ਆਈਏਐੱਸ ਸ਼ਾਹ ਫ਼ੈਸਲ ਵੱਲੋਂ ਅਸਤੀਫ਼ਾ

ਸਾਲ 2010 ਵਿਚ ਸਿਵਲ ਸੇਵਾਵਾਂ ਪ੍ਰੀਖਿਆ ਵਿਚ ਮੁਲਕ ਭਰ ਵਿਚੋਂ ਮੋਹਰੀ ਰਹਿਣ ਵਾਲੇ ਜੰਮੂ ਕਸ਼ਮੀਰ ਦੇ ਆਈਏਐੱਸ ਅਫ਼ਸਰ ਸ਼ਾਹ ਫ਼ੈਸਲ ਨੇ ਕਸ਼ਮੀਰ ਵਿਚ ਲਗਾਤਾਰ ਹੋ ਰਹੀਆਂ ਹੱਤਿਆਵਾਂ ਅਤੇ ਕੇਂਦਰ ਸਰਕਾਰ ਵੱਲੋਂ ਇਸ ਮਸਲੇ ਪ੍ਰਤੀ ਸੰਜੀਦਾ ਪਹੁੰਚ ਨਾ ਅਪਣਾਉਣ ਦੇ ਰੋਸ ਵਜੋਂ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਫੇਸਬੁੱਕ ਉੱਤੇ ਆਪਣੀ ਸੰਖੇਪ ਟਿੱਪਣੀ ਵਿਚ 35 ਸਾਲਾਂ ਸ਼ਾਹ ਫ਼ੈਸਲ ਨੇ ਲਿਖਿਆ ਕਿ ਉਸ ਵੱਲੋਂ ਇਹ ਅਸਤੀਫ਼ਾ ਹਿੰਦੂਤਵ ਤਾਕਤਾਂ ਵੱਲੋਂ ਲਗਪਗ 20 ਕਰੋੜ ਭਾਰਤੀ ਮੁਸਲਮਾਨਾਂ ਨੂੰ ਹਾਸ਼ੀਏ ’ਤੇ ਧੱਕਣ ਤੇ ਉਨ੍ਹਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਬਣਾਉਣ, ਸੂਬੇ ਦੀ ਵਿਸ਼ੇਸ਼ ਪਛਾਣ ’ਤੇ ਹਮਲਿਆਂ ਅਤੇ ਭਾਰਤ ਵਿਚ ਅਤਿ-ਰਾਸ਼ਟਰਵਾਦ ਦੇ ਨਾਂ ’ਤੇ ਵਧਦੇ ਅਸਹਿਣਸ਼ੀਲਤਾ ਅਤੇ ਨਫ਼ਰਤ ਦੇ ਸੱਭਿਆਚਾਰ ਖਿਲਾਫ਼ ਵੀ ਰੋਸ ਦਾ ਪ੍ਰਗਟਾਵਾ ਹੈ। ਹਾਲ ਹੀ ਵਿਚ ਵਿਦੇਸ਼ੀ ਟਰੇਨਿੰਗ ਤੋਂ ਪਰਤੇ ਤੇ ਪੋਸਟਿੰਗ ਦਾ ਇੰਤਜ਼ਾਰ ਕਰ ਰਹੇ ਫ਼ੈਸਲ ਨੇ ਕਿਹਾ ਕਿ ਉਨ੍ਹਾਂ ਕਸ਼ਮੀਰ ਵਿਚ ਲਗਾਤਾਰ ਹੋ ਰਹੀਆਂ ਹੱਤਿਆਵਾਂ ਅਤੇ ਕੇਂਦਰ ਸਰਕਾਰ ਵੱਲੋਂ ਇਸ ਮਸਲੇ ਪ੍ਰਤੀ ਸੰਜੀਦਾ ਪਹੁੰਚ ਨਾ ਅਪਣਾਉਣ ਦੇ ਰੋਸ ਵਜੋਂ ਭਾਰਤੀ ਪ੍ਰਸ਼ਾਸਕੀ ਸੇਵਾ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ।
ਬਿਨਾਂ ਕਿਸੇ ਦਾ ਨਾਂ ਲਿਆਂ ਫ਼ੈਸਲ ਨੇ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ, ‘ਆਰਬੀਆਈ, ਸੀਬੀਆਈ ਅਤੇ ਐੱਨਆਈਏ ਜਿਹੀਆਂ ਜਨਤਕ ਸੰਸਥਾਵਾਂ ਨੂੰ ਨੁਕਸਾਨ ਪੁੱਜਣ ਨਾਲ ਦੇਸ਼ ਦੇ ਸੰਵਿਧਾਨਕ ਢਾਂਚੇ ਨੂੰ ਸੱਟ ਵੱਜ ਸਕਦੀ ਹੈ ਅਤੇ ਇਸ ਨੂੰ ਰੋਕਣ ਦੀ ਲੋੜ ਹੈ।’ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਸ ਮੁਲਕ ਵਿਚ ਸੱਚੀਆਂ ਆਵਾਜ਼ਾਂ ਨੂੰ ਜ਼ਿਆਦਾ ਦੇਰ ਦਬਾਇਆ ਨਹੀਂ ਜਾ ਸਕਦਾ ਅਤੇ ਜੇਕਰ ਅਸੀਂ ਸੱਚੇ ਲੋਕਤੰਤਰ ਵਿਚ ਜਿਊਣਾ ਚਾਹੁੰਦੇ ਹਾਂ ਤਾਂ ਸਾਨੂੁੰ ਅਜਿਹੇ ਰੁਝਾਨ ਨੂੰ ਰੋਕਣਾ ਪਵੇਗਾ।
ਫ਼ੈਸਲ ਨੇ ਆਈਏਐੱਸ ਦੇ ਇਸ ਵਿਲੱਖਣ ਸਫ਼ਰ ਵਿਚ ਸਾਥ ਦੇਣ ਲਈ ਆਪਣੇ ਪਰਿਵਾਰ, ਦੋਸਤਾਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ। ਫ਼ੈਸਲ ਦੇ ਅਸਤੀਫ਼ੇ ਦੀ ਖਬਰ ਸੋਸ਼ਲ ਮੀਡੀਆ ’ਤੇ ਆਉਣ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਨੇ ਰਾਜਸੀ ਮੰਚ ’ਤੇ ਫ਼ੈਸਲ ਦਾ ਸਵਾਗਤ ਕੀਤਾ। ਫ਼ੈਸਲ ਵੱਲੋਂ ਨੈਸ਼ਨਲ ਕਾਨਫਰੰਸ ਵਿਚ ਸ਼ਾਮਲ ਹੋਣ ਬਾਰੇ ਸੋਸ਼ਲ ਮੀਡੀਆ ’ਤੇ ਨਸ਼ਰ ਹੋਈਆਂ ਪੋਸਟਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਸਿਰਫ ਆਈਏਐੱਸ ਅਫਸਰ ਦਾ ਰਾਜਨੀਤੀ ਵਿਚ ਸੁਆਗਤ ਕੀਤਾ ਹੈ। ਆਪਣੀਆਂ ਭਵਿੱਖੀ ਯੋਜਨਾਵਾਂ ਦਾ ਐਲਾਨ ਉਨ੍ਹਾਂ ਵੱਲੋਂ ਖੁਦ ਕੀਤਾ ਜਾਣਾ ਹੈ।

Previous articleReal Madrid roll to 3-0 victory over Leganes in Copa del Rey
Next articleਖੇਤਾਂ ਵਿੱਚ ਗੁੱਲੀ-ਡੰਡਾ ਪਾ ਰਿਹੈ ਬਾਜ਼ੀਆਂ