ਖਾਸਾ ਰੇਲਵੇ ਸਟੇਸ਼ਨ ਤੋਂ ਛੇਤੀ ਸ਼ੁਰੂ ਹੋਵੇਗੀ ਮਾਲ ਦੀ ਢੋਆ-ਢੁਆਈ

ਅਟਾਰੀ (ਸਮਾਜ ਵੀਕਲੀ) : ਅੰਮ੍ਰਿਤਸਰ-ਅਟਾਰੀ ਰੇਲ ਮਾਰਗ ’ਤੇ ਸਥਿਤ ਖਾਸਾ ਰੇਲਵੇ ਸਟੇਸ਼ਨ ਹੁਣ ਨਵੀਂ ਦਿੱਖ ਵਿੱਚ ਦਿਖਾਈ ਦੇਵੇਗਾ ਜਿਸ ਸਬੰਧੀ ਜ਼ੋਰਾਂ ’ਤੇ ਚੱਲ ਰਹੇ ਕੰਮ ਨੂੰ ਹੁਣ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਜਲਦੀ ਹੀ ਮਾਲ ਦੀ ਢੋਆ-ਢੁਆਈ ਦਾ ਕੰਮ ਛੇਹਰਟਾ ਤੋਂ ਖਾਸਾ ’ਚ ਤਬਦੀਲ ਹੋ ਜਾਵੇਗਾ ਜਦੋਂ ਕਿ ਛੇਹਰਟਾ ਵਿੱਚ ਵਾਸ਼ਿੰਗ ਲਾਈਨ ਬਣ ਰਹੀ ਹੈ। ਖਾਸਾ ਵਿੱਚ ਦੋ ਨਵੇਂ ਟਰੈਕ ਬਣਾਏ ਗਏ ਹਨ। ਇਸ ਤੋਂ ਪਹਿਲਾਂ ਵੀ ਇੱਥੇ ਦੋ ਰੇਲਵੇ ਟਰੈਕ ਸਨ। ਅੰਮ੍ਰਿਤਸਰ, ਛੇਹਰਟਾ ਤੇ ਭਗਤਾਂਵਾਲਾ ਦੇ ਮਾਲ ਦੀ ਢੋਆ-ਢੁਆਈ ਖਾਸਾ ਰੇਲਵੇ ਸਟੇਸ਼ਨ ਵਿੱਚ ਹੋਵੇਗੀ।

ਖਾਸਾ ਰੇਲਵੇ ਸਟੇਸ਼ਨ ਵਿੱਚ ਹੁਣ ਅਗਸਤ ਦੇ ਪਹਿਲੇ ਹਫਤੇ ਮਾਲ ਦੀ ਢੋਆ-ਢੁਆਈ ਸ਼ੁਰੂ ਹੋਣ ਦੀ ਸੰਭਾਵਨਾ ਹੈ। ਮਾਲ ਦੀ ਢੋਆ-ਢੁਆਈ ਸ਼ੁਰੂ ਹੋਣ ਨਾਲ ਖਾਸਾ ਰੇਲਵੇ ਸਟੇਸ਼ਨ ਨੂੰ 15 ਤੋਂ 25 ਕਰੋੜ ਤੱਕ ਦਾ ਮਾਲੀਆ ਇਕੱਠਾ ਹੋਣ ਦੀ ਆਸ ਹੈ। ਇੱਥੇ ਪੈਨਲ ਇੰਟਰਲੌਕਿੰਗ ਹੋ ਚੁੱਕੀ ਹੈ। ਬੱਤੀ ਵਾਲੇ ਸਿਗਨਲ ਹੋਣਗੇ ਅਤੇ ਆਉਣ ਵਾਲੇ ਸਮੇਂ ਰੇਲਵੇ ਲਾਈਨ ਦਾ ਬਿਜਲੀਕਰਨ ਵੀ ਹੋ ਸਕਦਾ ਹੈ।

ਖਾਸਾ ਰੇਲਵੇ ਸਟੇਸ਼ਨ ਦਾ ਮੁੱਖ ਦੁਆਰ ਬਣ ਚੁੱਕਾ ਹੈ ਅਤੇ ਇਸ ਨਾਲ ਪੈਨਲ ਰੂਮ ਵੀ ਤਿਆਰ ਹੋ ਚੁੱਕੇ ਹਨ। ਇੱਥੇ ਪੈਨਲ ਰੂਮ ਵਿੱਚ ਟਿਕਟ ਖਿੜਕੀ ਬਣਾਈ ਗਈ ਹੈ ਅਤੇ ਨਾਲ ਹੀ ਇੱਕ ਸਿਗਨਲ ਤੇ ਟੈਲੀਕਾਮ ਰੂਮ ਵੀ ਬਣਾਇਆ ਗਿਆ ਹੈ। ਖਾਸਾ ਰੇਲਵੇ ਸਟੇਸ਼ਨ ਵਿੱਚ ਨਵੀਂ ਇਮਾਰਤ ਤਿਆਰ ਹੋ ਚੁੱਕੀ ਹੈ ਅਤੇ ਸਟੇਸ਼ਨ ਮਾਸਟਰ ਦਾ ਦਫ਼ਤਰ ਨਵੀਂ ਇਮਾਰਤ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਇਸ ਮਗਰੋਂ ਰੇਲਵੇ ਸਟੇਸ਼ਨ ਦੀ ਵਿਰਾਸਤੀ ਇਮਾਰਤ ਢਾਹ ਦਿੱਤੀ ਜਾਵੇਗੀ। ਨਵੀਂ ਰੇਲਵੇ ਲਾਈਨ ਵਿਛਾਈ ਗਈ ਹੈ। ਨਵੀਂ ਰੇਲਵੇ ਲਾਈਨ ਦੇ ਨਾਲ 15 ਮੀਟਰ ਖੁੱਲ੍ਹੀ ਥਾਂ ਛੱਡੀ ਗਈ ਹੈ ਜਿੱਥੇ ਵੈਗਨਾਂ ਵਿੱਚ ਮਾਲ ਦੀ ਢੋਆ-ਢੁਆਈ ਦਾ ਕੰਮ ਹੋਵੇਗਾ। ਇੱਥੇ ਨਵੇਂ ਪਲੇਟਫਾਰਮ ਦੀ ਹੱਦਬੰਦੀ ਲਈ ਦੀਵਾਰ ਬਣਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਵਪਾਰੀਆਂ ਅਤੇ ਮਜ਼ਦੂਰਾਂ ਲਈ ਆਰਾਮ ਘਰ ਵੀ ਬਣਾਇਆ ਜਾਵੇਗਾ।

Previous articleਡੇਰਾ ਸਮਰਥਕ ਵੀਰਪਾਲ ਕੌਰ ਖ਼ਿਲਾਫ਼ ਐੱਸਐੱਸਪੀ ਨੂੰ ਸ਼ਿਕਾਇਤ
Next articleਮਜੀਠਾ ਦੇ ਪਿੰਡ ਮਜਵਿੰਡ ਨਜ਼ਦੀਕ ਮੰਦਰ ਦੇ ਪੁਜਾਰੀ ਦੀ ਹੱਤਿਆ; ਹਮਲੇ ’ਚ ਪਤਨੀ ਤੇ ਨੌਕਰ ਜ਼ਖ਼ਮੀ