ਹਾੜੀ ਦੀ ਮੁਖ ਫ਼ਸਲ ਕਣਕ ਵਿਚਲਾ ਨਦੀਨ ਗੁੱਲੀ-ਡੰਡਾ ਪੰਜਾਬ ਦੇ ਕਿਸਾਨਾਂ ਲਈ ਚੁਣੌਤੀ ਬਣ ਗਿਆ ਹੈ। ਇਸ ਨੂੰ ਕਣਕ ਵਿਚੋਂ ਖ਼ਤਮ ਕਰਨ ਲਈ ਭਾਵੇਂ ਵੱਖ ਵੱਖ ਕੰਪਨੀਆਂ ਨੇ ਚੰਗੇ ਨਦੀਨ ਨਾਸ਼ਕ ਦੇ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਪਰ ਹੁਣ ਦੋ ਸਾਲਾਂ ਤੋਂ ਗੁੱਲੀ-ਡੰਡੇ ਦੀ ਸਹਿਣ ਸ਼ਕਤੀ ਵਧਣ ਕਰਕੇ ਨਦੀਨ ਨਾਸ਼ਕ ਕਾਰਗਰ ਸਾਬਤ ਨਹੀਂ ਹੋ ਰਹੇ ਤੇ ਪੰਜਾਬ ਦੇ ਕਿਸਾਨ ਦੋ ਦੋ ਨਦੀਨ ਨਾਸ਼ਕ ਮਿਲਾ ਕਿ ਛਿੜਕਾਅ ਕਰਨ ਲੱਗੇ ਹਨ। ਆਮ ਤੌਰ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਣਕ ਦੀ ਫ਼ਸਲ ਵਿਚੋਂ ਗੁੱਲੀ ਡੰਡੇ ਦੇ ਖ਼ਾਤਮੇ ਲਈ ਟੋਪਿਕ ਜਾਂ ਲੀਡਰ ਦਵਾਈ ਦਾ ਛਿੜਕਾਅ ਕਰਨ ਦੀ ਸਿਫਾਰਸ਼ ਕਰਦੀ ਹੈ ਪਰ ਪੰਜਾਬ ਦੇ ਜ਼ਿਆਦਾਤਰ ਕਿਸਾਨ ਇਨ੍ਹਾਂ ਦਾ ਛਿੜਕਾਅ ਵੀ ਮਿਲਾ ਕੇ ਕਰਨ ਲੱਗੇ ਹਨ, ਫਿਰ ਵੀ ਨਤੀਜੇ ਉਤਸ਼ਾਹ ਵਧਾਊ ਨਜ਼ਰ ਨਹੀਂ ਆ ਰਹੇ। ਦੋ ਨਦੀਨ ਨਾਸ਼ਕ ਮਿਲਾ ਕੇ ਛਿੜਕਣ ਨਾਲ ਜਿਥੇ ਕਿਸਾਨਾਂ ਦਾ ਆਰਥਿਕ ਨੁਕਸਾਨ ਜ਼ਿਆਦਾ ਹੋ ਰਿਹਾ ਹੈ, ਉੱਥੇ ਜ਼ਮੀਨ ਦੀ ਸਿਹਤ ਨੂੰ ਵਿਗਾੜ ਰਹੀ ਹੈ। ਦੂਜੇ ਪਾਸੇ ਇਹਨੀਂ ਦਿਨੀਂ ਗੁੱਲੀ ਡੰਡੇ ਨੂੰ ਥੋੜ੍ਹਾ ਬਹੁਤਾ ਕੰਟਰੋਲ ਕਰਨ ਵਾਲੀ ਦਵਾਈ ਐਟਲਾਂਟਿਸ ਦੀ ਮੰਗ ਇਸ ਕਦਰ ਵਧ ਗਈ ਹੈ ਕਿ ਡੀਲਰਾਂ ਵੱਲੋਂ ਪਿਛਲੇ ਸਾਲ ਨਾਲੋਂ 200 ਰੁਪਏ ਪ੍ਰਤੀ ਏਕੜ ਮਹਿੰਗੀ ਵੇਚ ਕਿ ਕਿਸਾਨਾਂ ਨੂੰ ਵੱਢਿਆ ਜਾ ਰਿਹਾ ਹੈ। ਖੇਤੀਬਾੜੀ ਬਰਨਾਲਾ ਦੇ ਬਲਾਕ ਵਿਕਾਸ ਅਫ਼ਸਰ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਖੇਤੀਬਾੜੀਵਿਭਾਗ ਕਦੇ ਵੀ ਕਿਸਾਨਾਂ ਨੂੰ ਇਸ ਨਦੀਨ ਨਾਸ਼ਕ ਦੀ ਸਲਾਹ ਨਹੀਂ ਦਿੰਦਾ। ਉਨ੍ਹਾਂ ਮੰਨਿਆ ਕਿ ਗੁੱਲੀ ਡੰਡੇ ਦੀ ਸਹਿਣ ਸਕਤੀ ਵਧਣ ਕਰਕੇ ਪੁਰਾਣੇ ਨਦੀਨਨਾਸ਼ਕ ਪਹਿਲਾਂ ਜਿੰਨੇ ਕਾਰਗਰ ਸਾਬਤ ਨਹੀਂ ਹੋ ਰਹੇ ਪਰ ਫਿਰ ਵੀ ਕੁਝ ਕੰਪਨੀਆਂ ਦੇ ਨਦੀਨ ਨਾਸ਼ਕ ਠੀਕ ਕੰਮ ਕਰ ਰਹੇ ਹਨ।
INDIA ਖੇਤਾਂ ਵਿੱਚ ਗੁੱਲੀ-ਡੰਡਾ ਪਾ ਰਿਹੈ ਬਾਜ਼ੀਆਂ