ਚਮਕੌਰ ਸਾਹਿਬ, (ਸਮਾਜਵੀਕਲੀ) : ਇੱਕ ਪਾਸੇ ਤਾਂ ਫਿੱਟ ਇੰਡੀਆ ਦੇ ਨਾਅਰੇ ਨਾਲ ਕੇਂਦਰ ਅਤੇ ਪੰਜਾਬ ਸਰਕਾਰ ਖੇਡ ਹਿਤੈਸ਼ੀ ਹੋਣ ਦੇ ਦਾਅਵੇ ਕਰਦੀਆਂ ਹਨ, ਦੂਜੇ ਪਾਸੇ ਸਰਕਾਰਾਂ ਵੱਲੋਂ ਖਿਡਾਰੀਆਂ ਨੂੰ ਖੱਜਲ-ਖੁਆਰ ਕਰਨ ਲਈ ਪੱਤਰ ਜਾਰੀ ਕੀਤੇ ਜਾ ਰਹੇ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਖੇਡ ਪ੍ਰਮੋਟਰ ਨਰਿੰਦਰ ਸਿੰਘ ਕੰਗ ਨੇ ਇੱਥੇ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਦੇ ਖੇਡ ਵਿਭਾਗ ਦੇ ਡਾਇਰੈਕਟਰ ਨੇ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਹਰ ਇੱਕ ਖਿਡਾਰੀ ਨੂੰ ਫੀਲਡ ਟੈਸਟ ਦੀ ਸੀਡੀ ਬਣਾ ਕੇ ਤੇ ਫੀਲਡ ਟੈਸਟ ਜ਼ਿਲ੍ਹਾ ਖੇਡ ਅਫਸਰ ਆਪਣੀ ਹਾਜ਼ਰੀ ਵਿੱਚ ਲਵੇ ਤੇ ਓਲੰਪਿਕ ਐਸੋਸੀਏਸ਼ਨ ਦੀ ਮਾਨਤਾ ਪ੍ਰਾਪਤ ਖੇਡ ਐਸੋਸ਼ੀਏਸ਼ਨ ਦਾ ਸਰਟੀਫਿਕੇਟ ਜਾਂਚ ਮਗਰੋਂ ਨਾਲ ਨੱਥੀ ਕਰਨਾ, ਐਸੋਸੀਏਸ਼ਨ ਦੀ ਕਿਸੇ ਵੀ ਗਲਤੀ ਲਈ ਨਿਰੋਲ ਜ਼ਿੰਮੇਵਾਰੀ ਤੇ ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਕਨੂੰਨੀ ਕਾਰਵਾਈ ਦੇ ਹੁਕਮ, ਖਿਡਾਰੀਆਂ ਦੀ ਹੋਰ ਪ੍ਰੇਸ਼ਾਨੀ ਦਾ ਸਬਬ ਬਣੇਗਾ।
ਸ੍ਰੀ ਕੰਗ ਨੇ ਕਿਹਾ ਕਿ ਖੇਡ ਵਿਭਾਗ ਦੇ ਨਵੇਂ ਪੱਤਰ ਨੇ ਖਿਡਾਰੀਆਂ ਲਈ ਹੋਰ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ। ਖਿਡਾਰੀਆਂ ਨੂੰ ਖੇਡ ਗਰੇਡੇਸ਼ਨ ਸਰਟੀਫਿਕੇਟ ਲਈ ਖੱਜਲ ਹੋਣਾ ਪਵੇਗਾ। ਉਨ੍ਹਾਂ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਤੇ ਖੇਡ ਡਾਇਰੈਕਟਰ ਨੂੰ ਅਪੀਲ ਕੀਤੀ ਕਿ ਇਸ ਪ੍ਰਕਿਰਿਆ ਨੂੰ ਸਰਲ ਬਣਾਇਆ ਜਾਵੇ ਤਾਂ ਜੋ ਖੇਡ ਮੈਦਾਨਾਂ ਵਿੱਚ ਥੱਕ-ਟੁੱਟ ਕੇ ਖਿਡਾਰੀ ਦਫ਼ਤਰਾਂ ਵਿੱਚ ਖੱਜਲ-ਖੁਆਰ ਹੋਣ ਤੋਂ ਬਚ ਸਕਣ।