ਪਿੰਡ ਪਿੱਦੀ ਵਿਚ ਕਿਸਾਨ ਸ਼ਮਸ਼ੇਰ ਸਿੰਘ ਅਤੇ ਹੋਰਾਂ ਵਲੋਂ ਆਪਣੇ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਖਿਲਾਫ਼ ਪੁਲੀਸ ਨੂੰ ਨਾਲ ਲੈ ਕੇ ਕਾਰਵਾਈ ਕਰਨ ਆਈ ਖੇਤੀਬਾੜੀ ਵਿਭਾਗ ਦੀ ਟੀਮ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜੁਰਮਾਨਿਆਂ ਦੀਆਂ ਪਰਚੀਆਂ ਪਾੜਨ ਲਈ ਮਜਬੂਰ ਕਰ ਦਿੱਤਾ| ਜਾਣਕਾਰੀ ਅਨੁਸਾਰ ਅੱਜ ਪਿੱਦੀ ਦੇ ਕਿਸਾਨ ਸ਼ਮਸ਼ੇਰ ਸਿੰਘ ਅਤੇ ਕਈ ਹੋਰਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਸੀ ਜਿਸ ਖਿਲਾਫ਼ ਕਾਰਵਾਈ ਕਰਨ ਲਈ ਮੁੱਖ ਖੇਤੀਬਾੜੀ ਅਧਿਕਾਰੀ ਹਰਿੰਦਰਜੀਤ ਸਿੰਘ ਦੀ ਅਗਵਾਈ ਹੇਠ ਟੀਮ ਪਿੰਡ ਆਈ ਸੀ| ਵਿਭਾਗ ਦੀ ਟੀਮ ਨਾਲ ਸਥਾਨਕ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਮਨੋਜ ਕੁਮਾਰ ਵੀ ਪੁਲੀਸ ਫੋਰਸ ਨਾਲ ਆਏ ਸਨ| ਵਿਭਾਗ ਦੀ ਟੀਮ ਨੇ ਕਿਸਾਨਾਂ ਨੂੰ ਪਰਾਲੀ ਨੰ ਅੱਗ ਲਗਾਉਣ ਬਾਰੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵਲੋਂ ਲਗਾਈ ਪਾਬੰਦੀ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ’ਤੇ ਜੁਰਮਾਨੇ ਪਾਉਣ ਦੀਆਂ ਪਰਚੀਆਂ ਵੀ ਕੱਟ ਦਿੱਤੀਆਂ| ਇੰਨੇ ਨੂੰ ਇਸ ਬਾਰੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੂੰ ਸੂਚਨਾ ਮਿਲ ਗਈ ਤਾਂ ਜਥੇਬੰਦੀ ਦੇ ਆਗੂ ਸੁਖਵਿੰਦਰ ਸਿੰਘ ਦੁਗਲਵਾਲਾ, ਫਤਿਹ ਸਿੰਘ, ਸਰਮੁਖ ਸਿੰਘ, ਬਲਕਾਰ ਸਿੰਘ, ਰਾਜਾ ਸ਼ਹਾਬਪੁਰ ਆਦਿ ਨੇ ਵਿਭਾਗ ਦੇ ਅਧਿਕਾਰੀਆ ਅਤੇ ਪੁਲੀਸ ਦਾ ਘਿਰਾਓ ਕਰ ਲਿਆ| ਘੰਟਿਆਂ ਤੱਕ ਦੋਹਾਂ ਧਿਰਾਂ ਦਰਮਿਆਨ ਕਾਰਵਾਈ ਕਰਨ ਨੂੰ ਲੈ ਕੇ ਕਸ਼ਮਕਸ਼ ਚਲਦੀ ਰਹੀ| ਜਥਬੰਦੀ ਦੇ ਆਗੂ ਕਿਸਾਨਾਂ ਨੂੰ ਪਾਏ ਜੁਰਮਾਨਿਆਂ ਦੀਆਂ ਪਰਚੀਆਂ ਰੱਦ ਕਰਨ ਦੀ ਮੰਗ ’ਤੇ ਡਟ ਗਏ| ਆਖਰ ਸ਼ਾਮ ਨੂੰ ਅਧਿਕਾਰੀ ਕਿਸਾਨਾਂ ਨੂੰ ਪਾਏ ਜੁਰਮਾਨਿਆਂ ਦੀਆਂ ਪਰਚਿਆਂ ਰੱਦ ਕਰਨ ਲਈ ਸਹਿਮਤ ਹੋ ਗਏ ਜਿਸ ’ਤੇ ਜਥੇਬੰਦੀ ਨੇ ਅਧਿਕਾਰੀਆਂ ਦਾ ਘਿਰਾਓ ਖਤਮ ਕਰ ਦਿੱਤਾ ਗਿਆ|
INDIA ਖੇਤੀ ਅਫ਼ਸਰਾਂ ਨੇ ਪਰਾਲੀ ਦੇ ਜੁਰਮਾਨੇ ਦੀਆਂ ਪਰਚੀਆਂ ਪਾੜੀਆਂ