ਕ੍ਰਿਕਟ ਬੋਰਡ ਦੇ ਨਵੇਂ ਪ੍ਰਧਾਨ ਨਾਲ ਗੱਲਬਾਤ ਲਈ ਉਤਸ਼ਾਹਿਤ ਹਾਂ: ਕੋਹਲੀ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਭਾਰਤੀ ਕ੍ਰਿਕਟ ਬੋਰਡ ਦੇ ਨਵ-ਨਿਯੁਕਤ ਪ੍ਰਧਾਨ ਤੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨਾਲ ‘ਸਿਖ਼ਰਲੇ ਪੱਧਰ ਤੇ ਪੇਸ਼ੇਵਰ’ ਚਰਚਾ ਨੂੰ ਲੈ ਕੇ ਉਤਸ਼ਾਹਿਤ ਹੈ। ਕੌਮੀ ਕ੍ਰਿਕਟ ਟੀਮ ਦੀਆਂ ਭਵਿੱਖ ਦੀਆਂ ਯੋਜਨਾਵਾਂ ਨੂੰ ਲੈ ਕੇ ਗਾਂਗੁਲੀ ਤੇ ਕੋਹਲੀ ਦੇ ਜਲਦੀ ਹੀ ਮੁਲਾਕਾਤ ਕਰਨ ਦੀ ਆਸ ਹੈ। ਬੁੱਧਵਾਰ ਨੂੰ ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਗਾਂਗੂਲੀ ਨੇ ਕੋਹਲੀ ਨੂੰ ਭਾਰਤੀ ਕ੍ਰਿਕਟ ਦਾ ਸਭ ਤੋਂ ਅਹਿਮ ਵਿਅਕਤੀ ਕਰਾਰ ਦਿੰਦੇ ਹੋਏ ਕਿਹਾ ਸੀ ਕਿ ਉਹ ਕਪਤਾਨ ਵਾਸਤੇ ਚੀਜ਼ਾਂ ਆਸਾਨ ਕਰਨ ਲਈ ਹਨ, ਮੁਸ਼ਕਿਲ ਬਣਾਉਣ ਲਈ ਨਹੀਂ। ਕੋਹਲੀ ਨੇ ਇੱਥੇ ਅੰਜ ਇਕ ਪ੍ਰਚਾਰ ਪ੍ਰੋਗਰਾਮ ਦੌਰਾਨ ਕਿਹਾ, ‘‘ਮੈਂ ਹੁਣ ਗਾਂਗੁਲੀ ਨੂੰ ਮਿਲਾਂਗਾ। ਮੈਂ ਚੰਗੀ ਚਰਚਾ ਨੂੰ ਲੈ ਕੇ ਉਤਸ਼ਾਹਿਤ ਹਾਂ। ਉਹ ਅਜਿਹਾ ਵਿਅਕਤੀ ਹੈ ਜੋ ਪਹਿਲਾਂ ਕਾਫੀ ਕ੍ਰਿਕਟ ਖੇਡ ਚੁੱਕਿਆ ਹੈ, ਜੋ ਉਸ ਸਥਿਤੀ ਨੂੰ ਜਾਣਦਾ ਹੈ ਜਿਸ ਵਿੱਚ ਅਸੀਂ ਹਾਂ। ਟੀਮ ਨੂੰ ਕੀ ਲੋੜ ਹੈ, ਭਾਰਤੀ ਕ੍ਰਿਕਟ ਦੀ ਕੀ ਲੋੜ ਹੈ।’’ ਉਨ੍ਹਾਂ ਕਿਹਾ, ‘‘ਇਸ ਵਾਸਤੇ ਤੁਹਾਨੂੰ ਚੰਗੀ ਪੇਸ਼ੇਵਰ, ਸਿਖ਼ਰਲੇ ਪੱਧਰ ਦੀ ਚਰਚਾ ਦੀ ਲੋੜ ਹੈ। ਇਹ ਸਿਹਤਮੰਦ ਚਰਚਾ ਹੋਵੇਗੀ ਕਿਉਂਕਿ ਮੈਂ ਹੁਣੇ ਖੇਡ ਰਿਹਾ ਹਾਂ ਅਤੇ ਉਹ ਪਹਿਲਾਂ ਖੇਡ ਚੁੱਕਿਆ ਹੈ। ਇਨ੍ਹਾਂ ਚੀਜ਼ਾਂ ਨੂੰ ਲੈ ਕੇ ਆਪਸੀ ਸਮਝ ਹੋਵੇਗੀ। ਪਹਿਲਾਂ ਵੀ ਉਨ੍ਹਾਂ ਨਾਲ ਮੇਰੀ ਚੰਗੀ ਚਰਚਾ ਹੋਈ ਹੈ ਅਤੇ ਇਸ ਵਾਰ ਵੀ ਮੈਨੂੰ ਅਜਿਹੀ ਹੀ ਆਸ ਹੈ।’’ ਗਾਂਗੁਲੀ ਚਾਹੁੰਦੇ ਹਨ ਕਿ ਕੋਹਲੀ ਆਈਸੀਸੀ ਟੂਰਨਾਮੈਂਟ ’ਚ ਭਾਰਤ ਲਈ ਟਰਾਫੀ ਜਿੱਤੇ ਜੋ ਟੀਮ ਚੈਂਪੀਅਨਜ਼ ਟਰਾਫੀ ਦੇ ਬਾਅਦ ਤੋਂ ਨਹੀਂ ਸਕ ਸਕੀ ਹੈ।

Previous articleਚੋਣਕਾਰਾਂ ਦੇ ਕਾਰਜਕਾਲ ਬਾਰੇ ਫ਼ੈਸਲਾ ਗਾਂਗੁਲੀ ਹੱਥ
Next articleਅਬੂਧਾਬੀ ਟੀ-10 ਟੂਰਨਾਮੈਂਟ ਵਿਚ ਖੇਡੇਗਾ ਯੁਵਰਾਜ