ਕੈਪਟਨ ਨਾ ਵਾਅਦਿਆਂ ’ਤੇ ਖ਼ਰਾ ਉਤਰੇ ਤੇ ਨਾ ਹੀ ਲੋਕਾਂ ’ਚ ਵਿਚਰੇ: ਸੁਖਬੀਰ

ਕੈਪਟਨ ਪੰਜਾਬ ਦਾ ਪਹਿਲਾ ਅਜਿਹਾ ਮੁੱਖ ਮੰਤਰੀ ਹੈ ਜੋ ਲੋਕਾਂ ’ਚ ਆਉਣ ਤੋਂ ਕਤਰਾਉਂਦਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਇਥੋਂ ਦੀ ਟਰੱਕ ਯੂਨੀਅਨ ਦੀ ਗਰਾਊਂਡ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਅਕਾਲੀ-ਭਾਜਪਾ ਗੱਠਜੋੜ ਵੱਲੋਂ ਕੀਤੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਨੇ ਵਿਧਾਨ ਸਭਾ ਚੋਣਾਂ ਮੌਕੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਗਈ ਸੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਪ੍ਰਕਾਸ਼ ਸਿੰਘ ਬਾਦਲ ਤੀਜੀ ਵਾਰ ਮੁੱਖ ਮੰਤਰੀ ਨਾ ਬਣ ਜਾਣ। ਉਨ੍ਹਾਂ ਕਿਹਾ ਕਿ ਨਾ ਤਾਂ ਮੁੱਖ ਮੰਤਰੀ ਕੈਪਟਨ ਵਾਅਦਿਆਂ ’ਤੇ ਖ਼ਰਾ ਉਤਰੇ ਤੇ ਨਾ ਹੀ ਲੋਕਾਂ ਵਿੱਚ ਵਿਚਰੇ। ਸ੍ਰੀ ਬਾਦਲ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਸਮਾਜ ਭਲਾਈ ਦੀਆਂ ਕਈ ਸਕੀਮਾਂ, ਥਰਮਲ ਪਲਾਂਟ, ਸੇਵਾ ਕੇਂਦਰ ਤੇ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਵਲ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਹੀਦਾਂ ਦੀ ਜਥੇਬੰਦੀ ਹੋਣ ਦਾ ਮਾਣ ਹਾਸਲ ਹੈ।
ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਟਕਸਾਲੀ ਜਾਅਲੀ ਹਨ ਜਦੋਂਕਿ ‘ਆਪ’ ਵਾਲੇ ਪਾਪ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਪ੍ਰਸਤੀ ਹੇਠ ਹੀ ਸੂਬੇ ਭਰ ’ਚ ਗ਼ੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ। ਇਸ ਮੌਕੇ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ, ਭਾਜਪਾ ਦੇ ਸੂਬਾ ਸੰਗਠਨ ਮੰਤਰੀ ਦਿਨੇਸ਼ ਕੁਮਾਰ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਵੀ ਸੰਬੋਧਨ ਕੀਤਾ।

Previous articleਆਪ ਸਾਰੀਆਂ ਸੀਟਾਂ ’ਤੇ ਜਿੱਤ ਪ੍ਰਾਪਤ ਕਰੇਗੀ: ਭਗਵੰਤ ਮਾਨ
Next articleਕੰਟਰੋਲ ਰੇਖਾ ’ਤੇ ਤਣਾਅ ਬਾਰੇ ਸੰਸਦ ਮੈਂਬਰਾਂ ਨੂੰ ਦੱਸਣਗੇ ਬਾਜਵਾ