ਪਿਯੂਸ਼ ਗੋਇਲ ਦੀ ਬਰਨਾਲਾ ਫੇਰੀ ਮੌਕੇ ਕਿਸਾਨਾਂ ਵੱਲੋਂ ਵਿਰੋਧ

ਬਰਨਾਲਾ (ਸਮਾਜ ਵੀਕਲੀ):  ਕੇਂਦਰੀ ਮੰਤਰੀ ਪਿਯੂਸ਼ ਗੋਇਲ ਵੱਲੋਂ ਬਰਨਾਲਾ ਹਲਕੇ ਤੋਂ ਭਾਜਪਾ ਉਮੀਦਵਾਰ ਧੀਰਜ ਦੱਦਾਹੂਰ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਹਿੱਤ ਬਰਨਾਲਾ ਪਹੁੰਚਣ ਦੀ ਸੂਚਨਾ ਮਿਲਦਿਆਂ ਹੀ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਭਰਵੀਂ ਗਿਣਤੀ ’ਚ ਇਕੱਤਰ ਹੋਏ ਕਿਸਾਨ ਮਰਦ-ਔਰਤਾਂ ਨੇ ਜ਼ੋਰਦਾਰ ਵਿਰੋਧ ਕੀਤਾ। ਕਿਸਾਨ ਜਥੇਬੰਦੀਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਜੈ ਕਿਸਾਨ ਅੰਦੋਲਨ ਤੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਸਥਾਨਕ ਆਈਟੀਆਈ ਚੌਕ ਵਿੱਚ ਵਿਰੋਧ ਕਰਦਿਆਂ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ ਤੇ ‘ਕੇਂਦਰੀ ਮੰਤਰੀ ਪਿਯੂਸ਼ ਗੋ ਬੈਕ’ ਦੇ ਨਾਅਰੇ ਲਾਏ ਗਏ।

ਕਿਸਾਨ ਆਗੂਆਂ ਨੇ ਕਿਹਾ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ 378 ਦਿਨ ਲਗਾਤਾਰ ਚੱਲੇ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ 750 ਕਿਸਾਨਾਂ ਦੀ ਮੌਤ ਦੀ ਜ਼ਿੰਮੇਵਾਰ ਮੋਦੀ ਹਕੂਮਤ ਸਿੱਖ ਆਗੂਆਂ ਰਾਹੀਂ ਪੰਜਾਬ ਅੰਦਰ ਘੁਸਪੈਠ ਕਰ ਰਹੀ ਹੈ। ਅਜਿਹਾ ਕਰ ਕੇ ਮੋਦੀ ਹਕੂਮਤ ਉਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੀ ਹੈ।

ਬੁਲਾਰਿਆਂ ਨੇ ਕਿਹਾ ਕਿ ਮੋਦੀ ਹਕੂਮਤ ਕੋਲ ਵੋਟਾਂ ਦੀ ਫ਼ਸਲ ਵੱਢਣ ਦਾ ਖੁੱਲ੍ਹਾ ਸਮਾਂ ਹੈ, ਪਰ 9 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਨਾਲ ਕੀਤੇ ਵਾਅਦੇ ਨੂੰ ਲਾਗੂ ਕਰਨ ਲਈ ਸਮਾਂ ਨਹੀਂ ਹੈ। ਇਸ ਲਈ ਭਾਜਪਾ ਉਮੀਦਵਾਰਾਂ ਤੇ ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਆ ਰਹੇ ਕੇਂਦਰੀ ਮੰਤਰੀਆਂ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ।

ਸਖ਼ਤ ਪੁਲੀਸ ਨਾਕਾਬੰਦੀ ਕਰ ਕੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ

ਭਾਜਪਾ ਉਮੀਦਵਾਰ ਦੀ ਹਮਾਇਤ ਕਰਨ ਲਈ ਪੁੱਜੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਦੇ ਸਥਾਨਕ ਆਈਟੀਆਈ ਚੌਕ ਵਿੱਚੋਂ ਲੰਘਣ ਮੌਕੇ ਕਿਸਾਨਾਂ ਨੇ ਪੁਲੀਸ ਦੀਆਂ ਰੋਕਾਂ ਤੋੜ ਕੇ ਸ਼ਹਿਰ ਵੱਲ ਮਾਰਚ ਕੀਤਾ। ਟਰੱਕ ਯੂਨੀਅਨ ਨੇੜੇ ਪੁਲੀਸ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਕਿਸਾਨਾਂ ਨੇ ਉੱਥੇ ਹੀ ਮੋਦੀ ਹਕੂਮਤ ਦੀ ਅਰਥੀ ਸਾੜੀ ਤੇ ਐਲਾਨ ਕੀਤਾ ਕਿ ਸੱਥਾਂ ਵਿੱਚ ਸਵਾਲਨਾਮੇ ਜਾਰੀ ਰਹਿਣਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleOfficial campaign for S.Korean prez election kicks-off
Next articleN.Korea to issue commemorative coins marking late leader’s birth anniversary