ਨਹੀਂ ਰਿਹਾ ਸਾਹਿਤਕ ਤੇ ਪੱਤਰਕਾਰੀ ਦਾ ਚੰਨ ਮਨਜੀਤ ਸਿੰਘ ਇਬਲੀਸ

ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਪ੍ਰਸਿੱਧ ਸਾਹਿਤਕਾਰ , ਕਵੀ ਤੇ ਪੱਤਰਕਾਰ ਮਨਜੀਤ ਸਿੰਘ ਇਬਲੀਸ ਵੀਰਵਾਰ ਬਾਅਦ ਦੁਪਹਿਰ ਨੂੰ ਅਚਾਨਕ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਸ੍ਰੀ ਇਬਲੀਸ ਦੇ ਇਸ ਅਚਾਨਕ ਵਿਛੋੜੇ ਤੇ ਨਾ ਸਿਰਫ ਉਨ੍ਹਾਂ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ।ਬਲਕਿ ਸਾਹਿਤਕ ,ਪੱਤਰਕਾਰਤਾ ਦੇ ਖੇਤਰ ਵਿੱਚ ਉਨ੍ਹਾਂ ਦੀ ਘਾਟ ਹਮੇਸ਼ਾਂ ਰੜਕਦੀ ਰਹੇਗੀ। ਮਨਜੀਤ ਸਿੰਘ ਇਬਲੀਸ ਪੱਤਰਕਾਰੀ ਜਗਤ ਵਿੱਚ ਚੰਨ ਵਾਂਗੂ ਚਮਕਦਾ ਸੀ।

ਜੋ ਹਮੇਸ਼ਾਂ ਲਈ ਅਲੋਪ ਹੋ ਗਿਆ ਹੈ। ਆਪਣੀ ਨਿਰਪੱਖ ਤੇ ਨਿਡਰਤਾ ਭਰੀ ਪੱਤਰਕਾਰੀ ਦੀ ਬਦੌਲਤ ਹੀ ਮਨਜੀਤ ਸਿੰਘ ਇਬਲੀਸ ਨੇ ਬਹੁਤ ਛੋਟੀ ਉਮਰੇ ਪੱਤਰਕਾਰੀ ਜਗਤ ਵਿਚ ਆਪਣੀ ਵੱਖਰੀ ਪਹਿਚਾਣ ਕਾਇਮ ਕਰ ਲਈ ਸੀ। ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਵਿਧਾਨ ਸਭਾ ਤੱਕ ਹਰ ਮੁੱਦੇ ਉੱਤੇ ਮਨਜੀਤ ਸਿੰਘ ਇਬਲੀਸ ਦੀ ਮਜ਼ਬੂਤ ਪਕੜ ਸੀ । ਧਰਨੇ ਪ੍ਰਦਰਸ਼ਨ ਹੋਣ ਕੋਈ ਕੁਦਰਤੀ ਕਰੋਪੀ ਹੋਵੇ ਜਾਂ ਕੋਈ ਵੱਡਾ ਹਾਦਸਾ, ਹਰ ਹਾਲਤ ਮਨਜੀਤ ਸਿੰਘ ਇਬਲੀਸ ਨੇ ਆਪਣੀ ਮਿਹਨਤ ਤੇ ਸ਼ਿੱਦਤ ਨਾਲ ਹਰ ਖ਼ਬਰ ਪੰਜਾਬ ਦੇ ਲੋਕਾਂ ਤੱਕ ਪਹੁੰਚਾਈ।

ਸਿਆਸਤਦਾਨ ਦੀ ਨਵਜ਼ ਬਾਖ਼ੂਬੀ ਸਮਝਣ ਵਾਲੇ ਪੱਤਰਕਾਰ ਮਨਜੀਤ ਸਿੰਘ ਇਬਲੀਸ ਦੇ ਤਿੱਖੇ ਸਾਵਲਾ ਤੋਂ ਅਕਸਰ ਹਰ ਪਾਰਟੀ ਦੇ ਸਿਆਸਤਦਾਨ ਬਚਦੇ ਵਿਖਾਈ ਦਿੰਦੇ ਸਨ।ਮਨਜੀਤ ਸਿੰਘ ਇਬਲੀਸ ਇਸ ਸਮੇਂ ਅਦਾਰਾ ‘ਪੰਜਾਬੀ ਜਾਗਰਣ’ ਦੇ ਸੀਨੀਅਰ ਸਬ ਐਡੀਟਰ ਦੇ ਤੌਰ ਤੇ ਸੇਵਾਵਾਂ ਦੇ ਰਹੇ ਸਨ। ਹਸਮੁੱਖ ਸੁਭਾਅ ਦਾ ਮਨਜੀਤ ਸਿੰਘ ਇਬਲੀਸ ਜੋ ਬਹੁਤ ਛੋਟੀ ਉਮਰੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਪਰ ਉਸ ਦੇ ਪੱਤਰਕਾਰੀ ਜਗਤ ਤੇ ਸਮਾਜ ਵਿੱਚ ਪਾਏ ਯੋਗਦਾਨ ਨੂੰ ਸਮਾਜ ਹਮੇਸ਼ਾਂ ਯਾਦ ਰੱਖੇਗਾ।

Previous articleਸੇਂਟ ਜੂਡਸ ਕਾਨਵੇਂਟ ਸਕੂਲ ਮਹਿਤਪੁਰ ਵਿਖੇ ਬੱਚਿਆਂ ਦਾ ਆਨਲਾਈਨ ਕੀਤਾ ਗਿਆ ਨਿੱਘਾ ਸਵਾਗਤ
Next articleਪ੍ਰਸ਼ਾਂਤ ਕਿਸ਼ੋਰ