੀਆਂ ਨੇ ਰੇਲਵੇ ਲਾਈਨਾਂ, ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਲਾਏ ਮੋਰਚਿਆਂ ਨੂੰ ਅੱਜ ਵੀ ਮਘਾਈ ਰੱਖਿਆ। ਉਧਰ ਕਿਸਾਨ-ਮਜ਼ਦੂਰ ਜਥੇਬੰਦੀ ਨੇ 24 ਸਤੰਬਰ ਤੋਂ ਸ਼ੁਰੂ ਕੀਤੇ ਅੰਦੋਲਨ ਨੂੰ 21 ਅਕਤੂਬਰ ਤੱਕ ਵਧਾ ਦਿੱਤਾ ਹੈ। ਉਨ੍ਹਾਂ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਵਿੱਚ ਰੇਲ ਮਾਰਗਾਂ ’ਤੇ 24 ਸਤੰਬਰ ਤੋਂ ਚੱਕਾ ਜਾਮ ਕੀਤਾ ਹੋਇਆ ਹੈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ 19 ਸਤੰਬਰ ਨੂੰ ਵਿਧਾਨ ਸਭਾ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ।
ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਸੱਦਣ ਉਪਰੰਤ ਅਣਗੌਲਿਆ ਕਰਨ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ 31 ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ। ਵੱਖ-ਵੱਖ ਥਾਵਾਂ ’ਤੇ ਅਰਥੀ ਫੂਕ ਮੁਜ਼ਾਹਰਿਆਂ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਮੰਤਰੀਆਂ ਨੂੰ ਪੰਜਾਬ ਭੇਜ ਰਹੀ ਹੈ ਜਦੋਂਕਿ ਦਿੱਲੀ ਗਏ ਕਿਸਾਨ ਆਗੂਆਂ ਲਈ ਖੇਤੀਬਾੜੀ ਮੰਤਰੀ ਤੱਕ ਨੇ ਵੀ ਸਮਾਂ ਨਹੀਂ ਕੱਢਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਇਸ ਭੁਲੇਖੇ ’ਚ ਨਾ ਰਹੇ ਕਿ ਐਵੇਂ ਅਣਗੌਲਿਆ ਕਰਨ ਨਾਲ ਸੰਘਰਸ਼ ਮੱਠਾ ਪੈ ਜਾਵੇਗਾ, ਸਗੋਂ ਇਹ ਅੰਦੋਲਨ ਦੇਸ਼ ਭਰ ’ਚ ਮਜ਼ਬੂਤ ਹੁੰਦਿਆਂ ਸਰਕਾਰ ਨੂੰ ਲੋਕ ਮਾਰੂ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦੇਵੇਗਾ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਮਹਿਮਦਪੁਰ ਜੱਟਾਂ (ਪਟਿਆਲਾ) ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੀਨੀਅਰ ਆਗੂ ਹਰਬੰਸ ਸਿੰਘ ਪੁੱਤਰ ਸੰਪੂਰਨ ਸਿੰਘ ਅਤੇ ਮਾਨਸਾ ’ਚ ਪਿੰਡ ਗੜੱਦੀ ਦੇ ਜਗਰਾਜ ਸਿੰਘ ਦੀ ਮੋਦੀ ਸਰਕਾਰ ਦਾ ਪੁਤਲਾ ਸਾੜਨ ਮੌਕੇ ਹੋਏ ਮੁਜ਼ਾਹਰੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਰਾਜਪੁਰਾ ’ਚ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਵਰਚੁਅਲ ਸੈਮੀਨਾਰ ਕਿਸਾਨ ਆਗੂਆਂ ਦੇ ਸਖ਼ਤ ਵਿਰੋਧ ਕਾਰਨ ਰੱਦ ਹੋ ਗਿਆ। ਟੌਲ ਪਲਾਜ਼ਿਆਂ ’ਤੇ ਧਰਨਿਆਂ ਦੌਰਾਨ ਸਾਰੇ ਵਾਹਨ ਬਿਨਾਂ ਟੌਲ ਟੈਕਸ ਤੋਂ ਹੀ ਲੰਘਾਏ ਜਾ ਰਹੇ ਹਨ ਅਤੇ ਰਿਲਾਇੰਸ ਤੇ ਐੱਸਾਰ ਦੇ ਪੰਪਾਂ ਤੋਂ ਕੋਈ ਵੀ ਤੇਲ ਨਹੀਂ ਪੁਆਇਆ ਜਾ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਕਿ ਕੁਝ ਮੌਕਾਪ੍ਰਸਤ ਫਿਰਕੂ ਕਿਸਮ ਦੇ ਸਿਆਸਤਦਾਨ ਬੇਹੱਦ ਭੜਕਾਊ ਭਾਸ਼ਣਾਂ ਰਾਹੀਂ ਕਾਲੇ ਖੇਤੀ ਕਾਨੂੰਨਾਂ ਦੇ ਮੁਕਾਬਲੇ ’ਤੇ ਫਿਰਕਾਪ੍ਰਸਤ ਮਸਲੇ ਉਭਾਰ ਕੇ ਹਿੰਸਕ ਮਾਹੌਲ ਪੈਦਾ ਕਰਨ ਦੇ ਯਤਨ ਕਰ ਰਹੇ ਹਨ ਜਿਨ੍ਹਾਂ ਤੋਂ ਖਾਸ ਕਰਕੇ ਨੌਜਵਾਨਾਂ ਨੂੰ ਖਬਰਦਾਰ ਰਹਿਣਾ ਚਾਹੀਦਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਕੱਠਾਂ ’ਚ ਥਾਂ-ਥਾਂ ਮਤੇ ਪਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਗਈ ਕਿ 19 ਅਕਤੂਬਰ ਨੂੰ ਵਿਧਾਨ ਸਭਾ ਇਜਲਾਸ ਵਿੱਚ ਤਿੰਨੋਂ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ 2020 ਵਾਪਸ ਲੈਣ ਦੇ ਮਤੇ ਤੋਂ ਇਲਾਵਾ ਪੰਜਾਬ ਸਰਕਾਰ ਦੁਆਰਾ ਨਿੱਜੀ ਕਾਰਪੋਰੇਸ਼ਨਾਂ ਅਤੇ ਵੱਡੇ ਵਪਾਰੀਆਂ ਨੂੰ ਐੱਮਐੱਸਪੀ ਦੀ ਜਾਮਨੀ ਤੋਂ ਬਗੈਰ ਹੀ ਫਸਲ ਖਰੀਦ ਦੀਆਂ ਖੁੱਲ੍ਹਾਂ ਦੇਣ ਵਾਲੇ 2017 ਅਤੇ ਉਸ ਤੋਂ ਪਹਿਲਾਂ ਦੇ ਮੰਡੀਕਰਨ ਕਾਨੂੰਨ/ਬਿੱਲ ਵਾਪਸ ਲੈਣ ਦਾ ਮਤਾ ਵੀ ਪਾਸ ਕੀਤਾ ਜਾਵੇ।
ਉਨ੍ਹਾਂ ਕੈਪਟਨ ਦੇ ਚੋਣ ਵਾਅਦਿਆਂ ਸਬੰਧੀ ਮੰਗ ਪੱਤਰ ਵੀ ਸਥਾਨਕ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ। ਈ-ਮੇਲ ਅਤੇ ਵਟਸਐਪ ਰਾਹੀਂ ਇਹ ਮੰਗ ਪੱਤਰ ਪੰਜਾਬ ਦੇ ਪ੍ਰਮੁੱਖ ਮੁੱਖ ਸਕੱਤਰ ਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਨੂੰ ਕੱਲ੍ਹ ਹੀ ਭੇਜ ਦਿੱਤੇ ਗਏ ਸਨ। ਸ੍ਰੀ ਕੋਕਰੀ ਨੇ ਦੱਸਿਆ ਕਿ ਜਥੇਬੰਦੀ ਦੀ ਅਗਵਾਈ ਹੇਠ ਕਿਸਾਨਾਂ ਨੇ ਅੱਜ ਭਾਜਪਾ ਦੇ 9 ਆਗੂਆਂ ਦੇ ਘਰਾਂ ਅੱਗੇ ਧਰਨਿਆਂ ਤੋਂ ਇਲਾਵਾ 10 ਟੌਲ ਪਲਾਜ਼ਿਆਂ, 4 ਸ਼ਾਪਿੰਗ ਮਾਲਜ਼, ਅਡਾਨੀ ਦੇ ਗੁਦਾਮ, 24 ਰਿਲਾਇੰਸ ਪੰਪਾਂ, 10 ਐੱਸਾਰ ਪੰਪਾਂ ਤੇ ਬਣਾਂਵਾਲੀ ਥਰਮਲ ਪਲਾਂਟ ’ਤੇ ਦਿਨ-ਰਾਤ ਦੇ ਧਰਨੇ 59 ਥਾਈਂ ਅੱਜ ਵੀ ਜਾਰੀ ਰਹੇ।