ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਵਿਚ ਕੋਵਿਡ ਕੇਸਾਂ ਦਾ ਅੰਕੜਾ 18 ਲੱਖ ਤੋਂ ਪਾਰ ਹੋ ਗਿਆ ਹੈ। ਇਕ ਦਿਨ ਪਹਿਲਾਂ ਹੀ ਕੇਸਾਂ ਦੀ ਗਿਣਤੀ 17 ਲੱਖ ਸੀ। ਲਗਾਤਾਰ ਪੰਜਵੇਂ ਦਿਨ ਕਰੋਨਾਵਾਇਰਸ ਦੇ 50 ਹਜ਼ਾਰ ਤੋਂ ਵੱਧ ਕੇਸ (52,972 ਮਾਮਲੇ) ਸਾਹਮਣੇ ਆਏ ਹਨ। ਰਿਕਵਰ ਹੋਏ ਕੇਸਾਂ ਦੀ ਗਿਣਤੀ 11.86 ਲੱਖ ਹੋ ਗਈ ਹੈ।
ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਮੁਲਕ ਵਿਚ ਕੋਵਿਡ ਦੇ ਦੋ ਕਰੋੜ ਤੋਂ ਵੱਧ ਟੈਸਟ ਹੋ ਚੁੱਕੇ ਹਨ। ਮੁਲਕ ਵਿਚ ਹੁਣ ਤੱਕ ਕਰੋਨਾਵਾਇਰਸ ਦੇ 18,03,695 ਕੇਸ ਸਾਹਮਣੇ ਆ ਚੁੱਕੇ ਹਨ। ਚੌਵੀ ਘੰਟਿਆਂ ਵਿਚ 771 ਮੌਤਾਂ ਹੋਈਆਂ ਹਨ ਤੇ ਕੁੱਲ ਮੌਤਾਂ ਦੀ ਗਿਣਤੀ 38,135 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 5,79,357 ਹੈ। ਪਿਛਲੇ ਚੌਵੀ ਘੰਟਿਆਂ ਵਿਚ 40,574 ਲੋਕ ਵਾਇਰਸ ਤੋਂ ਉੱਭਰੇ ਹਨ। ਮੁਲਕ ਵਿਚ ਕੋਵਿਡ-19 ਦੀ ਰਿਕਵਰੀ ਦਰ 65.77 ਫ਼ੀਸਦ ਹੈ।
ਜਦਕਿ ਮੌਤ ਦਰ 2.11 ਫ਼ੀਸਦ ਦੇ ਨੇੜੇ-ਤੇੜੇ ਹੈ। ਚੌਵੀ ਘੰਟਿਆਂ ਵਿਚ 260 ਮੌਤਾਂ ਮਹਾਰਾਸ਼ਟਰ ਵਿਚ, 98 ਤਾਮਿਲਨਾਡੂ ’ਚ, 84 ਕਰਨਾਟਕ ਵਿਚ, 67 ਆਂਧਰਾ ਪ੍ਰਦੇਸ਼ ਵਿਚ, 53 ਯੂਪੀ ਵਿਚ, 49 ਪੱਛਮੀ ਬੰਗਾਲ ’ਚ, 22 ਗੁਜਰਾਤ ਤੇ 20 ਬਿਹਾਰ ਵਿਚ ਹੋਈਆਂ ਹਨ। ਦਿੱਲੀ ਵਿਚ 15, ਜੰਮੂ ਕਸ਼ਮੀਰ ਵਿਚ ਅੱਠ ਤੇ ਰਾਜਸਥਾਨ ਵਿਚ 13 ਹੋਰ ਮੌਤਾਂ ਹੋਈਆਂ ਹਨ।
ਹਰਿਆਣਾ ਤੇ ਝਾਰਖੰਡ ਵਿਚ 5-5 ਮੌਤਾਂ ਹੋਈਆਂ ਹਨ। ਮਹਾਰਾਸ਼ਟਰ ਵਿਚ ਹੁਣ ਤੱਕ ਸਭ ਤੋਂ ਵੱਧ 15,576 ਮੌਤਾਂ ਕੋਵਿਡ ਕਾਰਨ ਹੋ ਚੁੱਕੀਆਂ ਹਨ। ਤਾਮਿਲਨਾਡੂ ਵਿਚ 4,132 ਤੇ ਦਿੱਲੀ ਵਿਚ 4004 ਮੌਤਾਂ ਹੋ ਚੁੱਕੀਆਂ ਹਨ। ਮੌਤਾਂ ਤੇ ਕੇਸਾਂ ਦੇ ਮਾਮਲੇ ਵਿਚ ਮਹਾਰਾਸ਼ਟਰ, ਦਿੱਲੀ, ਤਾਮਿਲਨਾਡੂ, ਗੁਜਰਾਤ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਉੱਤਰ-ਪੂਰਬੀ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੀ ਕੇਸ ਸਾਹਮਣੇ ਆ ਰਹੇ ਹਨ।