ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰ ਜਿਓਤੀ ਪ੍ਰਜਵਲਿਤ ਕਰਕੇ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਧਾਨੀ ਦਿੱਲੀ ਦੇ ਐਨ ਵਿਚਾਲੇ ਇੰਡੀਆ ਗੇਟ ਕੰਪਲੈਕਸ ਦੇ ਨਾਲ ਬਣੀ ਕੌਮੀ ਜੰਗੀ ਯਾਦਗਾਰ ਅੱਜ ਦੇਸ਼ ਨੂੰ ਸਮਰਪਿਤ ਕਰ ਦਿੱਤੀ। ਇਸ ਜੰਗੀ ਯਾਦਗਾਰ ਵਿੱਚ ਆਜ਼ਾਦੀ ਮਗਰੋਂ ਦੇਸ਼ ਲਈ ਸ਼ਹਾਦਤ ਦੇਣ ਵਾਲੇ ਫ਼ੌਜੀ ਜਵਾਨਾਂ ਦੇ ਬੁੱਤ ਲਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਹੈ। ਲਗਪਗ 40 ਏਕੜ ਰਕਬੇ ਵਿੱਚ ਫੈਲੀ ਇਸ ਯਾਦਗਾਰ ਵਿੱਚ ਚਾਰ ਸਮਕੇਂਦਰੀ ਗੋਲ ਚੱਕਰ ਬਣਾਏ ਗਏ ਹਨ, ਜਿਨ੍ਹਾਂ ਨੂੰ ‘ਅਮਰ ਚੱਕਰ, ਵੀਰਤਾ ਚੱਕਰ, ਤਿਆਗ ਚੱਕਰ ਤੇ ਰਕਸ਼ਕ ਚੱਕਰ ਦਾ ਨਾਂ ਦਿੱਤਾ ਗਿਆ ਹੈ। ਟੈਬਲੇਟ ਦੀ ਸ਼ਕਲ ਵਾਲੇ ਸਖ਼ਤ ਦਾਣੇਦਾਰ ਪੱਥਰਾਂ ’ਤੇ ਸੁਨਹਿਰੀ ਅੱਖਰਾਂ ਵਿੱਚ ਸ਼ਹਾਦਤ ਪਾਉਣ ਵਾਲੇ 25,942 ਫ਼ੌਜੀਆਂ ਦੇ ਨਾਂ ਲਿਖੇ ਗਏ ਹਨ। ਇਸ ਦੇ ਕੇਂਦਰ ਵਿੱਚ ਇਕ ਮੀਨਾਰ, ਅਮਰ ਜਿਓਤੀ ਤੇ ਛੱਤੀ ਹੋਈ ਗੈਲਰੀ ਵਿੱਚ ਤਾਂਬੇ ਦੇ ਛੇ ਕੰਧ ਚਿੱਤਰ ਹਨ, ਜੋ ਭਾਰਤੀ ਥਲ ਸੈਨਾ, ਹਵਾਈ ਸੈਨਾ ਤੇ ਜਲਸੈਨਾ ਵੱਲੋਂ ਲੜੀਆਂ ਗਈਆਂ ਮਕਬੂਲ ਜੰਗਾਂ ਨੂੰ ਬਿਆਨ ਕਰਦੇ ਹਨ। ਇਸ ਯਾਦਗਾਰ ’ਤੇ 176 ਕਰੋੜ ਰੁਪਏ ਦੀ ਲਾਗਤ ਆਈ ਹੈ।ਪ੍ਰਧਾਨ ਮੰਤਰੀ ਨੇ ਪੱਥਰ ਦੀ ਬਣੀ ਮੀਨਾਰ ਦੇ ਹੇਠਾਂ ਜਿਓਤੀ ਪ੍ਰਜਵਲਿਤ ਕਰਕੇ ਕੌਮੀ ਜੰਗੀ ਯਾਦਗਾਰ ਨੂੰ ਮੁਲਕ ਨੂੰ ਸਮਰਪਿਤ ਕੀਤਾ। ਇਸ ਦੌਰਾਨ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰਾਂ ਨੇ ‘ਮਿਸਿੰਗ ਮੈਨ’ ਫਾਰਮੇਸ਼ਨ ਵਿੱਚ ਫਲਾਈ ਪਾਸਟ ਕਰਦਿਆਂ ਫੁੱਲਾਂ ਦੀ ਵਰਖਾ ਕੀਤੀ। ਕੌਮੀ ਯਾਦਗਾਰ ਵਿੱਚ ਉਨ੍ਹਾਂ ਸਿਪਾਹੀਆਂ ਨੂੰ ਸਰਧਾਂਜਲੀ ਦਿੱਤੀ ਗਈ ਹੈ, ਜਿਨ੍ਹਾਂ 1962 ਦੀ ਭਾਰਤ-ਚੀਨ ਜੰਗ, 1947, 1965 ਤੇ 1971 ਦੀਆਂ ਭਾਰਤ ਪਾਕਿ ਜੰਗਾਂ, ਸ੍ਰੀਲੰਕਾ ਵਿੱਚ ਭਾਰਤੀ ਫ਼ੌਜ ਵੱਲੋਂ ਸ਼ਾਂਤੀ ਲਈ ਚਲਾਏ ਅਪਰੇਸ਼ਨਾਂ ਤੇ 1999 ਦੀ ਕਾਰਗਿਲ ਜੰਗ ਦੌਰਾਨ ਸ਼ਹਾਦਤਾਂ ਦਿੱਤੀਆਂ। ਇਸ ਪ੍ਰਾਜੈਕਟ ਲਈ ਪ੍ਰਵਾਨਗੀ 18 ਦਸੰਬਰ 2015 ਨੂੰ ਦਿੱਤੀ ਗਈ ਸੀ ਜਦੋਂ ਕਿ ਅਸਲ ਕੰਮ ਪਿਛਲੇ ਸਾਲ ਫਰਵਰੀ ਵਿੱਚ ਸ਼ੁਰੂ ਹੋਇਆ ਸੀ। ਪੂਰੇ ਕੰਪਲੈਕਸ ਵਿੱਚ 16 ਕੰਧਾਂ ਉਸਾਰੀਆਂ ਗਈਆਂ ਹਨ। ਯਾਦਗਾਰ ਦੇ ਬਿਲਕੁਲ ਬਾਹਰਲੇ ਰਕਸ਼ਕ ਚੱਕਰ ਵਿੱਚ ਛੇ ਸੌ ਤੋਂ ਵੱਧ ਰੁੱਖ਼ ਲਾਏ ਗਏ ਹਨ ਤੇ ਇਕ ਰੁੱਖ ਕਈ ਸਿਪਾਹੀਆਂ ਨੂੰ ਦਰਸਾਉਂਦਾ ਹੈ, ਜੋ ਹਰ ਸਮੇਂ ਮੁਲਕ ਦੀ ਪ੍ਰਾਦੇਸ਼ਕ ਅਖੰਡਤਾ ਦੀ ਰਾਖੀ ਕਰਦੇ ਹਨ। ਯਾਦਗਾਰ ਕੰਪਲੈਕਸ ਵਿੱਚ ਪਰਮ ਯੋਧਾ ਸਥਲ ਵਿੱਚ ਪਰਮ ਚੱਕਰ ਹਾਸਲ ਕਰਨ ਵਾਲੇ 21 ਫ਼ੌਜੀਆਂ ਦੇ ਬੁੱਤ ਲਾਏ ਗਏ ਹਨ।