ਕਰੋਨਾਵਾਇਰਸ: ਪਾਜ਼ੇਟਿਵ ਕੇਸਾਂ ਦੀ ਗਿਣਤੀ ਸੱਤ ਲੱਖ ਤੋਂ ਪਾਰ

ਪੈਰਿਸ, (ਸਮਾਜ ਵੀਕਲੀ)- ਆਲਮੀ ਪੱਧਰ ’ਤੇ ਕਰੋਨਾਵਾਇਰਸ ਦੇ ਕੇਸ ਸੱਤ ਲੱਖ ਤੋਂ ਪਾਰ ਹੋ ਗਏ ਹਨ ਤੇ ਮ੍ਰਿਤਕਾਂ ਦੀ ਗਿਣਤੀ 33 ਹਜ਼ਾਰ ਤੋਂ ਟੱਪ ਗਈ ਹੈ। ਅਧਿਕਾਰਤ ਅੰਕੜਿਆਂ ਮੁਤਾਬਕ 183 ਦੇਸ਼ ਵਾਇਰਸ ਦੀ ਲਪੇਟ ਵਿਚ ਹਨ ਤੇ ਕੇਸਾਂ ਦੀ ਗਿਣਤੀ 7,15,204 ਹੈ। ਇਨ੍ਹਾਂ ਵਿਚੋਂ 33,568 ਵਾਇਰਸ ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਅੰਕੜਿਆਂ ਮੁਤਾਬਕ ਅਮਰੀਕਾ ਵਿਚ ਇਸ ਵੇਲੇ ਸਭ ਤੋਂ ਵੱਧ 143,025 ਮਾਮਲੇ ਹਨ ਤੇ 2,514 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਵਿਚ ਇਸ ਰੋਗ ਦੇ 97,689 ਮਾਮਲੇ ਦਰਜ ਕੀਤੇ ਗਏ ਹਨ ਤੇ 10,779 ਮੌਤਾਂ ਹੋ ਚੁੱਕੀਆਂ ਹਨ। ਦੁਨੀਆ ਵਿਚ ਇਸ ਵਾਇਰਸ ਨਾਲ ਸਭ ਤੋਂ ਵੱਧ ਮੌਤਾਂ ਇਟਲੀ ਵਿਚ ਹੋਈਆਂ ਹਨ।

ਚੀਨ ਵਿਚ ਕਰੋਨਾਵਾਇਰਸ ਦੀ ਲਾਗ਼ ਦੇ 81,470 ਕੇਸ ਸਾਹਮਣੇ ਆਏ ਸਨ ਤੇ 3,304 ਮਰੀਜ਼ਾਂ ਦੀ ਮੌਤ ਹੋਈ ਸੀ। ਇਹ ਅੰਕੜੇ ਵਾਇਰਸ ਫੈਲਣ ਦੇ ਕੁੱਲ ਮਾਮਲਿਆਂ ਦਾ ਮਹਿਜ਼ ਇਕ ਹਿੱਸਾ ਹੀ ਪ੍ਰਦਰਸ਼ਿਤ ਕਰਦੇ ਹਨ ਕਿਉਂਕਿ ਕਈ ਦੇਸ਼ਾਂ ਵਿਚ ਅਜੇ ਵੀ ਜਦ ਕਿਸੇ ਨੂੰ ਗੰਭੀਰ ਲੱਛਣਾਂ ਨਾਲ ਹਸਪਤਾਲ ਵਿਚ ਭਰਤੀ ਕੀਤਾ ਜਾਂਦਾ ਹੈ ਤਾਂ ਮਾਮਲਾ ਸ਼ੱਕੀ ਲੱਗਣ ’ਤੇ ਹੀ ਟੈਸਟ ਕੀਤਾ ਜਾਂਦਾ ਹੈ। ਇਟਲੀ ਦੀ ਸਰਕਾਰ ਨੇ ਕਿਹਾ ਹੈ ਕਿ ‘ਲੰਮਾ ਲਾਕਡਾਊਨ’ ਹੌਲੀ-ਹੌਲੀ ਖ਼ਤਮ ਕੀਤਾ ਜਾਵੇਗਾ। ਬੇਸ਼ੱਕ ਮੁਲਕ ਨੂੰ ਆਰਥਿਕ ਤੰਗੀ ਝੱਲਣੀ ਪੈ ਰਹੀ ਤੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ, ਪਰ ਸਰਕਾਰ ਲੋਕਾਂ ਨੂੰ ਲੰਮੀ ਤਾਲਾਬੰਦੀ ਲਈ ਤਿਆਰ ਕਰ ਰਹੀ ਹੈ। ਹਾਲਾਂਕਿ ਇਟਲੀ ਵਿਚ ਮੌਤਾਂ ਦੀ ਗਿਣਤੀ ਕੁਝ ਘਟੀ ਹੈ। ਪੂਰੇ ਇਟਲੀ ਨੂੰ ਬੰਦ ਕੀਤਾ ਗਿਆ ਹੈ ਤੇ ਕਿਸੇ ਪੱਛਮੀ ਮੁਲਕ ਵਿਚ ਇਹ ਪਹਿਲੀ ਵਾਰ ਹੋਇਆ ਹੈ। ਸਰਕਾਰ ਨੇ ਤਿੰਨ ਅਪਰੈਲ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਸੀ ਜਿਸ ਨੂੰ ਹੁਣ ਵਧਾਇਆ ਜਾ ਸਕਦਾ ਹੈ। ਸਪੇਨ ਵਿਚ ਲੰਘੇ 24 ਘੰਟਿਆਂ ਦੌਰਾਨ ਇਨਫ਼ੈਕਸ਼ਨ ਕਾਰਨ 812 ਮੌਤਾਂ ਹੋਈਆਂ ਹਨ। ਮੁਲਕ ਵਿਚ ਮੌਤਾਂ ਦੀ ਗਿਣਤੀ 7,340 ਹੋ ਗਈ ਹੈ। ਵੀਰਵਾਰ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਮੌਤਾਂ ਦੀ ਗਿਣਤੀ ਘਟੀ ਹੈ। ਇਟਲੀ ਤੋਂ ਬਾਅਦ ਵਾਇਰਸ ਦੀ ਸਭ ਤੋਂ ਵੱਧ ਮਾਰ ਸਪੇਨ ਨੂੰ ਪਈ ਹੈ। ਐਤਵਾਰ ਮੌਤਾਂ ਦਾ ਅੰਕੜਾ 838 ਸੀ।

Previous articleਕੋਵਿਡ-19: ਟਰੰਪ ਮੁਤਾਬਕ ਦੋ ਹਫ਼ਤਿਆਂ ’ਚ ਮੌਤ ਦਰ ਸਿਖ਼ਰ ’ਤੇ ਹੋਵੇਗੀ
Next articlePunjab CM apprises Bihar counterpart on migrants