ਕੌਮੀ ਨਾਗਰਿਕਤਾ ਰਜਿਸਟਰ ਭਾਰਤ ਦਾ ਅੰਦਰੂਨੀ ਮਾਮਲਾ: ਜੈਸ਼ੰਕਰ

ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਅਸਾਮ ਵਿੱਚ ਗ਼ੈਰ-ਕਾਨੂੰਨੀ ਸ਼ਰਨਾਰਥੀਆਂ ਦੀ ਸ਼ਨਾਖ਼ਤ ਅਤੇ ਇਸ ਸਬੰਧੀ ਦਸਤਾਵੇਜ਼ ਤਿਆਰ ਕਰਨ ਦੀ ਪ੍ਰਕਿਰਿਆ ਭਾਰਤ ਦਾ ਅੰਦਰੂਨੀ ਮਸਲਾ ਹੈ। ਜੈਸ਼ੰਕਰ ਵੱਲੋਂ ਇਹ ਟਿੱਪਣੀ ਅੱਜ ਇੱਥੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ.ਕੇ. ਅਬਦੁਲ ਮੋਮਿਨ ਨਾਲ ਤੀਸਤਾ ਜਲ ਵੰਡ ਅਤੇ ਰੋਹਿਗੀਆ ਸੰਕਟ ਬਾਰੇ ਕੀਤੀ ਗਈ ਚਰਚਾ ਤੋਂ ਬਾਅਦ ਕੀਤੀ ਗਈ ਹੈ। ਜੈਸ਼ੰਕਰ ਬੰਗਲਾਦੇਸ਼ ਦੇ ਦੋ ਰੋਜ਼ਾ ਦੌਰੇ ’ਤੇ ਹਨ। ਅੱਜ ਪਹਿਲੇ ਦਿਨ ਉਨ੍ਹਾਂ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਏ.ਕੇ. ਅਬਦੁਲ ਮੋਮਿਨ ਨਾਲ ਉਨ੍ਹਾਂ ਦੀ ਗੱਲਬਾਤ ਬਹੁਤ ਹੀ ਵਧੀਆ ਮਾਹੌਲ ਵਿੱਚ ਹੋਈ। ਜਨਾਬ ਮੋਮਿਨ ਨਾਲ ਸਾਂਝੀ ਪ੍ਰੈੱਸ ਵਾਰਤਾ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਅਸਾਮ ’ਚ ਕੌਮੀ ਨਾਗਰਿਕਤਾ ਰਜਿਸਟਰ (ਐੱਨਸੀਆਰ) ਭਾਰਤ ਦਾ ਅੰਦਰੂਨੀ ਮਾਮਲਾ ਹੈ। ਜ਼ਿਕਰਯੋਗ ਹੈ ਕਿ ਇਸੇ ਮਹੀਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੰਗਲਾਦੇਸ਼ ਤੋਂ ਉੱਤਰ-ਪੂਰਬੀ ਸੂਬਿਆਂ ’ਚ ਹੋ ਰਹੇ ਗ਼ੈਰਕਾਨੂੰਨੀ ਪਰਵਾਸ ’ਤੇ ਚਿੰਤਾ ਜ਼ਾਹਿਰ ਕੀਤੀ ਸੀ। ਜੈਸ਼ੰਕਰ ਨੇ ਤੀਸਤਾ ਜਲ ਸਮਝੌਤੇ ’ਤੇ ਭਾਰਤ ਦੀ ਸਥਿਤੀ ਤੇ ਪ੍ਰਤੀਬੱਧਤਾ ਵੀ ਸਪੱਸ਼ਟ ਕੀਤੀ। ਉਨ੍ਹਾਂ ਕਿਹਾ, ‘ਸਾਨੂੰ ਸਾਡੀ ਸਥਿਤੀ ਸਪੱਸ਼ਟ ਹੈ ਅਤੇ ਇਸ ਪ੍ਰਤੀ ਸੁਚੇਤ ਹਾਂ। ਅਸੀਂ ਆਪਣੀ ਸਥਿਤੀ ਲਈ ਪ੍ਰਤੀਬੱਧ ਹਾਂ ਤੇ ਇਸ ਤੋਂ ਬਦਲਾਂਗੇ ਨਹੀਂ।’ ਉਨ੍ਹਾਂ ਇਸ ਮੌਕੇ ਰੋਹਿੰਗੀਆ ਮੁੱਦੇ ਅਤੇ ਉਨ੍ਹਾਂ ਦੀ ਮਿਆਂਮਾਰ ’ਚ ਸੁਰੱਖਿਅਤ, ਤੁਰੰਤ ਤੇ ਸਥਿਰ ਵਾਪਸੀ ਬਾਰੇ ਗੱਲਬਾਤ ਵੀ ਕੀਤੀ। ਇਸੇ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਉਹ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਅਕਤੂਬਰ ਮਹੀਨੇ ਕੀਤੀ ਜਾਣ ਵਾਲੀ ਭਾਰਤ ਫੇਰੀ ਵੱਲ ਦੇਖ ਰਹੇ ਹਨ। ਜੈਸ਼ੰਕਰ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਹਰ ਤਰ੍ਹਾਂ ਦਾ ਸੰਪਰਕ ਵਧਾਇਆ ਗਿਆ ਹੈ ਅਤੇ ਉਹ ਇਸ ਭਾਈਵਾਲੀ ਨੂੰ ਅੱਗੇ ਵਧਾਉਣਾ ਚਾਹੁਣਗੇ। ਊਰਜਾ ਸਹਿਯੋਗ ਬਾਰੇ ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਇੱਕ ਦੂਜੇ ਦੇ ਵਿਕਾਸ ’ਚ ਮਦਦ ਕਰਨਗੇ। ਕਾਰੋਬਾਰ ਬਾਰੇ ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ’ਚ ਬੰਗਲਾਦੇਸ਼ ਨੂੰ ਭਾਰਤ ਪੂਰਾ ਸਹਿਯੋਗ ਕਰੇਗਾ। ਇਸੇ ਦੌਰਾਨ ਐੱਸ ਜੈਸ਼ੰਕਰ ਨੇ ਅੱਜ ਬੰਗਲਾਦੇਸ਼ ਦੇ ਬਾਨੀ ਸ਼ੇਖ ਮੁਜੀਬੁਰ ਰਹਿਮਾਨ ਨੂੰ ਬੰਗਬੰਧੂ ਯਾਦਗਾਰੀ ਅਜਾਇਬਘਰ ’ਚ ਸ਼ਰਧਾਂਜਲੀ ਵੀ ਭੇਟ ਕੀਤੀ।

Previous articleਆਰਡਨੈਂਸ ਕੇਬਲ ਫੈਕਟਰੀ ਦੇ ਮੁਲਾਜ਼ਮਾਂ ਵੱਲੋਂ ਹੜਤਾਲ
Next articleਓਲੰਪਿਕ ਟੈਸਟ: ਮਨਦੀਪ ਦੀ ਹੈਟ੍ਰਿਕ ਨਾਲ ਭਾਰਤ ਫਾਈਨਲ ’ਚ