ਨਵੀਂ ਦਿੱਲੀ (ਸਮਾਜ ਵੀਕਲੀ) : ਕੋਵਿਡ-19 ਖ਼ਿਲਾਫ਼ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਦੌਰਾਨ 50 ਤੋਂ ਵੱਧ ਸਿਹਤ ਮੁਲਾਜ਼ਮਾਂ ਵਿੱਚ ਮਾੜੇ ਲੱਛਣ ਪਾਏ ਗਏ ਤੇ ਇਕ ਮੁਲਾਜ਼ਮ ਨੂੰ ਏਮਜ਼ ਵਿੱਚ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਹੈ। ਦੋ ਕੇਸ ਚਰਕ ਹਸਪਤਾਲ ਤੋਂ ਸਾਹਮਣੇ ਆਏ ਹਨ, ਜਦੋਂ ਕਿ ਦੋ ਹੋਰ ਉੱਤਰੀ ਰੇਲਵੇ ਦੇ ਕੇਂਦਰੀ ਹਸਪਤਾਲ ਤੋਂ ਸਾਹਮਣੇ ਆਏ ਹਨ।
ਦਿੱਲੀ ਦੇ ਦੱਖਣ ਅਤੇ ਦੱਖਣ-ਪੱਛਮ ਜ਼ਿਲ੍ਹਿਆਂ ਵਿੱਚ 11 ਕੇਸ ਦਰਜ ਕੀਤੇ ਗਏ, ਜਦੋਂ ਕਿ ਪੂਰਬੀ ਤੇ ਪੱਛਮੀ ਜ਼ਿਲ੍ਹਿਆਂ ਵਿੱਚ ਹਰੇਕ ਵਿੱਚ ਛੇ ਕੇਸ ਦਰਜ ਕੀਤੇ ਗਏ। ਉੱਤਰ ਪੱਛਮੀ ਦਿੱਲੀ ਵਿਚ ਚਾਰ ਘਟਨਾਵਾਂ ਸਾਹਮਣੇ ਆਈਆਂ, ਦੋ ਕੇਂਦਰੀ ਦਿੱਲੀ ਵਿਚ ਅਤੇ ਇਕ ਉੱਤਰੀ ਦਿੱਲੀ ਵਿਚ। ਦੱਖਣੀ ਦਿੱਲੀ ਦਾ ਇਕ ਕੇਸ ਗੰਭੀਰ ਦੱਸਿਆ ਗਿਆ ਹੈ। ਗੰਭੀਰ ਲੱਛਣਾਂ ਤੋਂ ਪ੍ਰਭਾਵਿਤ ਵਿਅਕਤੀ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੇ ‘ਆਈਸੀਯੂ’ ਵਿੱਚ ਦਾਖ਼ਲ ਕਰਵਾਇਆ ਗਿਆ।
ਇਸ ਵਿਅਕਤੀ ਨੂੰ ਜਦੋਂ ਬੀਤੇ ਦਿਨ ਟੀਕਾ ਲਾਇਆ ਗਿਆ ਸੀ ਤਾਂ 10 ਮਿੰਟ ਮਗਰੋਂ ਹੀ ਉਸ ਨੂੰ ਸਿਰ ਦਰਦ, ਸ਼ਰੀਰ ‘ਤੇ ਧੱਫੜ, ਸਾਹ ਲੈਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਡਾਕਟਰਾਂ ਮੁਤਾਬਕ ਉਸ ਨੂੰ ਏਵਿਲ ਤੇ ਹਾਈਡ੍ਰੋਕਾਰਟੀਸੋਨ ਦਿੱਤੀ ਗਈ, ਫਿਰ ਵੀ ਸੁਧਾਰ ਨਾ ਹੋਣ ਮਗਰੋਂ ਆਈਸੀਯੂ ਵਿੱਚ ਦਾਖ਼ਲ ਕੀਤਾ ਗਿਆ। ਉਸ ਦੇ ਕੇਸ ਨੂੰ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੰਭੀਰ ਏਈਐਫਆਈ ਵਜੋਂ ਸ਼੍ਰੇਣੀਬੱਧ ਕੀਤਾ ਗਿਆ।