ਨਵੀਂ ਦਿੱਲੀ (ਸਮਾਜ ਵੀਕਲੀ): ਟੀਕਾਕਰਨ ਬਾਰੇ ਕੌਮੀ ਤਕਨੀਕੀ ਮਾਹਿਰਾਂ ਦੇ ਸਮੂਹ (ਐੱਨਟੀਏਜੀਆਈ) ਨੇ ਸੁਝਾਅ ਦਿੱਤਾ ਹੈ ਕਰੋਨਾ ਪਾਜ਼ੇਟਿਵ ਵਿਅਕਤੀ, ਇਸ ਲਾਗ ਤੋਂ ਪੂਰੀ ਤਰ੍ਹਾਂ ਤੰਦਰੁਸਤ ਹੋਣ ਮਗਰੋਂ ਘੱਟੋ-ਘੱਟ ਛੇ ਮਹੀਨਿਆਂ ਦੀ ਵਕਫ਼ੇ ਨਾਲ ਵੈਕਸੀਨ ਲਗਵਾਉਣ। ਮੌਜੂਦਾ ਸਮੇਂ ਇਹ ਮਿਆਦ 14 ਦਿਨਾਂ ਦੀ ਹੈ। ਮਾਹਿਰਾਂ ਦੇ ਸਮੂਹ ਨੇ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਨੂੰ ਇਲਾਜ ਦੌਰਾਨ ਪਲਾਜ਼ਮਾ ਚੜ੍ਹਿਆ ਹੈ, ਉਹ ਠੀਕ ਹੋਣ ਤੋਂ 12 ਹਫ਼ਤਿਆਂ ਮਗਰੋਂ ਟੀਕੇ ਲਵਾਉਣ। ਉਨ੍ਹਾਂ ਕਿਹਾ ਕਿ ਕੋਵੀਸ਼ੀਲਡ ਦੀ ਦੂਜੀ ਖੁਰਾਕ ਮੌਜੂਦਾ 6 ਤੋਂ 8 ਹਫ਼ਤਿਆਂ ਦੇ ਵਕਫ਼ੇ ਦੀ ਥਾਂ 12 ਤੋਂ 16 ਹਫ਼ਤਿਆਂ ਅੰਦਰ ਵੀ ਲਵਾਈ ਜਾ ਸਕਦੀ ਹੈ।
ਅਜਿਹੇ ਲੋਕ ਜੋ ਅਕਸਰ ਗੰਭੀਰ ਬਿਮਾਰ ਰਹਿੰਦੇ ਹਨ, ਤੰਦਰੁਸਤ ਹੋਣ ਮਗਰੋਂ ਚਾਰ ਤੋਂ ਅੱਠ ਹਫ਼ਤਿਆਂ ਅੰਦਰ ਟੀਕਾ ਲਵਾ ਸਕਦੇ ਹਨ। ਐੱਨਟੀਏਜੀਆਈ ਵੱਲੋਂ ਕੀਤੀਆਂ ਉਪਰੋਕਤ ਸਿਫਾਰਸ਼ਾਂ ਹੁਣ ਘੋਖ ਲਈ ਵੈਕਸੀਨ ਸੰਚਾਲਨ ਬਾਰੇ ਮਾਹਿਰਾਂ ਦੇ ਕੌਮੀ ਸਮੂਹ (ਐੱਨਈਜੀਵੈਕ) ਨੂੰ ਭੇਜੀਆਂ ਜਾਣਗੀਆਂ, ਜੋ ਅੱਗੋਂ ਇਨ੍ਹਾਂ ਨੂੰ ਪ੍ਰਵਾਨਗੀ ਲਈ ਸਰਕਾਰ ਕੋਲ ਭੇਜੇਗਾ। ਉਂਜ ਇਹ ਸਿਫਾਰਸ਼ਾਂ ਅਜਿਹੇ ਮੌਕੇ ਕੀਤੀਆਂ ਗਈਆਂ ਹਨ, ਜਦੋਂ ਦੇਸ਼ ਵਿੱਚ ਵੈਕਸੀਨ ਦੀ ਵੱਡੀ ਕਿੱਲਤ ਹੈ ਤੇ ਵੈਕਸੀਨ ਦੀ ਦੂਜੀ ਖੁਰਾਕ ਨਿਰਧਾਰਿਤ ਸਮੇਂ ਨਾਲੋਂ ਪੱਛੜਨ ਲੱਗੀ ਹੈ। ਹਾਲਾਂਕਿ ਇਸ ਗੱਲ ਦੇ ਸਬੂਤ ਮੌਜੂਦ ਹਨ ਕਿ ਜਿਨ੍ਹਾਂ ਲੋਕਾਂ ਨੂੰ ਕਦੇ ਕਰੋਨਾ ਹੋਇਆ ਹੈ, ਉਨ੍ਹਾਂ ਵਿੱਚੋਂ 80 ਫੀਸਦ ਲੋਕਾਂ ਦੇ ਸਰੀਰ ਵਿੱਚ ਕੁਦਰਤੀ ਐਂਟੀਬਾਡੀਜ਼ ਵਿਕਸਤ ਹੋਰ ਜਾਂਦੇ ਹਨ, ਜੋ ਘੱਟੋ-ਘੱਟ ਸੱਤ ਮਹੀਨਿਆਂ ਤੱਕ ਸੁਰੱਖਿਆ ਢਾਲ ਦਿੰਦੇ ਹਨ।
ਐੱਨਟੀਏਜੀਆਈ ਨੇ ਕੋਵੀਸ਼ੀਲਡ ਟੀਕੇ ਦੀਆਂ ਦੋ ਖੁਰਾਕਾਂ ਵਿਚਾਲੇ ਅੰਤਰ ਵਧਾ ਕੇ 12-16 ਹਫ਼ਤੇ ਕਰਨ ਦੀ ਸਿਫ਼ਾਰਸ਼ ਕੀਤੀ ਹੈ ਤੇ ਕਿਹਾ ਹੈ ਕਿ ‘ਕੋਵੈਕਸਿਨ’ ਦੀਆਂ ਖੁਰਾਕਾਂ ਵਿਚਾਲੇ ਸਮੇਂ ਵਿੱਚ ਬਦਲਾਅ ਕਰਨ ਦੀ ਲੋੜ ਨਹੀਂ ਹੈ। ਸਮੂਹ ਨੇ ਕਿਹਾ ਹੈ ਕਿ ਗਰਭਵਤੀ ਔਰਤਾਂ ਨੂੰ ਕੋਵਿਡ-19 ਟੀਕਾ ਲਗਾਇਆ ਜਾ ਸਕਦਾ ਹੈ। ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕਿਸੇ ਵੀ ਸਮੇਂ ਟੀਕਾ ਲਗਵਾ ਸਕਦੀਆਂ ਹਨ। ਕਾਬਿਲੇਗੌਰ ਹੈ ਕਿ ਪਹਿਲੀ ਮਈ ਤੋਂ ਸ਼ੁਰੂ ਹੋਏ 18 ਤੋਂ 45 ਸਾਲ ਉਮਰ ਵਰਗ ਦੇ ਟੀਕਾਕਰਨ ਦੇ ਤੀਜੇ ਗੇੜ ਲਈ ਸਰਕਾਰ ਵੱਲੋਂ ਨਿਰਧਾਰਿਤ ਵੈਕਸੀਨ ਪਾਲਿਸੀ ਕਰਕੇ ਰਾਜਾਂ ਵਿੱਚ ਵੈਕਸੀਨ ਦੀ ਵੱਡੀ ਘਾਟ ਹੈ।
ਟੀਕਿਆਂ ਦੀ ਕਿੱਲਤ ਕਰਕੇ ਵੱਡੀ ਗਿਣਤੀ ਰਾਜਾਂ ਵਿੱਚ 18 ਤੋਂ 45 ਉਮਰ ਵਰਗ ਦੇ ਟੀਕਾਕਰਨ ਦਾ ਅਮਲ ਵੀ ਪੱਛੜ ਗਿਆ ਹੈ। ਉਪਰੋਂ ਸਿਹਤ ਮੰਤਰਾਲੇ ਨੇ ਲੰਘੇ ਦਿਨ ਰਾਜਾਂ ਨੂੰ ਜਾਰੀ ਹਦਾਇਤਾਂ ਵਿੱਚ ਕੇਂਦਰੀ ਪੂਲ ਤਹਿਤ ਮਿਲਣ ਵਾਲੀਆਂ ਵੈਕਸੀਨਾਂ ’ਚੋਂ 70 ਫੀਸਦ ਦੂਜੀ ਡੋਜ਼ ਦੀ ਉਡੀਕ ਕਰਨ ਵਾਲੇ ਲਾਭਪਾਤਰੀਆਂ ਲਈ ਰਾਖਵੀਆਂ ਰੱਖਣ ਦੀ ਸਿਫਾਰਿਸ਼ ਕੀਤੀ ਸੀ। ਦਿੱਲੀ, ਮਹਾਰਾਸ਼ਟਰ, ਕਰਨਾਟਕ ਤੇ ਤੇਲੰਗਾਨਾ ਕਰੋਨਾ ਤੋਂ ਬਚਾਅ ਲਈ ਟੀਕੇ ਵਿਦੇਸ਼ ਤੋਂ ਖਰੀਦਣ ’ਤੇ ਵਿਚਾਰ ਕਰਨ ਲੱਗੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly