ਖਾਲੀ ਬੋਤਲਾਂ

(ਸਮਾਜ ਵੀਕਲੀ)

” ਓਏ ! ਕੀ ਚੁੱਕ ਰਿਹਾਂ ਤੂੰ ?” ਰੇਲਗੱਡੀ ਦੀ ਸੀਟ ਹੇਠਾਂ ਹੱਥ ਮਾਰਦਿਆਂ ਇੱਕ 13-14 ਸਾਲ ਦੇ ਬੱਚੇ ਨੂੰ ਲਾਲਾ ਜੀ ਨੇ ਝਿੜਕਦਿਆਂ ਕਿਹਾ।

” ਕੁੱਝ ਨੀ ਅਕੰਲ ਜੀ, ਕੁੱਝ ਨੀ ! ਮੈਂ ਤਾਂ ਪਲਾਸਟਿਕ ਦੀਆਂ ਖਾਲੀ ਬੋਤਲਾਂ ਚੁੱਕ ਰਿਹਾ ਹਾਂ ਜੀ “। ਪਾਟੇ ਤੇ ਮੈਲੇ ਜਿਹੇ ਕੱਪੜੇ ਪਾਏ ਹੋਏ ਬੱਚੇ ਨੇ ਡਰਦਿਆਂ ਡਰਦਿਆਂ ਜਵਾਬ ਦਿੱਤਾ।

” ਇਹੋ ਜਿਹੇ ਬੱਚੇ ਹੀ ਰੇਲਗੱਡੀਆਂ ਵਿੱਚੋਂ ਬੈਗ ਬੂਗ ਚੋਰੀ ਕਰਦੇ ਨੇ “। ਲਾਲਾ ਜੀ ਦੇ ਸਾਹਮਣੇ ਵਾਲੀ ਸੀਟ ਤੇ ਬੈਠੀ ਅੰਟੀ ਨੇ ਆਪਣਾ ਧਿਆਨ ਮੋਬਾਇਲ ਤੋਂ ਹਟਾਉਦਿਆਂ ਕਿਹਾ।

” ਨਹੀਂ ਅੰਟੀ ਜੀ ਮੈਂ ਇਹੋ ਜਿਹਾ ਨਹੀਂ ਹਾਂ! ਮੈਂ ਤਾਂ ਸਿਰਫ ਪਲਾਸਟਿਕ ਇੱਕਠਾ ਕਰਦਾ ਹਾਂ ਤੇ ਇਸ ਨੂੰ ਵੇਚ ਕੇ ਰੋਤੀ ਖਾਮਗਾਂ ਤੇ ਮੌਜਾਂ ਨਾਲ ਸੋ ਜਾਵਾਂਗਾ।” ਬੱਚੇ ਨੇ ਤੋਤਲੀ ਜਿਹੀ ਅਵਾਜ਼ ਵਿੱਚ ਬੋਤਲਾਂ ਨਾਲ ਭਰੇ ਹੋਏ ਬੋਰੇ ਵੱਲ ਵੇਖਦਿਆਂ ਖੁਸ਼ੀ ਨਾਲ ਬੋਲਿਆ।

” ਜਾਣਦੀ ਹਾਂ ਮੈਂ ਤੇਰੇ ਵਰਗੇ ਨਿਆਣਿਆਂ ਨੂੰ, ਰੋਟੀ ਦੇ ਬਹਾਨੇ ਪੈਸੇ ਇੱਕਠੇ ਕਰ ਸ਼ਾਮ ਨੂੰ ਸ਼ਰਾਬ ਪੀ ਧੁੱਤ ਹੋ ਸਟੇਸ਼ਨਾਂ ਤੇ ਲਿਟਦੇ ਰਹਿੰਦੇ ਹੋ………..” । ਅੰਟੀ ਇੱਕੋ ਹੀ ਸਾਹ ਵਿੱਚ ਪਤਾ ਨਹੀਂ ਕੀ ਕੁੱਝ ਬੋਲ ਗਈ।

” ਨਾਲੇ ਸਰਕਾਰ ਨੇ ਤਾਂ ਪਲਾਸਟਿਕ ਬੰਦ ਕਰ ਰੱਖਿਆ ਤੇ ਭਾਲਦਾ ਫਿਰਦਾ ਪਲਾਸਟਿਕ ਦੀਆਂ ਬੋਤਲਾਂ। ਮੈਂ ਬਣਾਉਣਾ ਇਸਦੀ ਵਿਡੀਓ ਨਾਲੇ ਦਿੰਦਾ ਹਾਂ ਰੇਲਵੇ ਪੁਲਿਸ ਨੂੰ ਉਹ ਕਰੂ ..………….” ਲਾਲਾ ਜੀ ਨੇ ਆਪਣੇ ਮੋਬਾਇਲ ਤੇ ਵੀਡਿਓ ਬਣਾਉਂਦੇ ਬਣਾਉਂਦੇ ਬੋਲੀ ਜਾ ਰਹੇ ਸਨ।

ਮੈਂ ਵੀ ਰੇਲਗੱਡੀ ਵਿੱਚ ਸੀ ਤੇ ਮੈਂ ਕਦੇ ਉਸ ਬੱਚੇ ਦੇ ਮੂੰਹ ਵੱਲ ਵੇਖ ਰਿਹਾ ਸੀ ( ਜਿਸ ਤੋਂ ਉਹ ਮੈਨੂੰ ਮੰਦਬੁੱਧੀ ਵਾਲਾ ਲੱਗ ਰਿਹਾ ਸੀ )ਤੇ ਕਦੇ ਉਸ ਦੇ ਪਲਾਸਟਿਕ ਵਾਲਿਆਂ ਬੋਤਲਾਂ ਨਾਲ ਭਰੇ ਬੋਰੇ ਵੱਲ ਜਿਸ ਨੂੰ ਵੇਚ ਕੇ ਉਹ ਰੋਟੀ ਖਾ ਤੇ ਨੀਂਦ ਪੂਰੀ ਕਰਨ ਦੀਆਂ ਗੱਲਾਂ ਕਰਦਾ ਸੀ। ਮੈਂ ਹੈਰਾਨ ਸੀ ਇਹੋ ਜਿਹੇ ਉਹਨਾਂ ਲੋਕਾਂ ਦੀ ਸੋਚ ਤੇ ਜ਼ੋ ਬਿਨਾਂ ਹਲਾਤ ਸਮਝਿਆ ਆਪਣੇ ਵਿਚਾਰ ਪੇਸ਼ ਕਰਨ ਲੱਗ ਜਾਂਦੇ ਹਨ।
ਪਰ ਉਹ ਬੱਚਾ ਰੇਲ ਗੱਡੀਆਂ ਦੀਆਂ ਸਵਾਰੀਆਂ ਦੀਆਂ ਇਹਨਾਂ ਗੱਲਾਂ ਤੋਂ ਅਣਜਾਣ ਹੋ ਰੇਲ ਗੱਡੀ ਡੱਬੇ ਵਿੱਚੋਂ ਪਲਾਸਟਿਕ ਦੀਆਂ ਖਾਲੀ ਬੋਤਲਾਂ ਇੱਕਠੀਆਂ ਕਰਦਾ ਰਿਹਾ। ਐਨੇ ਨੂੰ ਸਟੇਸ਼ਨ ਆ ਗਿਆ ਉਸ ਨੇ ਆਪਣਾ ਬੋਰਾ ਸਟੇਸ਼ਨ ਦੇ ਬਾਹਰ ਪੁੱਲ ਕੋਲ ਬਣੀ ਝੁੱਗੀ ਝੌਂਪੜੀ ਕੋਲ ਸਿੱਟ ਦਿੱਤਾ।

ਉਸ ਦਾ ਪਿਓ ਜੋ ਅਪੰਗ ਸੀ ਉਸ ਨੇ ਔਖੇ ਸੋਖੇ ਹੋ ਬੋਰੇ ਨੂੰ ਲਾਇਨਾਂ ਤੋਂ ਪਰੇ ਕਰ ਲਿਆ। ਕੁੱਝ ਸਮੇਂ ਬਾਅਦ ਸਟੇਸ਼ਨ ਆ ਗਿਆ , ਰੇਲਗੱਡੀ ਨੇ ਵੀ ਇੱਥੇ ਹੀ ਰੁੱਕਣਾ ਸੀ ਅੱਗੇ ਨਹੀਂ ਜਾਣਾ ਸੀ। ਮੈਂ ਵੀ ਰੇਲਗੱਡੀ ਵਿੱਚੋਂ ਉਤਰ ਆਪਣਾ ਮੋਟਰਸਾਈਕਲ ਚੁੱਕ ਬਜ਼ਾਰ ਵੱਲ ਕਿਸੇ ਪਾਰਟੀ ਤੇ ਚਲਾ ਗਿਆ।

ਮੈਂ ਲਗਭਗ ਅੱਧੀ ਰਾਤ ਨੂੰ ਘਰ ਵਾਪਸ ਮੁੜਿਆ ਤਾਂ ਰਸਤੇ ਵਿੱਚ ਵੇਖਿਆ ਕਿ ਓਹੀ ਰੇਲਗੱਡੀ ਵਾਲਾ ਬੱਚਾ ਆਪਣੇ ਮਾਤਾ ਨਾ ਨਾਲ ਝੁੱਗੀ ਝੌਂਪੜੀ ਦੇ ਬਾਹਰ ਪੁੱਲ ਦੇ ਹੇਠਾਂ ਖੁੱਲੇ ਅਸਮਾਨ ਹੇਠਾਂ ਸੁੱਤਾ ਪਿਆ ਸੀ, ਮੇਰੇ ਮਨ ਵਿੱਚ ਖਿਆਲ ਆਇਆ ਕਿ ਰੱਬਾ ਉਹਨਾਂ ਲੋਕਾਂ ਦੀ ਸੋਚ ਬਦਲ ਜੋ ਸਾਰੇ ਲੋਕਾਂ ਨੂੰ ਚੋਰ ਸਮਝਦੇ ਨੇ ਤੇ ਇਕ ਸਰਕਾਰ ਪਲਾਸਟਿਕ ਬੰਦ ਨਾ ਹੀ ਕਰੇ ਤਾਂ ਚੰਗਾ ਹੈ । ਨਹੀਂ ਤਾਂ ਬੁਹਤੇ ਲੋਕਾਂ ਦੀ ਰੋਜ਼ੀ ਰੋਟੀ ਹੀ ਮੁੱਕ ਜਾਣੀ ਹੈ। ਉਸ ਬੱਚੇ ਤੇ ਉਸ ਦੇ ਪਰਿਵਾਰ ਨੂੰ ਵੇਖ ਮੇਰੇ ਮਨ ਦੀ ਕੁੱਲਝਣ ਖਤਮ ਹੋ ਗਈ ।

ਅਸਿਸਟੈਂਟ ਪ੍ਰੋਫੈਸਰ ਗੁਰਮੀਤ ਸਿੰਘ
ਸਰਕਾਰੀ ਕਾਲਜ ਮਾਲੇਰਕੋਟਲਾ
9417545100

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‌ ‘ਕਰੋ ਪੂਰੇ ਚਾਅ’
Next articleਹੱਸ ਕੇ