ਪਾਵਰਕੌਮ ਦੇ ਸਮੂਹ ਕੱਚੇ ਕਾਮਿਆਂ ਨੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪਰਿਵਾਰਾਂ ਸਮੇਤ ਥਰਮਲ ਪਲਾਂਟ ਲਹਿਰਾ ਮੁਹੱਬਤ ਕੋਲ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹਰਾਹ ’ਤੇ ਅਣਮਿਥੇ ਸਮੇਂ ਲਈ ਜਾਮ ਲਗਾਇਆ ਅਤੇ ਬਿਜਲੀ ਮੰਤਰੀ ਗੁਰਪ੍ਰੀਤ ਕਾਂਗੜ ਵੱਲੋਂ ਕੀਤੀ ਗਈ ਵਾਅਦਾਖ਼ਿਲਾਫ਼ੀ ਵਿਰੁੱਧ ਨਾਅਰੇਬਾਜ਼ੀ ਕੀਤੀ।
ਸੰਘਰਸ਼ਕਾਰੀ ਬਿਜਲੀ ਮੰਤਰੀ ਵੱਲੋਂ ਦਿੱਤੇ ਭਰੋਸੇ ਅਨੁਸਾਰ ਬਿਜਲੀ ਮੰਤਰੀ, ਪਾਵਰ ਸਕੱਤਰ, ਪਾਵਰਕੌਮ ਟਰਾਂਸਕੋ ਸਮੇਤ ਤਿੰਨੇ ਥਰਮਲਾਂ ਦੇ ਮੁੱਖ ਇੰਜਨੀਅਰਾਂ ਨਾਲ ਪੈਨਲ ਮੀਟਿੰਗ ਕਰਵਾਉਣ ਅਤੇ ਕੱਚੇ ਕਾਮਿਆਂ ਨੂੰ ਐਕਟ 2016 ਤਹਿਤ ਪੱਕੇ ਕਰਨ ਦੀ ਮੰਗ ਕਰ ਰਹੇ ਸਨ। ਕਾਮਿਆਂ ਵੱਲੋਂ ਅੱਜ ਬਿਜਲੀ ਮੰਤਰੀ ਗੁਰਪ੍ਰੀਤ ਕਾਂਗੜ ਦੀ ਕੋਠੀ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਸੀ ਪ੍ਰੰਤੂ ਪ੍ਰਸ਼ਾਸਨ ਵੱਲੋਂ ਭਾਰੀ ਪੁਲੀਸ ਫੋਰਸ ਲਗਾਏ ਜਾਣ ਕਾਰਨ ਇਨ੍ਹਾਂ ਨੂੰ ਆਪਣੇ ਸੰਘਰਸ਼ ਦੀ ਥਾਂ ਬਦਲਣੀ ਪਈ। ਸਾਢੇ ਚਾਰ ਘੰਟਿਆਂ ਦੇ ਜਾਮ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਰਾਹਗੀਰ ਪ੍ਰੇਸ਼ਾਨ ਹੋਏ। ਨਥਾਣਾ ਦੇ ਨਾਇਬ ਤਹਿਸੀਲਦਾਰ ਵੱਲੋਂ 7 ਮਾਰਚ ਨੂੰ ਲਿਖ਼ਤੀ ਰੂਪ ਵਿੱਚ ਪੈਨਲ ਮੀਟਿੰਗ ਕਰਾਉਣ ਦੇ ਭਰੋਸੇ ਮਗਰੋਂ ਕਾਮਿਆਂ ਨੇ ਸ਼ਾਮ 6 ਵਜੇ ਜਾਮ ਸਮਾਪਤ ਕੀਤਾ।
ਇਸ ਤੋਂ ਪਹਿਲਾਂ ਕਾਮਿਆਂ ਨੇ ਅੱਜ ਸਵੇਰੇ 8 ਵਜੇ ਥਰਮਲ ਪਲਾਂਟ ਦੇ ਗੇਟ ਅੱਗੇ ਧਰਨਾ ਦਿੱਤਾ ਸੀ। ਦੁਪਹਿਰ ਡੇਢ ਵਜੇ ਤੱਕ ਜਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਾ ਕੀਤੀ ਤਾਂ ਰੋਹ ਵਿੱਚ ਆਏ ਕਾਮਿਆਂ ਨੇ ਕੌਮੀ ਸ਼ਾਹਰਾਹ ਜਾਮ ਕਰ ਦਿੱਤਾ। ਜਾਮ ਦੀ ਅਗਵਾਈ ਕਰ ਰਹੇ ਮੋਰਚੇ ਦੇ ਸੂਬਾਈ ਆਗੂ ਜਗਰੂਪ ਸਿੰਘ, ਬਲਿਹਾਰ ਸਿੰਘ ਅਤੇ ਗੁਰਵਿੰਦਰ ਸਿੰਘ ਪੰਨੂੰ ਨੇ ਕਿਹਾ ਕਿ ਪੱਕੀ ਭਰਤੀ ਕਰਨ ਨਾਲ ਪੰਜਾਬ ਸਰਕਾਰ ਅਤੇ ਪਾਵਰਕੌਮ ’ਤੇ ਕੋਈ ਵੀ ਵਾਧੂ ਵਿੱਤੀ ਬੋਝ ਨਹੀਂ ਪਵੇਗਾ, ਸਗੋਂ ਕੰਪਨੀਆਂ ਅਤੇ ਠੇਕੇਦਾਰਾਂ ਨੂੰ ਦਿੱਤੇ ਜਾਂਦੇ 12 ਤੋਂ 15 ਫੀਸਦੀ ਕਮਿਸ਼ਨਾਂ ਦੀ ਬੱਚਤ ਹੋਵੇਗੀ।
ਉਨ੍ਹਾਂ ਛਾਂਟੀ ਕੀਤੇ ਕੱਚੇ ਕਾਮਿਆਂ ਨੂੰ ਬਹਾਲ ਕਰਨ, 30 ਸਤੰਬਰ ਦੀ ਛਾਂਟੀ ਨੀਤੀ ਰੱਦ ਕਰਨ, ਬਠਿੰਡਾ ਥਰਮਲ ਦੇ ਕਾਮਿਆਂ ਨਾਲ 27 ਜਨਵਰੀ 2018 ਨੂੰ ਕੀਤਾ ਸਮਝੌਤਾ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ, ਮਾਸਟਰ ਸੁਖਦੇਵ ਸਿੰਘ ਜਵੰਧਾ, ਜਲ ਸਪਲਾਈ ਅਤੇ ਸੈਨੀਟੇਸ਼ਨ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਹਾਕਮ ਸਿੰਘ ਧਨੇਠਾ, ਮੀਤ ਪ੍ਰਧਾਨ ਸੰਦੀਪ ਖਾਨ, ਆਗੂ ਜਗਸੀਰ ਸਿੰਘ ਭੰਗੂ, ਰਜੇਸ਼ ਕੁਮਾਰ, ਖੁਸ਼ਦੀਪ ਸਿੰਘ, ਕਿਰਪਾਲ ਸਿੰਘ, ਇਕਬਾਲ ਸਿੰਘ, ਬਲਜਿੰਦਰ ਮਾਨ ਅਤੇ ਕੁਲਦੀਪ ਸਹੋਤਾ ਆਦਿ ਹਾਜ਼ਰ ਸਨ।
INDIA ਕੱਚੇ ਕਾਮਿਆਂ ਨੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹਰਾਹ ਕੀਤਾ ਜਾਮ