ਖਰੜ ਪੁਲੀਸ ਮੁਕਾਬਲੇ ’ਚ ਪੰਜ ਗੈਂਗਸਟਰ ਗ੍ਰਿਫ਼ਤਾਰ

ਖਰੜ/ਮੁਹਾਲੀ (ਸਮਾਜ ਵੀਕਲੀ) :  ਖਰੜ ਦੀ ਸਨੀ ਐਨਕਲੇਵ ਵਿੱਚ ਅਮਨ ਹੋਮਜ਼ ਨਾਂ ਦੀ ਇੱਕ ਸੁਸਾਇਟੀ ’ਚ ਰਹਿ ਰਹੇ ਗੈਂਗਸਟਰਾਂ ਅਤੇ ਪੁਲੀਸ ਵਿਚਾਲੇ ਅੱਜ ਹੋਏ ਮੁਕਾਬਲੇ ਦੌਰਾਨ ਜੌਹਨ ਬੁੱਟਰ ਨਾਂ ਦਾ ਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ ਅਤੇ ਉਸ ਦੇ ਚਾਰ ਸਾਥੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਏ ਹਨ।

ਜਾਣਕਾਰੀ ਅਨੁਸਾਰ ਇਹ ਗੈਂਗਸਟਰ ਕੁਝ ਦਿਨਾਂ ਤੋਂ ਇਸ ਸੁਸਾਇਟੀ ਦੇ ਫਲੈਟ ਨੰਬਰ 6019-ਏ ਦੀ ਪਹਿਲੀ ਮੰਜ਼ਲ ’ਤੇ ਕਿਰਾਏ ’ਤੇ ਰਹਿ ਰਹੇ ਸਨ। ਅੱਜ ਜਦੋਂ ਉੱਥੇ ਪੁਲੀਸ ਪਹੁੰਚੀ ਤਾਂ ਉਨ੍ਹਾਂ ਦਾ ਆਪਸ ’ਚ ਮੁਕਾਬਲਾ ਹੋਇਆ। ਇਸ ਦੌਰਾਨ ਜੌਹਨ ਬੁੱਟਰ ਦੇ ਲੱਤ ’ਚ ਗੋਲੀ ਲੱਗਣ ਕਾਰਨ ਉਸ ਨੂੰ ਖਰੜ ਦੇ ਸਿਵਲ ਹਸਪਤਾਲ ਲਿਜਾਂਦਾ ਗਿਆ ਤੇ ਉਸ ਦੇ ਬਾਕੀ ਚਾਰ ਸਾਥੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਏ।

ਇਸ ਸਬੰਧੀ ਮੌਕੇ ’ਤੇ ਮੌਜੂਦ ਏਆਈਜੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਆਰਗੇਨਾਈਜ਼ ਕ੍ਰਾਈਮ ਕੰਟਰੋਲ ਯੂਨਿਟ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ 2012 ਵਿੱਚ ਅਦਾਲਤ ਵੱਲੋਂ ਭਗੌੜਾ ਐਲਾਨਿਆ ਗਿਆ ਜੌਹਨ ਬੁੱਟਰ ਨਾਂ ਦਾ ਗੈਂਗਸਟਰ ਇੱਥੇ ਇੱਕ ਫਲੈਟ ਵਿੱਚ ਰਹਿ ਰਿਹਾ ਹੈ। ਇਸ ਮਗਰੋਂ ਖਰੜ, ਮੁਹਾਲੀ ਅਤੇ ਜਗਰਾਉਂ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਯੋਜਨਾ ਬਣਾਈ ਗਈ। ਯੋਜਨਾ ਤਹਿਤ ਪੁਲੀਸ ਨੇ ਮੌਕੇ ’ਤੇ ਜਾ ਕੇ ਦਰਵਾਜ਼ਾ ਖੜਕਾਇਆ ਤਾਂ ਕੋਈ ਬਾਹਰ ਨਹੀਂ ਨਿਕਲਿਆ।

ਜਦੋਂ ਪੁਲੀਸ ਦਰਵਾਜ਼ਾ ਤੋੜ ਕੇ ਅੰਦਰ ਜਾਣ ਲੱਗੀ ਤਾਂ ਅੰਦਰੋਂ ਉਨ੍ਹਾਂ ਨੇ ਫਾਇਰ ਕਰ ਦਿੱਤਾ। ਪੁਲੀਸ ਨੇ ਵੀ ਸਵੈ-ਰੱਖਿਆ ਲਈ ਫਾਇਰ ਕੀਤੇ। ਇਸ ਦੌਰਾਨ ਇਕ ਗੋਲੀ ਜੌਹਨ ਬੁੱਟਰ ਦੀ ਲੱਤ ਵਿੱਚ ਲੱਗੀ, ਜਿਸ ਨੂੰ ਬਾਅਦ ਵਿੱਚ ਹਸਪਤਾਲ ਲਿਜਾਇਆ ਗਿਆ। ਪੁਲੀਸ ਵੱਲੋਂ ਕੀਤੀ ਗਈ ਘੇਰਾਬੰਦੀ ਦੌਰਾਨ ਉਸ ਦੇ ਚਾਰ ਸਾਥੀ ਵੀ ਗ੍ਰਿਫ਼ਤਾਰ ਕਰ ਲਏ ਗਏ। ਇਸ ਦੌਰਾਨ ਉਨ੍ਹਾਂ ਦੇ ਫਲੈਟ ’ਚੋਂ 6 ਪਿਸਤੌਲ ਅਤੇ ਕੁਝ ਕਾਰਤੂਸ ਬਰਾਮਦ ਹੋਏ ਹਨ।

ਫਲੈਟ ਦੇ ਮਾਲਕ ਬਜ਼ੁਰਗ ਹਰਚਰਨ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਫਲੈਟ 11 ਜੁਲਾਈ ਨੂੰ ਕਿਸੇ ਡੀਲਰ ਰਾਹੀਂ ਕਿਰਾਏ ’ਤੇ ਦਿੱਤਾ ਸੀ। ਡੀਲਰ ਨੇ ਉਸ ਨੂੰ ਦੱਸਿਆ ਸੀ ਕਿ ਇਹ ਗੱਡੀਆਂ ਖਰੀਦਣ-ਵੇਚਣ ਦਾ ਕੰਮ ਕਰਦੇ ਹਨ। ਫਲੈਟ ਮਾਲਕ ਨੇ ਇਨ੍ਹਾਂ ਦੀ ਵੈਰੀਫਿਕੇਸ਼ਨ ਲਈ ਕੁਝ ਕਾਗ਼ਜ਼ਾਤ ਪੁਲੀਸ ਨੂੰ ਦਿੱਤੇ ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਕਾਗਜ਼ਾਤ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹਨ। ਮੁਹਾਲੀ ਦੇ ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ ਤੇ ਡੀਐੱਸਪੀ (ਡੀ) ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਗੈਂਗਸਟਰ ਨਵਦੀਪ ਸਿੰਘ ਨਵੀ ਉਰਫ ਜੌਹਨ ਬੁੱਟਰ ਪਿੰਡ ਬੁੱਟਰ ਕਲਾਂ (ਮੋਗਾ) ਦਾ ਰਹਿਣ ਵਾਲਾ ਹੈ।

ਇਸ ਤੋਂ ਇਲਾਵਾ ਬਾਕੀ ਚਾਰ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਅਤੇ ਅਮਰੀਕ ਸਿੰਘ ਦੋਵੇਂ ਵਾਸੀ ਸਮਰਾਲਾ (ਲੁਧਿਆਣਾ) ਤੇ ਕੁਲਵਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਦੋਵੇਂ ਵਾਸੀ ਬੁੱਟਰ ਕਲਾਂ (ਮੋਗਾ) ਵਜੋਂ ਹੋਈ ਹੈ। ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਮਨੋਹਰ ਸਿੰਘ ਨੇ ਦੱਸਿਆ ਕਿ ਗੈਂਗਸਟਰ ਨੂੰ ਮੁੱਢਲੀ ਸਹਾਇਤਾ ਦੇ ਕੇ ਪੀਜੀਆਈ ਭੇਜ ਦਿੱਤਾ ਗਿਆ ਹੈ।

Previous articleਅਮਰੀਕਾ ਵੱਲੋਂ 33,593 ਭਾਰਤੀਆਂ ਨੂੰ ਡਿਪੋਰਟ ਕਰਨ ਦੀ ਤਿਆਰੀ
Next articleਮ੍ਰਿਤਕ ਦੇਹਾਂ ਬਦਲਣ ਮਾਮਲੇ ’ਚ ਜਾਂਚ ਕਮਿਸ਼ਨ ਗਠਿਤ ਕਰਨ ਤੋਂ ਨਾਂਹ