ਕੰਟਰੋਲ ਰੇਖਾ ’ਤੇ ਤਣਾਅ ਬਾਰੇ ਸੰਸਦ ਮੈਂਬਰਾਂ ਨੂੰ ਦੱਸਣਗੇ ਬਾਜਵਾ

ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਗਲੇ ਹਫ਼ਤੇ ਸੰਸਦ ਮੈਂਬਰਾਂ ਨੂੰ ‘ਕੰਟਰੋਲ ਰੇਖਾ ਉਤੇ ਤਣਾਅ ਵਾਲੀ ਸਥਿਤੀ’ ਬਾਰੇ ਜਾਣਕਾਰੀ ਦੇਣਗੇ। ‘ਦਿ ਡਾਅਨ’ ਮੁਤਾਬਕ ਇਸ ਸਬੰਧੀ ਮੀਡੀਆ ਕਾਨਫਰੰਸ ਰਾਵਲਪਿੰਡੀ ਵਿਚ 4 ਅਪਰੈਲ ਨੂੰ ਜਨਰਲ ਹੈੱਡਕੁਆਰਟਰ ਉੱਤੇ ਕੀਤੀ ਜਾਵੇਗੀ ਜਿਸ ਵਿਚ ਨੈਸ਼ਨਲ ਅਸੈਂਬਲੀ ਦੀਆਂ ਸਟੈਂਡਿੰਗ ਕਮੇਟੀਆਂ ਤੇ ਸੈਨੇਟ ਦੇ ਮੈਂਬਰ ਹਿੱਸਾ ਲੈਣਗੇ। ਇਸ ਮੌਕੇ ਜਨਰਲ ਬਾਜਵਾ ਸੰਸਦ ਮੈਂਬਰਾਂ ਨੂੰ ‘ਕੰਟਰੋਲ ਰੇਖਾ ਉਤੇ ਤਣਾਅਮਈ ਸਥਿਤੀ’ ਬਾਰੇ ਜਾਣਕਾਰੀ ਦੇਣਗੇ। ਪਿਛਲੇ ਇੱਕ ਮਹੀਨੇ ਦੌਰਾਨ ਫ਼ੌਜ ਮੁਖੀ ਵਲੋਂ ਦੂਜੀ ਵਾਰ ਸੰਸਦ ਮੈਂਬਰਾਂ ਨੂੰ ਅਜਿਹੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 27 ਫਰਵਰੀ ਨੂੰ ਸੰਸਦ ਵਿਚ ਅਜਿਹੀ ਜਾਣਕਾਰੀ ਦਿੱਤੀ ਗਈ ਸੀ। ਇਸ ਮੀਡੀਆ ਕਾਨਫਰੰਸ ਵਿਚ ਵੱਡੀ ਗਿਣਤੀ ਵਿਚ ਵਿਰੋਧੀ ਪਾਰਟੀਆਂ ਦੇ ਪ੍ਰਮੁੱਖ ਆਗੂ ਵੀ ਹਿੱਸਾ ਲੈਣਗੇ ਜਿਨ੍ਹਾਂ ਵਿਚ ਸਾਬਕਾ ਮੰਤਰੀ ਵੀ ਸ਼ਾਮਲ ਹਨ। ਕੌਮੀ ਅਸੈਂਬਲੀ ਸਕੱਤਰੇਤ ਮੁਤਾਬਕ ਐੱਨਏ ਕਮੇਟੀ ਦੇ ਚੇਅਰਮੈਨ ਅਮਜਦ ਅਲੀ ਖਾਨ ਕੌਮੀ ਅਸੈਂਬਲੀ ਦੇ ਮੈਂਬਰਾਂ ਦੇ ਵਫ਼ਦ ਦੀ ਅਗਵਾਈ ਕਰਨਗੇ। ਰੱਖਿਆ ਮੰਤਰੀ ਪਰਵੇਜ਼ ਖੱਟਕ ਨੂੰ ਵੀ ਸੱਦਾ ਦਿੱਤਾ ਗਿਆ ਹੈ। ਸੈਨੇਟ ਸਕੱਤਰੇਤ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਰੱਖਿਆ ਬਾਰੇ ਸੈਨੇਟ ਦੀ ਸਟੈਂਡਿੰਗ ਕਮੇਟੀ ਦੀ ਚੇਅਰਮੈਨ ਆਜ਼ਮ ਸਵਾਤੀ ਸੈਨੇਟ ਮੈਂਬਰਾਂ ਦੀ ਅਗਵਾਈ ਕਰਨਗੇ। ਦੱਸਣਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ 14 ਫਰਵਰੀ ਨੂੰ ਪਾਕਿਸਤਾਨ ਆਧਾਰਿਤ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਵਲੋਂ ਕੀਤੇ ਅਤਿਵਾਦੀ ਹਮਲੇ ਤੋਂ ਬਾਅਦ ਹਾਲਾਤ ਸੁਖਾਵੇਂ ਨਹੀਂ ਹਨ।

Previous articleਕੈਪਟਨ ਨਾ ਵਾਅਦਿਆਂ ’ਤੇ ਖ਼ਰਾ ਉਤਰੇ ਤੇ ਨਾ ਹੀ ਲੋਕਾਂ ’ਚ ਵਿਚਰੇ: ਸੁਖਬੀਰ
Next articleਪੰਜਾਬੀ ਹਿਤੈਸ਼ੀਆਂ ਨੇ ਮਾਂ ਬੋਲੀ ਦਾ ਮੁੱਦਾ ਭਖਾਇਆ