ਲੁਧਿਆਣਾ (ਸਮਾਜਵੀਕਲੀ) : ਕਰੋਨਾਵਾਇਰਸ ਦੇ ਵਧ ਰਹੇ ਮਰੀਜ਼ਾਂ ਕਾਰਨ ਸਨਅਤੀ ਸ਼ਹਿਰ ਦੇ ਛਾਉਣੀ ਮੁਹੱਲਾ ਤੇ ਸੈਂਸੀ ਮੁਹੱਲੇ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਇਸ ਇਲਾਕੇ ਵਿੱਚ ਕਿਸੇ ਨੂੰ ਵੀ ਬਾਹਰ ਜਾਣ ਦੀ ਆਗਿਆ ਨਹੀਂ ਹੈ। ਸਿਰਫ ਜ਼ਰੂਰੀ ਵਸਤੂਆਂ ਦੀ ਹੀ ਸਪਲਾਈ ਕੀਤੀ ਜਾ ਸਕਦੀ ਹੈ। ਇਸ ਦੇ ਬਾਵਜੂਦ ਛਾਉਣੀ ਮੁਹੱਲੇ ਦੇ ਕੁਝ ਲੋਕ ਬਾਹਰ ਆ ਗਏ। ਜਦੋਂ ਪੁਲੀਸ ਨੇ ਉਨ੍ਹਾਂ ਨੂੰ ਰੋਕਿਆ ਤਾਂ ਲੋਕਾਂ ਨੇ ਪੁਲੀਸ ਨਾਲ ਹੱਥੋਪਾਈ ਕੀਤੀ।
ਇਸ ਮਗਰੋਂ ਸੂਚਨਾ ਮਿਲਣ ’ਤੇ ਥਾਣਾ ਡਵੀਜ਼ਨ ਨੰਬਰ-4 ਦੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ। ਉਨ੍ਹਾਂ ਨੂੰ ਦੇਖ ਕੇ ਉਥੇ ਹੰਗਾਮਾ ਕਰ ਰਹੀਆਂ ਔਰਤਾਂ ਫ਼ਰਾਰ ਹੋ ਗਈਆਂ। ਥਾਣਾ ਡਵੀਜ਼ਨ ਨੰਬਰ-4 ਦੀ ਪੁਲੀਸ ਨੇ ਸੁਨੀਤਾ, ਸੰਜੀਵ, ਸੰਜੂ, ਨੋਨੂ, ਨੀਰਜ, ਪੱਪੂ, ਵੀਨਾ ਤੇ 40 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੰਟੇਨਮੈਂਟ ਜ਼ੋਨ ’ਚ ਸਿਰਫ਼ ਜ਼ਰੂਰੀ ਵਸਤੂਆਂ ਲਈ ਹੀ ਬਾਹਰ ਆਉਣ। ਇਸ ਤੋਂ ਇਲਾਵਾ ਹੋਰ ਕੋਈ ਦੁਕਾਨ ਨਹੀਂ ਖੁੱਲ੍ਹੇਗੀ ਤੇ ਨਾ ਹੀ ਕਿਸੇ ਵਿਅਕਤੀ ਨੂੰ ਬਾਹਰ ਆਉਣ ਦੀ ਆਗਿਆ ਹੋਵੇਗੀ।
ਇਸੇ ਤਰ੍ਹਾਂ ਬੀਤੀ ਰਾਤ ਅਮਰਪੁਰਾ ਇਲਾਕੇ ਨੇੜੇ ਸੈਂਸੀ ਮੁਹੱਲੇ ਵਿਚ ਵੀ ਲੋਕਾਂ ਨੇ ਹੰਗਾਮਾ ਕੀਤਾ। ਉਥੋਂ ਵੀ ਲੋਕ ਬਾਹਰ ਆਉਣਾ ਚਾਹੁੰਦੇ ਸਨ, ਜਿਨ੍ਹਾਂ ਨੂੰ ਪੁਲੀਸ ਨੇ ਕਿਸੇ ਤਰ੍ਹਾਂ ਰੋਕ ਲਿਆ।