ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਅਤੇ ਬਠਿੰਡਾ ਹਲਕੇ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਅੱਜ ਪੰਜਾਬ ਦੀ ਕੈਪਟਨ ਸਰਕਾਰ ਦੀ ਦੋ ਸਾਲਾਂ ਦੀ ਕਾਰਗੁਜ਼ਾਰੀ ਵਿਰੁੱਧ ਚਾਰਸ਼ੀਟ ਜਾਰੀ ਕਰਦਿਆਂ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਕੱਲ੍ਹ ਮੀਡੀਆ ਸਾਹਮਣੇ ਕੀਤੇ ਵੱਡੇ ਦਾਅਵੇ ਝੂਠ ਦਾ ਪੁਲੰਦਾ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਨੇ ਆਪਣੇ ਦੋ ਸਾਲ ਦੇ ਕੁਸ਼ਾਸਨ ਨੂੰ ਲੋਕਾਂ ਸਾਹਮਣੇ ਜਾਇਜ਼ ਠਹਿਰਾਉਣ ਲਈ ਝੂਠ ਬੋਲਣ ਅਤੇ ਸ਼ਬਦਾਂ ਤੇ ਅੰਕੜਿਆਂ ਦਾ ਹੇਰ-ਫੇਰ ਕਰਨ ਦੀ ਕਲਾ ਆਪਣੇ ਦੋਸਤਾਨਾ ਭਾਈਵਾਲ ਬਾਦਲਾਂ ਕੋਲੋਂ ਸਿੱਖੀ ਜਾਪਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਬਾਹਰੋਂ ਤਾਂ ਭਾਵੇ ਲੋਕਤੰਤਰਿਕ ਸਰਕਾਰ ਦਿਖਾਈ ਦਿੰਦੀ ਹੈ ਪਰ ਹਕੀਕਤ ਤੌਰ ’ਤੇ ਸਰਕਾਰ ਨੂੰ ਅਫ਼ਸਰਾਂ ਦੀ ਇੱਕ ਛੋਟੀ ਜਿਹੀ ਜੁੰਡਲੀ ਚਲਾ ਰਹੀ ਹੈ। ਆਪਣੇ ਤਾਨਾਸ਼ਾਹੀ ਵਤੀਰੇ ਕਾਰਨ ਕੈਪਟਨ ਆਪਣੇ ਚੁਣੇ ਹੋਏ ਨੁਮਾਇੰਦਿਆਂ ਦੀ ਥਾਂ ਅਫ਼ਸਰਾਂ ਉੱਪਰ ਨਿਰਭਰ ਰਹਿੰਦੇ ਹਨ। ਕੈਪਟਨ ਦੇ ਆਪਣੇ ਵਿਭਾਗਾਂ ਦੇ ਕੰਮ ਵੀ ਅਫਸਰਸ਼ਾਹੀ ਉੱਪਰ ਹੀ ਨਿਰਭਰ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਢਾਈ ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾਰ ਹੇਠ ਹੈ ਪਰ ਇਸ ਦੇ ਬਾਵਜੂਦ ਕੈਪਟਨ ਆਪਣੇ ਸੱਜਣਾਂ ਮਿੱਤਰਾਂ ਨੂੰ ਖੁਸ਼ ਕਰਨ ਲਈ ਸਲਾਹਕਾਰਾਂ ਅਤੇ ਓਐੱਸਡੀਜ਼ ਦੀ ਫੌਜ ਨਿਯੁਕਤ ਕਰਕੇ ਉਨ੍ਹਾਂ ਨੂੰ ਮੰਤਰੀਆਂ ਦੇ ਰੁਤਬੇ ਨਾਲ ਨਿਵਾਜ਼ ਰਹੇ ਹਨ। ਇਸ ਤੋਂ ਇਲਾਵਾ ਕਾਂਗਰਸੀ ਆਗੂਆਂ ਦੇ ਲਾਮ ਲਸ਼ਕਰ ਅਤੇ ਸੁਰੱਖਿਆ ਦਸਤੇ ਸਰਕਾਰੀ ਖਜ਼ਾਨੇ ਉੱਪਰ ਵੱਡਾ ਬੋਝ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਸ਼ਿਮਲਾ ਦੀਆਂ ਪਹਾੜੀਆਂ ਅਤੇ ਦਿੱਲੀ ਤੇ ਲੰਡਨ ਵਰਗੇ ਆਰਾਮਦਾਇਕ ਸਥਾਨਾਂ ਉੱਪਰ ਪਾਰਟੀਆਂ ਕਰ ਰਹੇ ਹਨ ਜਦਕਿ ਪੰਜਾਬ ਦੇ ਗੰਭੀਰ ਮੁੱਦਿਆਂ ਵਾਸਤੇ ਉਨ੍ਹਾਂ ਕੋਲ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਉਮੀਦਾਂ ਨੂੰ ਖਤਮ ਕਰ ਦਿੱਤਾ ਹੈ, ਜਿਸ ਕਾਰਨ ਖੁਦਕੁਸ਼ੀਆਂ ਵਿੱਚ ਵਾਧਾ ਹੋਇਆ ਹੈ। ਗੁਟਕਾ ਸਾਹਿਬ ਮੱਥੇ ਨੂੰ ਲਗਾ ਕੇ ਚਾਰ ਹਫ਼ਤਿਆਂ ਵਿੱਚ ਨਸ਼ੇ ਖਤਮ ਕਰਨ ਦੀ ਸਹੁੰ ਖਾਣ ਵਾਲੇ ਕੈਪਟਨ ਅਤੇ ਬਾਦਲਾਂ ਦੀ ਸੋਚ ਵਿੱਚ ਰਤਾ ਭਰ ਵੀ ਫਰਕ ਨਹੀਂ ਹੈ ਅਤੇ ਦੋਵਾਂ ਨੇ ਹੀ ਹਜ਼ਾਰਾਂ ਛੋਟੇ ਨਸ਼ੇੜੀਆਂ ਨੂੰ ਫੜ ਕੇ ਜੇਲ੍ਹਾਂ ਭਰ ਦਿੱਤੀਆਂ ਪਰ ਡਰੱਗ ਮਾਫੀਆ ਸੂਬੇ ਵਿੱਚ ਜਿਉਂ ਦਾ ਤਿਉਂ ਕਾਇਮ ਹੈ। ਕੈਪਟਨ ਨੇ ਬਿਕਰਮ ਮਜੀਠੀਆ ਦੇ ਖ਼ਿਲਾਫ਼ ਜਾਣ ਬੁੱਝ ਕੇ ਕੋਈ ਜਾਂਚ ਨਹੀਂ ਕਰਵਾਈ। ਉਨ੍ਹਾਂ ਕਿਹਾ ਕਿ ਹਰ ਘਰ ਨੌਕਰੀ ਦੇਣ ਦੇ ਵਾਅਦੇ ਨੂੰ ਲਾਗੂ ਕਰਨ ਵਿੱਚ ਕੈਪਟਨ ਸਰਕਾਰ ਬੁਰੀ ਤਰਾਂ ਫੇਲ੍ਹ ਹੋ ਗਈ ਹੈ। ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ‘ਨੌਕਰੀ ਮੇਲਿਆਂ’ ਦਾ ਡਰਾਮਾ ਕੀਤਾ ਜਾ ਰਿਹਾ ਹੈ ਜਦਕਿ ਹਰੇਕ ਵਰਗਾਂ ਦੇ ਮੁਲਾਜ਼ਮਾਂ ਸਮੇਤ ਡਾਕਟਰਾਂ, ਅਧਿਆਪਕਾਂ, ਵੈਟਨਰੀ ਡਾਕਟਰਾਂ, ਖੇਤੀਬਾੜੀ ਇੰਸਪੈਕਟਰਾਂ ਆਦਿ ਹਜ਼ਾਰਾਂ ਅਸਾਮੀਆਂ ਸਰਕਾਰੀ ਵਿਭਾਗਾਂ ਵਿਚ ਖਾਲ੍ਹੀ ਹਨ ਪਰ ਸਰਕਾਰ ਨੌਕਰੀਆਂ ਦੇਣ ਤੋਂ ਭੱਜ ਗਈ ਹੈ। ਮੁਲਾਜ਼ਮਾਂ ਦਾ 15 ਫੀਸਦ ਡੀਏ ਦੱਬ ਲਿਆ ਹੈ ਅਤੇ ਤਨਖਾਹ ਕਮਿਸ਼ਨ ਵੀ ਖੂਹਖਾਤੇ ਪਾ ਦਿੱਤਾ ਹੈ। ਸੂਬੇ ਦਾ 22 ਲੱਖ ਨੌਜਵਾਨ ਬੇਰੁਜ਼ਗਾਰ ਹੈ। ਸ੍ਰੀ ਖਹਿਰਾ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਦਾ ਪੂਰਾ ਬੋਲਬਾਲਾ ਹੈ, ਜਿਸ ਦੀ ਮਿਸਾਲ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਇਕ ਘੁਟਾਲੇ ਵਿੱਚ ਨਾਮ ਆਉਣਾ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕੈਪਟਨ ਅਤੇ ਬਾਦਲ ਆਪਸ ਵਿੱਚ ਰਲੇ ਹੋਏ ਹਨ। ਜਿਥੇ ਬਾਦਲਾਂ ਨੇ ਆਪਣੇ ਰਾਜ ਦੇ ਬਿਲਕੁਲ ਆਖਿਰ ਵਿੱਚ ਆ ਕੇ ਕੈਪਟਨ ਵਿਰੁੱਧ ਚਲਦੇ ਲੁਧਿਆਣਾ ਸਿਟੀ ਸੈਂਟਰ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਮਾਮਲਿਆਂ ਵਿਚੋਂ ਉਨ੍ਹਾਂ ਨੂੰ ਕਲੀਨ ਚਿੱਟਾਂ ਦਿੱਤੀਆ ਹਨ, ਉਥੇ ਹੁਣ ਕੈਪਟਨ ਵੀ ਬਾਦਲ ਪਰਿਵਾਰ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਜਾਂਚ ਕਰਵਾਉਣ ਤੋਂ ਭੱਜ ਗਏ ਹਨ। ਜਿਸ ਕਾਰਨ ਜੂਨੀਅਰ ਬਾਦਲ ਦਾ ਵਪਾਰ ਕਾਂਗਰਸ ਦੇ ਰਾਜ ਵਿਚ ਵੀ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ ਮਾਫੀਆ ਨੂੰ ਕਾਬੂ ਕਰਨ ਵਿੱਚ ਕੈਪਟਨ ਬੁਰੀ ਤਰ੍ਹਾਂ ਫੇਲ੍ਹ ਰਹੇ ਹਨ। ਮੰਤਰੀ ਰਾਣਾ ਗੁਰਜੀਤ ਸਿੰਘ ਦੇ ਮਾਈਨਿੰਗ ਸਕੈਂਡਲ ਵਿੱਚ ਸ਼ਮੂਲੀਅਤ ਸਾਹਮਣੇ ਆਉਣ ਦੇ ਬਾਵਜੂਦ ਕੈਪਟਨ ਨੇ ਉਸ ਨੂੰ ਬਚਾਉਣ ਦੀ ਕੋਈ ਵੀ ਕਸਰ ਨਹੀਂ ਛੱਡੀ ਸੀ। ਇਸੇ ਤਰ੍ਹਾਂ ਸਰਕਾਰ ਨੇ ਦਲਿਤ ਭਾਈਚਾਰੇ ਨਾਲ ਕੀਤੇ ਵਾਅਦੇ ਵੀ ਪੂਰੇ ਨਹੀਂ ਕੀਤੇ।
INDIA ਖਹਿਰਾ ਨੇ ਕੈਪਟਨ ਸਰਕਾਰ ਵਿਰੁੱਧ ਜਾਰੀ ਕੀਤੀ ਚਾਰਜਸ਼ੀਟ