ਨਿਊਜ਼ੀਲੈਂਡ ਵਿਚ ਪਿਛਲੇ ਵਰ੍ਹੇ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਵਿਚ 51 ਜਣਿਆਂ ਨੂੰ ਅੰਨ੍ਹੇਵਾਹ ਫਾਇਰਿੰਗ ਕਰ ਕੇ ਹਲਾਕ ਕਰਨ ਵਾਲੇ ਬੰਦੂਕਧਾਰੀ ਨੇ ਹੈਰਾਨੀਜਨਕ ਢੰਗ ਨਾਲ ਸਾਰੇ ਦੋਸ਼ ਸਵੀਕਾਰ ਕਰ ਲਏ ਹਨ। ਉਸ ’ਤੇ ਹੱਤਿਆ ਤੇ ਦਹਿਸ਼ਤਰਗਦੀ ਦਾ ਇਲਜ਼ਾਮ ਹੈ। ਦੱਸਣਯੋਗ ਹੈ ਕਿ ਹਮਲਾ ਸੈਮੀ ਆਟੋਮੈਟਿਕ ਹਥਿਆਰਾਂ ਨਾਲ ਉਸ ਵੇਲੇ ਕੀਤਾ ਗਿਆ ਸੀ ਜਦ ਵੱਡੀ ਗਿਣਤੀ ਲੋਕ ਨਮਾਜ਼ ਅਦਾ ਕਰ ਰਹੇ ਸਨ। ਨਿਊਜ਼ੀਲੈਂਡ ਦੇ ਇਤਿਹਾਸ ਵਿਚ ਇਹ ਸਭ ਤੋਂ ਖ਼ਤਰਨਾਕ ਹਮਲਾ ਸੀ ਤੇ ਪੂਰੇ ਮੁਲਕ ਨੂੰ ਇਸ ਨੇ ਹਿਲਾ ਕੇ ਰੱਖ ਦਿੱਤਾ ਸੀ। ਹਮਲੇ ਮਗਰੋਂ ਮੁਲਕ ਵਿਚ ਕਈ ਹਥਿਆਰਾਂ ’ਤੇ ਪਾਬੰਦੀ ਲਾ ਦਿੱਤੀ ਗਈ ਸੀ। ਹਮਲਾਵਰ ਨੇ ਹਮਲੇ ਨੂੰ ਸੋਸ਼ਲ ਮੀਡੀਆ ’ਤੇ ਲਾਈਵ ਸਟਰੀਮ ਕੀਤਾ ਸੀ ਤੇ ਇਸ ਕਾਰਨ ਸੋਸ਼ਲ ਮੀਡੀਆ ਨੇਮ ਵੀ ਬਦਲੇ ਗਏ ਹਨ। ਮੁਲਕ ਦੇ ਬਹੁਤ ਲੋਕਾਂ ਨੇ ਉਸ ਦੇ ਇਕਰਾਰਨਾਮੇ ਮਗਰੋਂ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਕੱਟੜਵਾਦੀ ਵਿਚਾਰਾਂ ਵਾਲਾ ਆਸਟਰੇਲਿਆਈ ਗੋਰਾ ਮੁਲਜ਼ਮ ਬ੍ਰੈਂਟਨ ਹੈਰੀਸਨ ਟਾਰੈਂਟ (29) ਸੁਣਵਾਈ ਨੂੰ ਆਪਣੇ ਨਿੱਜੀ ਵਿਚਾਰਧਾਰਾ ਦੇ ਪ੍ਰਸਾਰ ਲਈ ਵਰਤ ਸਕਦਾ ਹੈ। ਦੱਸਣਯੋਗ ਹੈ ਕਿ ਹਮਲੇ ਤੋਂ ਪਹਿਲਾਂ ਉਸ ਨੇ ਆਪਣੀ ਵਿਚਾਰਧਾਰਾ ਨਾਲ ਜੁੜਿਆ 74 ਸਫ਼ਿਆਂ ਦਾ ਮੈਨੀਫੈਸਟੋ ਆਨਲਾਈਨ ਪੋਸਟ ਕੀਤਾ ਸੀ। ਉਸ ਨੇ ਹੱਤਿਆ ਦੇ 51, ਇਰਾਦਤਨ ਹੱਤਿਆ ਦੇ 40 ਤੇ ਦਹਿਸ਼ਤਗਰਦੀ ਦਾ ਇਕ ਦੋਸ਼ ਕਬੂਲ ਲਿਆ ਹੈ। ਸੁਣਵਾਈ ਕ੍ਰਾਈਸਟਚਰਚ ਹਾਈ ਕੋਰਟ ਵਿਚ ਚੱਲ ਰਹੀ ਸੀ।