ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪਿੰਡ ਮਾਨਾ ਤਲਵੰਡੀ ਬਲਾਕ ਨਡਾਲਾ ਜ਼ਿਲ੍ਹਾ ਕਪੂਰਥਲਾ ਦੀ ਗੁਰਮੀਤ ਕੌਰ ਪਿਛਲੇ 20-25 ਸਾਲਾਂ ਤੋਂ ਖੁਦ ਖੇਤੀ ਕਰ ਰਹੀ ਹੈ । ਗੁਰਮੀਤ ਕੌਰ ਬਹੁਤ ਹੀ ਅਗਾਂਹਵਧੂ ਸੋਚ ਦੀ ਮਾਲਕ ਹੈ ਉਨ੍ਹਾਂ ਦੀ ਮਾਲਕੀ ਜ਼ਮੀਨ 10 ਏਕੜ ਹੈ ।ਮੁੱਖ ਤੌਰ ਤੇ ਉਹ ਕਣਕ ਝੋਨੇ ਦੀ ਖੇਤੀ ਕਰਦੇ ਹਨ ।ਖੇਤੀਬਾੜੀ ਵਿਭਾਗ ਨਡਾਲਾ ਦੀ ਟੀਮ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਬੇਟੇ ਨੇ ਦੱਸਿਆ ਕਿ ਕਣਕ ਦੀ ਬਿਜਾਈ ਕਰਨ ਵੇਲੇ ਉਹਨਾਂ ਦੇ ਮਾਤਾ ਗੁਰਮੀਤ ਕੌਰ ਟਰੈਕਟਰ ਚਲਾਉਂਦੇ ਹਨ ਅਤੇ ਉਹ ਅਤੇ ਉਨ੍ਹਾਂ ਦੇ ਪਿਤਾ ਜੀ ਕਣਕ ਦੇ ਬੀਜ ਅਤੇ ਖਾਦ ਦਾ ਛੱਟਾ ਦਿੰਦੇ ਹਨ ।
ਗੁਰਮੀਤ ਕੌਰ ਦੇ ਪਰਿਵਾਰ ਨੇ 10-12 ਮੱਝਾਂ ਰੱਖੀਆਂ ਹਨ ਅਤੇ ਉਨ੍ਹਾਂ ਦਾ ਦੁੱਧ ਵੇਰਕਾ ਡੇਅਰੀ ਨੂੰ ਪਾਇਆ ਜਾਂਦਾ ਹੈ ।ਰੋਜ਼ਾਨਾ ਦਾ ਦੁੱਧ 10 ਤੋਂ 15 ਕਿੱਲੋ ਅਤੇ ਗਰਮੀਆਂ ਦੇ ਵਿੱਚ 20-22 ਕਿੱਲੋ ਤੱਕ ਪਹੁੰਚ ਜਾਂਦਾ ਹੈ । ਉਨ੍ਹਾਂ ਨੇ ਘਰੇਲੂ ਬਗੀਚੀ ਦੇ ਵਿਚ ਘਰ ਖਾਣ ਵਾਲੀਆਂ ਸਬਜ਼ੀਆਂ ਅਤੇ ਫਲਦਾਰ ਬੂਟੇ ਲਗਾਏ ਹੋਏ ਹਨ ।ਸੋ ਸਾਨੂੰ ਕਿਸਾਨੀ ਨੂੰ ਹੋਰ ਲਾਹੇਵੰਦ ਬਣਾਉਣ ਵਾਸਤੇ ਕਿਸਾਨ ਬੀਬੀਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਅਤੇ ਸਾਨੂੰ ਸਹਾਇਕ ਧੰਦੇ ਡੇਅਰੀ, ਮੁਰਗੀ ਪਾਲਣ, ਬੱਕਰੀ ਪਾਲਣ ਅਤੇ ਪੋਲਟਰੀ ਆਦਿ ਨੂੰ ਅਪਨਾਉਣਾ ਚਾਹੀਦਾ ਹੈ ।