‘ਕੰਟਰੋਲ ਰੇਖਾ ’ਤੇ ਚੌਕਸੀ ਕਾਰਨ ਅਤਿਵਾਦੀ ਸੁਰੰਗਾਂ ਦਾ ਲੈ ਰਹੇ ਨੇ ਸਹਾਰਾ’

ਸ੍ਰੀਨਗਰ (ਸਮਾਜ ਵੀਕਲੀ) : ਭਾਰਤੀ ਫ਼ੌਜ ਨੇ ਜੰਮੂ-ਕਸ਼ਮੀਰ ਦੇ ਦੌਰੇ ’ਤੇ ਆਏ 24 ਮੁਲਕਾਂ ਦੇ ਰਾਜਦੂਤਾਂ ਨੂੰ ਦੱਸਿਆ ਹੈ ਕਿ ਕੰਟਰੋਲ ਰੇਖਾ (ਐੱਲਓਸੀ) ’ਤੇ ਸਖ਼ਤ ਨਿਗਰਾਨੀ ਕਾਰਨ ਅਤਿਵਾਦੀ ਜਥੇਬੰਦੀਆਂ ਅਤੇ ਪਾਕਿਸਤਾਨ ਪੱਖੀ ਸੰਗਠਨ ਜੰਮੂ ਖੇਤਰ ’ਚ ਕੌਮਾਂਤਰੀ ਸਰਹੱਦ ’ਤੇ ਮੌਸਮੀ ਦਰਿਆਵਾਂ ਹੇਠਾਂ ਸੁਰੰਗਾਂ ਬਣਾ ਕੇ ਅਤਿਵਾਦੀਆਂ ਦੀ ਭਾਰਤ ’ਚ ਘੁਸਪੈਠ ਕਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਜੰਮੂ-ਕਸ਼ਮੀਰ ਦਾ 2019 ’ਚ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਮਗਰੋਂ ਉਥੋਂ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਯੂਰੋਪੀਅਨ ਯੂਨੀਅਨ ਅਤੇ ਇਸਲਾਮਿਕ ਸਹਿਯੋਗ ਸੰਗਠਨ (ਓਆਈਸੀ) ਦੇ ਮੈਂਬਰ ਮੁਲਕਾਂ ਦੇ ਰਾਜਦੂਤ ਦੋ ਦਿਨ ਦੇ ਦੌਰੇ ’ਤੇ ਬੁੱਧਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਪਹੁੰਚੇ ਸਨ। ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਰਾਜਦੂਤਾਂ ਨੂੰ ਸਰਹੱਦ ਪਾਰ ਤੋਂ ਹੋਣ ਵਾਲੀ ਘੁਸਪੈਠ, ਹਥਿਆਰਾਂ ਦੀ ਸਪਲਾਈ ’ਚ ਪਾਕਿਸਤਾਨੀ ਫ਼ੌਜ ਦੀ ਭੂਮਿਕਾ ਅਤੇ ਗੁਆਂਢੀ ਮੁਲਕ ਵੱਲੋਂ ਬਿਨਾਂ ਭੜਕਾਹਟ ਦੇ ਗੋਲੀਬੰਦੀ ਦੀ ਉਲੰਘਣਾ ਕਰਨ ਬਾਰੇ ਵਿਸਥਾਰ ’ਚ ਜਾਣਕਾਰੀ ਦਿੱਤੀ ਗਈ। ਕਸ਼ਮੀਰ ਵਾਦੀ ’ਚ ਸੁਰੱਖਿਆ ਲਈ ਤਾਇਤਨਾਤ ਫ਼ੌਜ ਦੀ 15ਵੀਂ ਕੋਰ ਦੇ ਹੈੱਡਕੁਆਰਟਰ ’ਚ ਅਧਿਕਾਰੀਆਂ ਨੇ ਰਾਜਦੂਤਾਂ ਨੂੰ ਪੂਰੇ ਵੇਰਵੇ ਦਿੱਤੇ।

ਅਧਿਕਾਰੀਆਂ ਨੇ ਕਿਹਾ ਕਿ ਐੱਲਓਸੀ ’ਤੇ ਫ਼ੌਜ ਨੇ ਜਦੋਂ ਤੋਂ ਘੁਸਪੈਠ ਦੇ ਟਾਕਰੇ ਲਈ ਰਣਨੀਤੀ ਬਦਲੀ ਹੈ ਉਦੋਂ ਤੋਂ ਕੁਦਰਤੀ ਗੁਫ਼ਾਵਾਂ ਅਤੇ ਸੁਰੰਗਾਂ ਪੁੱਟ ਕੇ ਸਾਂਬਾ ਸੈਕਟਰ ’ਚ ਅਤਿਵਾਦੀਆਂ ਦੀ ਘੁਸਪੈਠ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਅਤਿਵਾਦ ਫੈਲਾਉਣ ਲਈ ਅਤਿਵਾਦੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਦੌਰਾਨ ਇਹ ਵੀ ਦੱਸਿਆ ਕਿ ਪੁਲਵਾਮਾ ’ਚ ਸੀਆਰਪੀਐੱਫ ਦੇ ਜਵਾਨਾਂ ’ਤੇ 2019 ’ਚ ਹੋਏ ਘਾਤਕ ਹਮਲੇ ਨੂੰ ਅੰਜਾਮ ਦੇਣ ਵਾਲੇ ਅਤਿਵਾਦੀ ਵੀ ਜੰਮੂ ਖ਼ਿੱਤੇ ’ਚ ਇਕ ਸੁਰੰਗ ਰਾਹੀਂ ਹੀ ਦਾਖ਼ਲ ਹੋਏ ਸਨ।

ਅਧਿਕਾਰੀਆਂ ਨੇ ਰਾਜਦੂਤਾਂ ਨੂੰ ਦੱਸਿਆ ਕਿ ਐੱਲਓਸੀ ’ਤੇ ਘੁਸਪੈਠ ਦੀਆਂ ਕੋਸ਼ਿਸ਼ਾਂ ਨਾਕਾਮ ਕਰਨ ਦੇ ਬਾਵਜੂਦ ਪਾਕਿਸਤਾਨੀ ਫ਼ੌਜ ਸਰਹੱਦ ਪਾਰ ਅਤਿਵਾਦੀ ਕੈਂਪ ਚਲਾਉਂਦੀ ਹੈ ਅਤੇ ਕਸ਼ਮੀਰ ਵਾਦੀ ’ਚ ਅਤਿਵਾਦੀਆਂ ਦੀ ਘੁਸਪੈਠ ਲਈ ਗੋਲੀਬੰਦੀ ਦੀ ਉਲੰਘਣਾ ਕਰਦੀ ਹੈ। ਉਨ੍ਹਾਂ ਰਾਜਦੂਤਾਂ ਨੂੰ ਉਹ ਹਥਿਆਰ ਵੀ ਦਿਖਾਏ ਜੋ ਅਤਿਵਾਦੀਆਂ ਤੋਂ ਜ਼ਬਤ ਕੀਤੇ ਗਏ ਸਨ ਅਤੇ ਉਨ੍ਹਾਂ ’ਤੇ ਪਾਕਿਸਤਾਨ ਦੀ ਹਥਿਆਰ ਫੈਕਟਰੀ ਦਾ ਨਿਸ਼ਾਨ ਵੀ ਹੈ।

ਕਸ਼ਮੀਰ ਵਾਦੀ ਦੇ ਹਾਲਾਤ ਬਾਰੇ ਫ਼ੌਜ ਦੇ ਅਧਿਕਾਰੀਆਂ ਨੇ ਬੁੱਧਵਾਰ ਸ਼ਾਮ ਦੀ ਘਟਨਾ ਦਾ ਜ਼ਿਕਰ ਕੀਤਾ ਜਿਥੇ ਸ਼ਹਿਰ ਦੇ ਇਕ ਉੱਚ ਸੁਰੱਖਿਆ ਵਾਲੇ ਇਲਾਕੇ ’ਚ ਰੈਸਤਰਾਂ ਦੇ ਮਾਲਕ ਦੇ ਪੁੱਤਰ ਨੂੰ ਅਤਿਵਾਦੀਆਂ ਨੇ ਗੋਲੀਆਂ ਮਾਰ ਕੇ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਕਸ਼ਮੀਰ ’ਚ ਉਦਾਰਵਾਦੀ ਆਵਾਜ਼ਾਂ ਜਾਂ ਉਨ੍ਹਾਂ ਦੀ ਗੱਲ ਨਾ ਮੰਨਣ ਵਾਲਿਆਂ ਦੀਆਂ ਆਵਾਜ਼ਾਂ ਬੰਦ ਕਰਨਾ ਅਤਿਵਾਦੀਆਂ ਦੀ ਯੋਜਨਾ ਦਾ ਇਕ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ਪਾਕਿਸਤਾਨ ਵੱਲੋਂ ‘ਇੰਟਰਨੈੱਟ ਯੁੱਧ’ ਛੇੜਿਆ ਗਿਆ ਹੈ। ਉਨ੍ਹਾਂ ਜ਼ਿਲ੍ਹਾ ਵਿਕਾਸ ਪਰਿਸ਼ਦ ਚੋਣਾਂ ਬਾਰੇ ਵੀ ਰਾਜਦੂਤਾਂ ਨੂੰ ਜਾਣਕਾਰੀ ਦਿੱਤੀ।

Previous articleਅਸਾਮ ਨੂੰ ਅਣਗੌਲਿਆ ਕਰਨ ਦੀ ‘ਇਤਿਹਾਸਕ ਭੁੱਲ’ ਸੁਧਾਰ ਰਹੀ ਹੈ ਸਰਕਾਰ: ਮੋਦੀ
Next articleਗੋਗੋਈ ਨੂੰ ਜਿਨਸੀ ਸ਼ੋਸ਼ਣ ਮਾਮਲੇ ’ਚ ਫਸਾਉਣ ਦੀ ਸਾਜ਼ਿਸ਼ ਦੀ ਜਾਂਚ ਪ੍ਰਕਿਰਿਆ ਬੰਦ