ਬਠਿੰਡਾ ਸੰਸਦੀ ਹਲਕੇ ਤੋਂ ਐਤਕੀਂ ਚੋਣ ਪਿੜ ਵਿੱਚ ਧਨਾਢਾਂ ਖ਼ਿਲਾਫ਼ ਦੋ ਵਿਧਵਾਵਾਂ ਵੀਰਪਾਲ ਕੌਰ ਰੱਲਾ (40) ਤੇ ਮਨਜੀਤ ਕੌਰ ਖਿਆਲਾ (52) ਡਟਣਗੀਆਂ, ਜਿਨ੍ਹਾਂ ਨੇ ਖੇਤੀ ਸੰਕਟ ਦੇ ਚਲਦਿਆਂ ਆਪਣੇ ਪਰਿਵਾਰਕ ਜੀਅ ਗੁਆਏ ਹਨ। ਦੋਵੇਂ ਔਰਤਾਂ ਭਲਕੇ ਕਾਗ਼ਜ਼ ਦਾਖ਼ਲ ਕਰਨਗੀਆਂ ਜਿਨ੍ਹਾਂ ’ਚੋਂ ਇੱਕ ਕਵਰਿੰਗ ਉਮੀਦਵਾਰ ਹੋਵੇਗੀ। ਕਿਸਾਨ ਮਜ਼ਦੂਰ ਖੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਦੀ ਕਨਵੀਨਰ ਕਿਰਨਜੀਤ ਕੌਰ ਝੁਨੀਰ ਮੁਤਾਬਕ ਸਿਆਸੀ ਧਿਰਾਂ ਦੇ ਚਿਹਰੇ ਨੰਗੇ ਕਰਨ ਲਈ ਵਿਧਵਾਵਾਂ ਨੂੰ ਮੈਦਾਨ ਵਿਚ ਉੱਤਰਨਾ ਪਿਆ ਹੈ। ਕਿਸੇ ਧਿਰ ਨੇ ਇਨ੍ਹਾਂ ਪੀੜਤਾਂ ਲਈ ਕੁਝ ਨਹੀਂ ਕੀਤਾ। ਦੋਵਾਂ ਉਮੀਦਵਾਰਾਂ ਦਾ ਚੋਣ ਪ੍ਰਚਾਰ ਆਟੋ ਰਿਕਸ਼ਾ ’ਤੇ ਚੱਲੇਗਾ। ਵੀਰਪਾਲ ਕੌਰ ਨੇ ਖੇਤਾਂ ਤੋਂ ਤਿੰਨ ਤਿੰਨ ਕਮਾਊ ਜੀਅ ਵਾਰੇ ਹਨ। ਖੇਤੀ ਕਰਜ਼ੇ ਵਿੱਚ ਇਸ ਮਹਿਲਾ ਨੇ ਪਤੀ ਗੁਆਇਆ। ਕਰਜ਼ੇ ਦੀ ਦਾਬ ਨਾ ਝੱਲਦਾ ਪਿਤਾ ਖੁਦਕੁਸ਼ੀ ਕਰ ਗਿਆ। ਸਹੁਰਾ ਵੀ ਇਸੇ ਰਾਹ ਚਲਾ ਗਿਆ। ਜਦੋਂ ਪਤੀ ਧਰਮਵੀਰ ਵੀ ਜੀਵਨ ਨੂੰ ਅਲਵਿਦਾ ਆਖ ਗਿਆ ਤਾਂ ਉਹ ਵਸਦੀ ਉੱਜੜ ਗਈ। ਵੀਰਪਾਲ ਕੌਰ ਬੱਚਿਆਂ ਨੂੰ ਲੈ ਕੇ ਮੁੜ ਆਪਣੇ ਪੇਕੇ ਪਿੰਡ ਰੱਲਾ ਆ ਗਈ। ਸਮੁੱਚਾ ਰੱਲਾ ਪਿੰਡ ਹੁਣ ਉਸ ਨੂੰ ਆਪਣੀ ਧੀ ਮੰਨਦਾ ਹੈ। ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਦੁੱਖ ਕੀ ਹੁੰਦੇ ਹਨ, ਵੀਰਪਾਲ ਤੋਂ ਵੱਧ ਕੋਈ ਨਹੀਂ ਜਾਣਦਾ। ਬਠਿੰਡਾ ਹਲਕੇ ਤੋਂ ਹੁਣ ਵੀਰਪਾਲ ਕੌਰ ਚੋਣ ਲੜੇਗੀ। ਹੋਰ ਕੋਈ ਚਾਰਾ ਵੀ ਨਹੀਂ ਬਚਿਆ। ਕਿਸੇ ਐਨਆਰਆਈ ਨੇ ਪੜ੍ਹਾਉਣ ਲਈ ਬੱਚੇ ਅਡਾਪਟ ਕੀਤੇ ਹਨ। ਪਿੰਡ ਆਪਣੀ ਇਸ ਧੀ ਨੂੰ ਜੋ ਵੀ ਦਸਵੰਧ ਦਿੰਦਾ ਹੈ, ਉਸ ਨਾਲ ਇਹ ਵਿਧਵਾ ਆਪਣਾ ਤੋਰਾ ਤੋਰਦੀ ਹੈ। ਉਹ ਦੱਸਦੀ ਹੈ ਕਿ ਤਿੰਨ ਜੀਅ ਗੁਆ ਲਏ, ਕੋਈ ਸਰਕਾਰੀ ਮਦਦ ਨਹੀਂ ਮਿਲੀ। ਡੇਢ ਦਹਾਕੇ ਤੋਂ ਹਰ ਧਰਨੇ ਮੁਜ਼ਾਹਰੇ ਵੀ ਗਈ। ਵਿਧਾਇਕਾਂ ਤੇ ਹੋਰ ਲੀਡਰਾਂ ਨੂੰ ਮਿਲੀ। ਵੱਡੇ ਵੱਡੇ ਅਫਸਰਾਂ ਨੂੰ ਮਿਲੀ। ਸਿਵਾਏ ਲਾਰਿਆਂ ਤੇ ਧਰਵਾਸ ਤੋਂ ਕੁਝ ਪੱਲੇ ਨਹੀਂ ਪਿਆ। ਵੀਰਪਾਲ ਕੌਰ ਹੁਣ ਕਿਸਾਨ ਮਜ਼ਦੂਰ ਖੁਦਕੁਸ਼ੀ ਪੀੜਤ ਪਰਿਵਾਰਾਂ ਦੀ ਤਰਫ਼ੋਂ ਚੋਣ ਮੈਦਾਨ ਵਿੱਚ ਡਟੇਗੀ ਤਾਂ ਜੋ ਦੁਖੀ ਪਰਿਵਾਰਾਂ ਦੀ ਆਵਾਜ਼ ਉਠਾਈ ਜਾ ਸਕੇ। ਪੰਜਾਬ ਦੇ ਸਿਆਸੀ ਮੈਦਾਨ ਵਿੱਚ ਇਹ ਨਿਵੇਕਲੀ ਪਹਿਲ ਹੈ ਕਿ ਖੁਦਕੁਸ਼ੀ ਪੀੜਤਾਂ ਦੀ ਧਿਰ ਤਰਫ਼ੋਂ ਕੋਈ ਵਿਧਵਾ ਮੈਦਾਨ ਵਿੱਚ ਨਿੱਤਰ ਰਹੀ ਹੈ। ਕਿਸਾਨ ਮਜ਼ਦੂਰ ਖੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਨੇ ਇਹ ਉਪਰਾਲਾ ਕੀਤਾ ਹੈ। ਤਾਮਿਲਨਾਡੂ ਦੇ 111 ਕਿਸਾਨਾਂ ਨੇ ਵਾਰਾਨਸੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਡਟਣ ਦਾ ਐਲਾਨ ਕੀਤਾ ਹੈ। ਉਸੇ ਤਰਜ਼ ’ਤੇ ਇਨ੍ਹਾਂ ਵਿਧਵਾਵਾਂ ਨੇ ਫੈਸਲਾ ਕੀਤਾ ਹੈ। ਮਾਨਸਾ ਦੇ ਪਿੰਡ ਖਿਆਲਾ ਕਲਾਂ ਦੀ ਵਿਧਵਾ ਮਨਜੀਤ ਕੌਰ ਦਾ ਪਤੀ ਸੁਖਦੇਵ ਸਿੰਘ ਕਰੀਬ 8 ਸਾਲ ਪਹਿਲਾਂ ਖੁਦਕੁਸ਼ੀ ਕਰ ਗਿਆ ਸੀ। ਕੋਈ ਸਰਕਾਰੀ ਮੁਆਵਜ਼ਾ ਨਹੀਂ ਮਿਲਿਆ। ਹਰ ਧਰਨੇ ਮੁਜ਼ਾਹਰੇ ਵਿੱਚ ਗਈ। ਸਿਆਸੀ ਆਗੂਆਂ ਤੇ ਸਰਕਾਰੀ ਅਫਸਰਾਂ ਦੇ ਬੂਹੇ ਵੀ ਖੜਕਾਏ, ਪਰ ਕਿਸੇ ਨੇ ਬਾਂਹ ਨਾ ਫੜੀ। ਮਨਜੀਤ ਕੌਰ ਵੀ ਬਠਿੰਡਾ ਹਲਕੇ ਦੇ ਪਿੜ ਵਿਚ ਡਟੇਗੀ। ਵਿਧਵਾ ਵੀਰਪਾਲ ਕੌਰ ਤੇ ਮਨਜੀਤ ਕੌਰ ਵੱਲੋਂ ਭਲਕੇ ਬਠਿੰਡਾ ਵਿੱਚ ਆਪੋ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣੇ ਹਨ। ਬਠਿੰਡਾ ਮਾਨਸਾ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ।
INDIA ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੀ ਆਵਾਜ਼ ਬਣਨਗੀਆਂ ਦੋ ਵਿਧਵਾਵਾਂ