ਅਮਰੀਕਾ (ਸਮਾਜ ਵੀਕਲੀ)- ਅਮਰੀਕਾ ਵਿਚ ਕਰੋਨਾਵਾਇਰਸ ਨਾਲ ਕਰੀਬ ਇਕ ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ ਤੇ ਮੌਤਾਂ ਦੀ ਗਿਣਤੀ ਦੋ ਹਫ਼ਤਿਆਂ ਵਿਚ ਵਧਣ ਦੀ ਸੰਭਾਵਨਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਸਿਹਤ ਮਾਹਿਰਾਂ ਦੇ ਹਵਾਲੇ ਨਾਲ ਇਹ ਚਿਤਾਵਨੀ ਦਿੱਤੀ ਹੈ। ਮੌਤਾਂ ਦੀ ਗਿਣਤੀ ਅੰਦਾਜ਼ਿਆਂ ’ਤੇ ਅਧਾਰਿਤ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ‘ਸੋਸ਼ਲ ਡਿਸਟੈਂਸਿੰਗ’ (ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ) ਬਾਰੇ ਜਾਰੀ ਹਦਾਇਤਾਂ 30 ਅਪਰੈਲ ਤੱਕ ਵੱਧ ਸਕਦੀਆਂ ਹਨ। ਉਨ੍ਹਾਂ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦ ਨਿਊਯਾਰਕ ਸੂਬੇ, ਜੋ ਕਿ ਕਰੋਨਾਵਾਇਰਸ ਦਾ ਕੇਂਦਰ ਬਣਿਆ ਹੋਇਆ ਹੈ, ’ਚ ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਸੂਬੇ ਦੇ ਗਵਰਨਰ ਐਂਡਰਿਊ ਕਿਊਮੋ ਨੇ ਚਿਤਾਵਨੀ ਦਿੱਤੀ ਹੈ ਕਿ ਸੰਕਟ ਖ਼ਤਮ ਹੋਣ ਤੱਕ ਹਜ਼ਾਰਾਂ ਲੋਕ ਜਾਨ ਗੁਆ ਬੈਠਣਗੇ। ਅਮਰੀਕਾ ਵਿਚ ਕੇਸਾਂ ਦੀ ਕੁੱਲ ਗਿਣਤੀ 1,43,025 ਹੋ ਗਈ ਹੈ ਤੇ 2,509 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਡੇਟਾ ਜੌਹਨ ਹੌਪਕਿਨਸ ਯੂਨੀਵਰਸਿਟੀ ਨੇ ਜਾਰੀ ਕੀਤਾ ਹੈ। ਦੇਸ਼ ਵਾਸੀਆਂ ਨੂੰ ਭਰੋਸਾ ਦਿੰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਪਹਿਲੀ ਜੂਨ ਤੋਂ ਬਾਅਦ ਹਾਲਤ ਸੁਧਰੇਗੀ। ਟਰੰਪ ਨੇ ਟੈਲੀਵਿਜ਼ਨ ’ਤੇ ਪ੍ਰਸਾਰਿਤ ਕੀਤੀ ਗਈ ਮੀਡੀਆ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਈਟ ਹਾਊਸ ਟਾਸਕ ਫੋਰਸ ਦੇ ਮੈਂਬਰਾਂ- ਡਾ. ਡੇਬੋਰਾਹ ਬਿਕਸ ਤੇ ਡਾ. ਐਂਥਨੀ ਫੌਚੀ ਦੇ ਸੁਝਾਅ ਮੁਤਾਬਕ ਸਮਾਜਿਕ ਦੂਰੀ ਸਬੰਧੀ ਨੇਮ 30 ਅਪਰੈਲ ਤੱਕ ਲਾਗੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਇਨਫ਼ੈਕਸ਼ਨ ਦੀ ਗਿਣਤੀ ਘਟੇਗੀ ਤੇ ਮੌਤਾਂ ਵੀ ਘੱਟ ਹੋਣਗੀਆਂ।
ਰਾਸ਼ਟਰਪਤੀ ਨੇ ਅਮਰੀਕੀ ਲੋਕਾਂ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਦਾ ਨਿਰਸਵਾਰਥ ਯੋਗਦਾਨ ਤੇ ਯਤਨ ਕਈ ਜ਼ਿੰਦਗੀਆਂ ਬਚਾਉਣਗੇ।