ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਕ੍ਰਿਕਟ ਬੋਰਡਾਂ ਨੇ ਦੁਨੀਆਂ ਭਰ ਵਿੱਚ ਕਰੋਨਾਵਾਇਰਸ ਦੇ ਵਧਦੇ ਖ਼ਤਰੇ ਕਾਰਨ ਕਰਾਚੀ ਵਿੱਚ ਹੋਣ ਵਾਲੇ ਇੱਕ-ਰੋਜ਼ਾ ਮੁਕਾਬਲੇ ਅਤੇ ਟੈਸਟ ਮੈਚ ਅੱਜ ਅਣਮਿਥੇ ਸਮੇਂ ਲਈ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।
ਬੰਗਲਾਦੇਸ਼ ਨੇ ਪਹਿਲੀ ਅਪਰੈਲ ਨੂੰ ਇੱਕ ਰੋਜ਼ਾ ਕੌਮਾਂਤਰੀ ਮੈਚ ਅਤੇ 5 ਤੋਂ 9 ਅਪਰੈਲ ਤੱਕ ਦੂਜਾ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਮੈਚ ਖੇਡਣ ਲਈ 29 ਮਾਰਚ ਨੂੰ ਕਰਾਚੀ ਆਉਣਾ ਸੀ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਬਿਆਨ ਵਿੱਚ ਕਿਹਾ, “ਦੋਵੇਂ ਬੋਰਡ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਚਨਬੱਧਤਾ ਨੂੰ ਦੁਹਰਾਉਣ ਹੁਣ ਮਿਲ ਕੇ ਕੰਮ ਕਰਨਗੇ ਅਤੇ ਭਵਿੱਖ ਦੀਆਂ ਤਰੀਕਾਂ ਤੈਅ ਕਰਨਗੇ।” ਲੜੀ ਦਾ ਪਹਿਲਾ ਟੈਸਟ ਮੈਚ 7 ਤੋਂ 10 ਫਰਵਰੀ ਤੱਕ ਰਾਵਲਪਿੰਡੀ ਵਿੱਚ ਖੇਡਿਆ ਗਿਆ, ਜੋ ਪਾਕਿਸਤਾਨ ਨੇ ਪਾਰੀ ਅਤੇ 44 ਦੌੜਾਂ ਨਾਲ ਜਿੱਤਿਆ ਸੀ।
ਪੀਸੀਬੀ ਨੇ ਪਾਕਿਸਤਾਨ ਕੱਪ ਇੱਕ-ਰੋਜ਼ਾ ਟੂਰਨਾਮੈਂਟ ਨੂੰ ਵੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ, ਜੋ 24 ਮਾਰਚ ਨੂੰ ਖੇਡਿਆ ਜਾਣਾ ਸੀ। ਕਰਾਚੀ ਸਿੰਧ ਪ੍ਰਾਂਤ ਦਾ ਉਹ ਹਿੱਸਾ ਹੈ, ਜਿਥੇ ਪਾਕਿਸਤਾਨ ਵਿੱਚ ਕਰੋਨਾਵਾਇਰਸ ਦੇ ਸਭ ਤੋਂ ਵੱਧ ਲਗਪਗ 75 ਮਾਮਲੇ ਸਾਹਮਣੇ ਆਏ ਹਨ। ਦੁਨੀਆਂ ਭਰ ਵਿੱਚ ਇਸ ਵਾਇਰਸ ਕਾਰਨ ਛੇ ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਪੀਸੀਬੀ ਨੂੰ ਪਹਿਲਾਂ ਹੀ ਪਾਕਿਸਤਾਨ ਸੁਪਰ ਲੀਗ ਦੇ ਪ੍ਰੋਗਰਾਮ ਵਿੱਚ ਸੋਧ ਕਰਨ ਅਤੇ ਮੈਚਾਂ ਦੀ ਗਿਣਤੀ ਘਟਾਉਣ ਲਈ ਮਜਬੂਰ ਹੋਣਾ ਪਿਆ ਹੈ। ਕੋਵਿਡ-19 ਦੇ ਵਧਦੇ ਖ਼ਤਰੇ ਕਾਰਨ ਕਈ ਵਿਦੇਸ਼ੀ ਖਿਡਾਰੀ ਘਰ ਪਰਤ ਗਏ ਹਨ ਅਤੇ ਪੀਐੱਸਐੱਲ ਦੇ ਬਾਕੀ ਮੈਚ ਕਰਾਚੀ ਅਤੇ ਲਾਹੌਰ ਦੇ ਖਾਲੀ ਸਟੇਡੀਅਮ ਵਿੱਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਪੀਸੀਬੀ ਨੇ ਅੱਜ ਐਲਾਨ ਕੀਤਾ ਕਿ ਦੋ ਆਸਟਰੇਲੀਆਈ ਖਿਡਾਰੀ ਕ੍ਰਿਸ ਲਿਨ ਅਤੇ ਡੇਵਿਡ ਵਾਇਸੀ ਅਤੇ ਸ੍ਰੀਲੰਕਾ ਦਾ ਲੈੱਗ ਸਪਿੰਨਰ ਸੇਕੁਗੇ ਪ੍ਰਸੰਨਾ ਦੇਸ਼ ਪਰਤ ਗਏ ਹਨ। ਪੀਐੱਸਐੱਲ ਦੇ ਸੈਮੀਫਾਈਨਲ ਮੰਗਲਵਾਰ ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਦਰਸ਼ਕਾਂ ਦੀ ਗੈਰ-ਮੌਜੂਦਗੀ ਖੇਡੇ ਜਾਣਗੇ, ਜਦੋਂਕਿ ਫਾਈਨਲ ਐਤਵਾਰ ਨੂੰ ਖੇਡਿਆ ਜਾਵੇਗਾ।
Sports ਕੋਵਿਡ-19: ਬੰਗਲਾਦੇਸ਼ ਦਾ ਪਾਕਿਸਤਾਨ ਦੌਰਾ ਰੱਦ