ਆਰਡਨੈਂਸ ਕੇਬਲ ਫੈਕਟਰੀ ਦੇ ਮੁਲਾਜ਼ਮਾਂ ਵੱਲੋਂ ਹੜਤਾਲ

ਆਰਡਨੈਂਸ ਕੇਬਲ ਫੈਕਟਰੀ ਚੰਡੀਗੜ੍ਹ ਦੇ ਵਰਕਰ ਅੱਜ ਤੋਂ ਇਕ ਮਹੀਨੇ ਦੀ ਹੜਤਾਲ ’ਤੇ ਚਲੇ ਗਏ ਹਨ ਜਿਸ ਕਾਰਨ ਉਤਪਾਦਨ ਤਕਰੀਬਨ ਬੰਦ ਹੋ ਗਿਆ ਹੈ। ਡਿਫੈਂਸ ਐਂਪਲਾਈਜ਼ ਯੂਨੀਅਨ, ਡਿਫੈਂਸ ਕਰਮਚਾਰੀ ਯੂਨੀਅਨ ਅਤੇ ਡਿਫੈਂਸ ਵਰਕਰਜ਼ ਯੂਨੀਅਨ ਦੇ ਸਾਂਝੇ ਸੱਦੇ ’ਤੇ ਅੱਜ ਇਸ ਫੈਕਟਰੀ ਵਿਚਲੇ ਉਤਪਾਦ ਵਿੰਗ ਨਾਲ ਸਬੰਧਤ ਤਕਰੀਬਨ ਸਾਰੇ ਵਰਕਰ ਇਕ ਮਹੀਨੇ ਦੀ ਹੜਤਾਲ ’ਤੇ ਚਲੇ ਗਏ ਹਨ। ਇਹ ਹੜਤਾਲ 19 ਸਤੰਬਰ ਤਕ ਚਲੇਗੀ। ਹੜਤਾਲ ਕਾਰਨ ਭਾਰਤੀ ਫੌਜ ਲਈ ਯੁੱਧ ਸਮੱਗਰੀ ਸਮੇਤ ਫੌਜ ਦੀਆਂ ਜੁੱਤੀਆਂ, ਕੰਬਲ, ਗੱਡੀਆਂ ਆਦਿ ਬਣਾਉਣ ਦਾ ਕੰਮ ਠੱਪ ਹੋ ਗਿਆ ਹੈ। ਫੈਕਟਰੀ ਵਿਚਲੇ ਨਿੱਜੀ ਸਟਾਫ ਨਾਲ ਸਬੰਧਤ ਕੁਝ ਮੁਲਾਜ਼ਮ ਹੜਤਾਲ ਵਿਚ ਸ਼ਾਮਲ ਨਹੀਂ ਹੋਏ। ਅੱਜ ਵਰਕਰਾਂ ਨੇ ਹੜਤਾਲ ਕਰਕੇ ਫੈਕਟਰੀ ਦੇ ਗੇਟ ਮੂਹਰੇ ਸਾਰਾ ਦਿਨ ਨਾਅਰੇਬਾਜ਼ੀ ਕੀਤੀ ਤੇ ਰੋਸ ਪ੍ਰਦਰਸ਼ਨ ਕੀਤਾ। ਦੇਸ਼ ਭਰ ਵਿਚ 41 ਆਰਡਨੈਂਸ ਕੇਬਲ ਫੈਕਟਰੀਆਂ ਹਨ ਅਤੇ ਇਨ੍ਹਾਂ ਸਾਰੀਆਂ ਫੈਕਟਰੀਆਂ ਦੇ ਵਰਕਰ ਅੱਜ ਤੋਂ ਇਕ ਮਹੀਨੇ ਲਈ ਹੜਤਾਲ ’ਤੇ ਚਲੇ ਗਏ ਹਨ। ਇਸ ਕਾਰਨ ਇਹ ਕੌਮੀ ਮੁੱਦਾ ਬਣ ਗਿਆ ਹੈ ਅਤੇ ਅਗਲੇ ਦਿਨੀਂ ਇਹ ਮਾਮਲਾ ਹੋਰ ਭਖਣ ਦੇ ਸੰਕੇਤ ਹਨ। ਦੱਸਣਯੋਗ ਹੈ ਕਿ ਕੇਬਲ ਫੈਕਟਰੀ ਨੂੰ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਜ਼ਮੀਨ ਮੁਹੱਈਆ ਕਰਵਾਈ ਸੀ ਜਦਕਿ ਹੁਣ ਸਰਕਾਰ ਇਸ ਇਸ ਫੈਕਟਰੀ ਨੂੰ ਨਿੱਜੀ ਖੇਤਰ ਵੱਲ ਰੇੜ੍ਹ ਰਹੀ ਹੈ। ਇਸ ਮੌਕੇ ਯੂਨੀਅਨਾਂ ਦੇ ਆਗੂਆਂ ਹਰਪ੍ਰੀਤ ਸਿੰਘ, ਜਤਿੰਦਰ ਗਾਂਧੀ ਅਤੇ ਡੀਕੇ ਸਿੰਘ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇਸ਼ ਦੀ ਸੁਰੱਖਿਆ ਨਾਲ ਜੁੜੀ ,ਇਸ ਫੈਕਟਰੀ ਦਾ ਨਿੱਜੀਕਰਨ ਕਰਕੇ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੇ ਯਤਨਾਂ ਵਿਚ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦਾ ਇਸ ਫੈਸਲਾ ਨਾ ਤਾਂ ਦੇਸ਼ ਅਤੇ ਨਾ ਹੀ ਵਰਕਰਾਂ ਦੇ ਹਿੱਤ ਵਿਚ ਹੈ। ਉਨ੍ਹਾਂ ਕਿਹਾ ਕਿ ਆਰਡਨੈਂਸ ਕੇਬਲ ਫੈਕਟਰੀ ਦੇਸ਼ ਦੀ ਫੌਜ ਨਾਲ ਜੁੜੀ ਹੈ ਅਤੇ ਸਰਕਾਰ ਫੈਕਟਰੀ ਨੂੰ ਨਿੱਜੀ ਹੱਥਾਂ ਵਿਚ ਸੌਂਪਣ ਦੇ ਰਾਹ ਪੈ ਕੇ ਦੇਸ਼ ਦੀ ਸੁਰੱਖਿਆ ਨੂੰ ਦਾਅ ’ਤੇ ਲਗਾ ਰਹੀ ਹੈ। ਇਸ ਮੌਕੇ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਵਰਕਰਾਂ ਨੂੰ ਪਬਲਿਕ ਸੈਕਟਰ ਅੰਡਰਟੇਕਿੰਗ (ਪੀਐਸਯੂ) ਦੇ ਨਾਮ ’ਤੇ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇਸ਼ ਦੇ ਹੋਰ ਵੱਡੇ ਅਦਾਰਿਆਂ ਨੂੰ ਵੀ ਨਿੱਜੀਕਰਨ ਦੀ ਭੇਟ ਚਾੜ੍ਹ ਕੇ ਲੋਕਾਂ ਦਾ ਰੁਜ਼ਗਾਰ ਖੋਹਣ ਦੇ ਯਤਨਾਂ ਵਿਚ ਹੈ ਜਿਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਇਸ ਫੈਕਟਰੀ ਲਈ ਜ਼ਮੀਨ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਦਿੱਤੀ ਸੀ ਜਿਸ ਨੂੰ ਹੁਣ ਨਿੱਜੀ ਹੱਥਾਂ ਵਿਚ ਸੌਂਪਣਾ ਬੜੀ ਵੱਡੀ ਕੁਤਾਹੀ ਹੋਵੇਗੀ। ਉਨ੍ਹਾਂ ਕਿਹਾ ਕਿ ਆਰਡਨੈਂਸ ਫੈਕਟਰੀ ਨੂੰ ਸਰਕਾਰ ਕਾਰਪੋਰੇਟ ਸੈਕਟਰ ਹਵਾਲੇ ਕਰਕੇ ਵੱਡਾ ਖਤਰਾ ਸਹੇੜਣ ਦੀ ਭੁੱਲ ਕਰ ਰਹੀ ਹੈ।

Previous articleਗੁਲਾਮ ਨਬੀ ਆਜ਼ਾਦ ਨੂੰ ਜੰਮੂ ਹਵਾਈ ਅੱਡੇ ਤੋਂ ਵਾਪਸ ਭੇਜਿਆ
Next articleਕੌਮੀ ਨਾਗਰਿਕਤਾ ਰਜਿਸਟਰ ਭਾਰਤ ਦਾ ਅੰਦਰੂਨੀ ਮਾਮਲਾ: ਜੈਸ਼ੰਕਰ