ਕੋਵਿਡ-19: ਹੁਣ ਲੌਕਡਾਊਨ ਲਾਉਣ ਦੀ ਲੋੜ ਨਹੀਂ

ਨਵੀਂ ਦਿੱਲੀ (ਸਮਾਜ ਵੀਕਲੀ) : ਸਰਕਾਰ ਵਲੋਂ ਆਈਆਈਟੀ ਹੈਦਰਾਬਾਦ ਦੇ ਪ੍ਰੋਫੈਸਰ ਐੱਮ. ਵਿੱਦਿਆਸਾਗਰ ਦੀ ਅਗਵਾਈ ਹੇਠ ਬਣਾਈ ਕਮੇਟੀ ਅਨੁਸਾਰ ਕੋਵਿਡ-19 ਦਾ ਫੈਲਾਅ ਰੋਕਣ ਲਈ ਜ਼ਿਲ੍ਹਾ ਜਾਂ ਸੂਬਾ ਪੱਧਰ ’ਤੇ ਊਦੋਂ ਤੱਕ ਕੋਈ ਨਵਾਂ ਲੌਕਡਾਊਨ ਲਾਊਣ ਦੀ ਲੋੜ ਨਹੀਂ ਹੈ ਜਦੋਂ ਤੱਕ ਸਿਹਤ ਸੰਭਾਲ ਸੇਵਾਵਾਂ ’ਤੇ ਹੱਦੋਂ ਵੱਧ ਬੋਝ ਪੈਣ ਦਾ ਖ਼ਤਰਾ ਨਾ ਹੋਵੇ। ਕਮੇਟੀ ਨੇ ਇਹ ਵੀ ਦਾਅਵਾ ਕੀਤਾ ਕਿ ਜੇਕਰ ਸਾਰੇ ਪ੍ਰੋਟੋਕੋਲਜ਼ ਦੀ ਪਾਲਣਾ ਕੀਤੀ ਜਾਂਦੀ ਹੈ ਤਾਂ ਮਹਾਮਾਰੀ ’ਤੇ ਅਗਲੇ ਸਾਲ ਦੇ ਸ਼ੁਰੂ ਤੱਕ ਕਾਬੂ ਪਾਇਆ ਜਾ ਸਕਦਾ ਹੈ ਅਤੇ ਫਰਵਰੀ ਦੇ ਅਖ਼ੀਰ ਤੱਕ ਲਾਗ ਦੇ ਸਰਗਰਮ ਕੇਸ ਬਹੁਤ ਜ਼ਿਆਦਾ ਘਟ ਜਾਣਗੇ।

10 ਮੈਂਬਰੀ ਪੈਨਲ ਵਲੋਂ ‘‘ਭਾਰਤ ਵਿੱਚ ਕੋਵਿਡ-19 ਮਹਾਮਾਰੀ ਦੀ ਪ੍ਰਗਤੀ: ਪੇਸ਼ੀਨਗੋਈ ਅਤੇ ਤਾਲਾਬੰਦੀ ਦੇ ਅਸਰ’’ ਨਾਂ ਦਾ ਅਧਿਐਨ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ ਜੇਕਰ ਤਾਲਾਬੰਦੀ ਨਾ ਕੀਤੀ ਜਾਂਦੀ ਤਾਂ ਮਹਾਮਾਰੀ ਨੇ ਭਾਰਤ ਨੂੰ ਬਹੁਤ ਬੁਰੀ ਤਰ੍ਹਾਂ ਝੰਜੋੜ ਦੇਣਾ ਸੀ ਅਤੇ ਜੂਨ ਵਿੱਚ ਸਭ ਤੋਂ ਵੱਧ 1.40 ਕਰੋੜ ਕੇਸ ਆਊਣੇ ਸਨ। ਕਮੇਟੀ ਨੇ ਕੋਵਿਡ-19 ਦੀ ਪ੍ਰਗਤੀ ਬਾਰੇ ਸਬੂਤ ਆਧਾਰਿਤ ਗਣਿਤ ਮਾਡਲ ਤਿਆਰ ਕੀਤਾ ਹੈ। ਕੌਮੀ ਪੱਧਰ ਦਾ ਇਹ ‘ਸੁਪਰ ਮਾਡਲ’ ਕਈ ਮਾਪਦੰਡਾਂ ’ਤੇ ਆਧਾਰਿਤ ਹੈ, ਜਿਵੇਂ ਤਾਲਾਬੰਦੀ ਦਾ ਸਮਾਂ, ਤਾਲਾਬੰਦੀ ਦੇ ਬਦਲ ਵਾਲੀ ਸਥਿਤੀ, ਪਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਦਾ ਅਸਰ ਅਤੇ ਮਹਾਮਾਰੀ ਦੀ ਭਵਿੱਖੀ ਸਥਿਤੀ, ਜਿਸ ਵਿੱਚ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਨਾ ਕਰਨਾ ਵੀ ਸ਼ਾਮਲ ਹੈ।

ਵਿਦਿਆਸਾਗਰ ਨੇ ਕਿਹਾ, ‘‘ਜੇਕਰ ਅਸੀਂ ਸਾਰੇ ਜਣੇ ਇਸ ਪ੍ਰੋਟੋਕੋਲ ਦੀ ਪਾਲਣਾ ਕਰੀਏ ਤਾਂ ਮਹਾਮਾਰੀ ’ਤੇ ਅਗਲੇ ਸਾਲ ਦੇ ਸ਼ੁਰੂ ਤੱਕ ਕਾਬੂ ਪਾਇਆ ਜਾ ਸਕਦਾ ਹੈ ਅਤੇ ਫਰਵਰੀ ਦੇ ਅਖੀਰ ਤੱਕ ਲਾਗ ਦੇ ਲੱਛਣਾਂ ਵਾਲੇ ਸਰਗਰਮ ਕੇਸ ਬਹੁਤ ਜ਼ਿਆਦਾ ਘੱਟ ਹੋ ਜਾਣਗੇ।  ਸਾਨੂੰ ਅਜੇ ਤੱਕ ਇਸ ਮਹਾਮਾਰੀ ਦੇ ਮੌਸਮ ਆਧਾਰਿਤ ਅਸਰ (ਆਮ ਤੌਰ ’ਤੇ ਠੰਢੇ ਮੌਸਮ ਵਿੱਚ ਵਾਇਰਸ ਵਧੇਰੇ ਸਰਗਰਮ ਹੋ ਜਾਂਦੇ ਹਨ) ਅਤੇ ਭਵਿੱਖ ਵਿੱਚ ਇਸ ਦੀ ਸੰਭਾਵਿਤ ਮਿਊਟੇਸ਼ਨ ਦੇ ਅਸਰਾਂ ਬਾਰੇ ਜਾਣਕਾਰੀ ਨਹੀਂ ਹੈ। ਇਸ ਕਰਕੇ ਮੌਜੂਦਾ ਨਿੱਜੀ ਸੁਰੱਖਿਆ ਪ੍ਰੋਟੋਕਲ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਲੋੜ ਹੈ। ਅਜਿਹਾ ਨਾ ਕਰਨ ’ਤੇ ਅਸੀਂ ਲਾਗ ਦੇ ਕੇਸਾਂ ਦੀ ਗਿਣਤੀ ਵਿੱਚ ਤਿੱਖਾ ਵਾਧਾ ਦੇਖਾਂਗੇ।

ਜ਼ਿਲ੍ਹਾ ਅਤੇ ਸੂਬਾ ਪੱਧਰਾਂ ’ਤੇ ਊਦੋਂ ਤੱਕ ਹੋਰ ਲੌਕਡਾਊਨ ਨਹੀਂ ਲਾਊਣੇ ਚਾਹੀਦੇ ਜਦੋਂ ਤੱਕ ਸਿਹਤ ਸੰਭਾਲ ਸੇਵਾਵਾਂ ’ਤੇ ਹੱਦੋਂ ਵੱਧ ਬੋਝ ਪੈਣ ਦਾ ਖ਼ਤਰਾ ਨਾ ਹੋਵੇ।’’ ਕਮੇਟੀ ਵਿੱਚ ਸ਼ਾਮਲ ਪ੍ਰੋਫੈਸਰਾਂ ਅਤੇ ਵਿਗਿਆਨੀਆਂ ਨੇ ਕਿਹਾ ਕਿ ਤਿਊਹਾਰਾਂ ਅਤੇ ਸਰਦੀਆਂ ਦੇ ਮੌਸਮ ਦੌਰਾਨ ਲਾਗ ਦੇ ਫੈਲਣ ਦਾ ਖ਼ਤਰਾ ਵਧਣ ਦੀ ਸੰਭਾਵਨਾ ਹੈ ਪ੍ਰੰਤੂ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਕੇ ਸਾਰੀਆਂ ਗਤੀਵਿਧੀਆਂ ਨੂੰ ਬਹਾਲ ਕੀਤਾ ਜਾ ਸਕਦਾ ਹੈ। ਊਨ੍ਹਾਂ ਕਿਹਾ ਕਿ ਜਲਦੀ ਅਤੇ ਪੂਰੀ ਤਰ੍ਹਾਂ ਲਾਏ ਲੌਕਡਾਊਨ ਕਾਰਨ ਕੇਸਾਂ ਦਾ ਸਿਖ਼ਰ ਦੂਰ ਭਵਿੱਖ ਤੱਕ ਚਲਾ ਗਿਆ ਅਤੇ ਸਿਹਤ ਪ੍ਰਣਾਲੀ ’ਤੇ ਕੇਸਾਂ ਦਾ ਸਿਖ਼ਰ ਬੋਝ ਵੀ ਘਟ ਗਿਆ।

Previous articleBJP’s ‘vote katwa’ remarks hurt, insult my late father: Chirag
Next articleਬਿਹਾਰ ਚੋਣਾਂ: ਭਾਜਪਾ ਉਮੀਦਵਾਰਾਂ ਖ਼ਿਲਾਫ਼ ਪ੍ਰਚਾਰ ਕਰੇਗੀ ਕਿਸਾਨ ਸੰਘਰਸ਼ ਕਮੇਟੀ