ਅੰਮ੍ਰਿਤਸਰ (ਸਮਾਜਵੀਕਲੀ) : ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਨੌਜਵਾਨਾਂ ਵੱਲੋਂ ਲਾਏ ਜਾਂਦੇ ਖਾਲਿਸਤਾਨ ਪੱਖੀ ਨਾਅਰਿਆਂ ਅਤੇ ਖਾਲਿਸਤਾਨ ਦੀ ਮੰਗ ਨੂੰ ਜਾਇਜ਼ ਠਹਿਰਾਇਆ ਹੈ। ਇਹ ਪ੍ਰਗਟਾਵਾ ਉਨ੍ਹਾਂ ਸਾਕਾ ਨੀਲਾ ਤਾਰਾ ਦੀ ਬਰਸੀ ਸਬੰਧੀ ਸਮਾਗਮ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਕੀਤਾ। ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ’ਚ ਪੱਤਰਕਾਰਾਂ ਵੱਲੋਂ ਪੁੱਛੇ ਗੲੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਜੇਕਰ ਸਿੱਖਾਂ ਨੂੰ ਖਾਲਿਸਤਾਨ ਮਿਲਦਾ ਹੈ ਤਾਂ ਇਸ ਨਾਲੋਂ ਚੰਗਾ ਕੀ ਹੋਵੇਗਾ, ‘ਅੰਨ੍ਹਾ ਕੀ ਚਾਹੇ ਦੋ ਅੱਖਾਂ’।
ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਵੀ ਇਸ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਆਖਿਆ ਕਿ ਹਰ ਸਿੱਖ ਦੀ ਇਹੀ ਮੰਗ ਹੈ। ਸਿੱਖ ਨੌਜਵਾਨਾਂ ਵੱਲੋਂ ਲਾਏ ਜਾਂਦੇ ਖਾਲਿਸਤਾਨ ਪੱਖੀ ਨਾਅਰਿਆਂ ਬਾਰੇ ਉਨ੍ਹਾਂ ਆਖਿਆ ਕਿ ਸਮਾਗਮ ਦੌਰਾਨ ਇਹ ਨਹੀਂ ਲਾਏ ਜਾਣੇ ਚਾਹੀਦੇ ਹਨ। ‘ਇਸ ਨਾਲ ਸਮਾਗਮ ਵਿਚ ਵਿਘਨ ਪੈਂਦਾ ਹੈ ਪਰ ਜੇਕਰ ਇਹ ਨਾਅਰੇ ਸਮਾਗਮ ਤੋਂ ਬਾਅਦ ਲਾਏ ਜਾਂਦੇ ਹਨ ਤਾਂ ਇਹ ਨੌਜਵਾਨਾਂ ਦੇ ਜੋਸ਼ ਦਾ ਪ੍ਰਤੀਕ ਹੈ।’
ਸਾਕਾ ਨੀਲਾ ਤਾਰਾ ਬਾਰੇ ਇਕ ਪੁਖ਼ਤਾ ਦਸਤਾਵੇਜ਼ ਤਿਆਰ ਕਰਨ ਦੀ ਗੱਲ ਕਰਦਿਆਂ ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਆਖਿਆ ਕਿ ਉਹ ਸਿੱਖ ਵਿਦਵਾਨਾਂ ਦਾ ਇਕ ਪੈਨਲ ਤਿਆਰ ਕਰੇ, ਜੋ ਇਸ ਸਬੰਧੀ ਦਸਤਾਵੇਜ਼ ਤਿਆਰ ਕਰੇ, ਜਿਸ ਵਿਚ ਉਨ੍ਹਾਂ ਵਿਅਕਤੀਆਂ ਦੇ ਬਿਆਨ ਵੀ ਸ਼ਾਮਲ ਹੋਣ, ਜਿਨ੍ਹਾਂ ਨੇ ਇਸ ਫ਼ੌਜੀ ਹਮਲੇ ਨੂੰ ਹੰਢਾਇਆ ਹੈ। ‘ਦਸਤਾਵੇਜ਼ ਤਿਆਰ ਹੋਣ ਮਗਰੋਂ ਇਸ ਨੂੰ ਵੱਖ ਵੱਖ ਭਾਸ਼ਾਵਾਂ ਵਿਚ ਤਿਆਰ ਕੀਤਾ ਜਾਵੇ ਤਾਂ ਜੋ ਇਹ ਆਉਣ ਵਾਲੀ ਪੀੜ੍ਹੀ ਲਈ ਇਕ ਯਾਦਗਾਰ ਬਣੇ।’
ਉਨ੍ਹਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਨੂੰ ਜਿਉਂਦਾ ਰੱਖਣ ਵਾਸਤੇ ਵੀ ਇਸ ਦਸਤਾਵੇਜ਼ ਨੂੰ ਮੱਦਦਗਾਰ ਦੱਸਿਆ।ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਕ ਸਵਾਲ ਦੇ ਜਵਾਬ ਵਿਚ ਆਖਿਆ ਕਿ ਸਾਕਾ ਨੀਲਾ ਤਾਰਾ ਸਮੇਂ ਹੋਏ ਨੁਕਸਾਨ ਦੀ ਭਰਪਾਈ ਦੇ ਮੁਆਵਜ਼ੇ ਵਜੋਂ ਕੀਤੇ ਗਏ ਸੌ ਕਰੋੜ ਮੁਆਵਜ਼ੇ ਦੇ ਕੇਸ ਵਿਚ ਗੱਲ ਨੂੰ ਅਗਾਂਹ ਤੋਰਨ ਲਈ ਯਤਨ ਕੀਤਾ ਜਾਵੇਗਾ। ਵੇਰਵਿਆਂ ਮੁਤਾਬਕ ਇਸ ਸਬੰਧ ਵਿਚ ਅਦਾਲਤ ਵੱਲੋਂ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੋਵਾਂ ਧਿਰਾਂ ਨੂੰ ਗੱਲਬਾਤ ਨਾਲ ਮਸਲਾ ਹੱਲ ਕਰਨ ਲਈ ਆਖਿਆ ਗਿਆ ਹੈ।