ਚੁੰਬਰ (ਸਮਾਜ ਵੀਕਲੀ): ਸਿਵਲ ਸਰਜਨ ਹੁਸ਼ਿਆਰਪੁਰ ਡਾ. ਰਣਜੀਤ ਸਿੰਘ ਜੀ ਦੇ ਨਿਰਦੇਸ਼ਾਂ ਅਨੁਸਾਰ ਅਤੇ ਡਾ. ਬਲਦੇਵ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਬਲਾਕ ਚੱਕੋਵਾਲ ਜੀ ਦੀ ਅਗਵਾਈ ਹੇਠ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਬਲਾਕ ਅਧੀਨ ਕੋਵਿਡ ਟੀਕਾਕਰਣ ਹੁਣ ਪੀ.ਐਚ.ਸੀ. ਚੱਕੋਵਾਲ, ਸੀ.ਐਚ.ਸੀ. ਸ਼ਾਮ ਚੌਰਾਸੀ ਤੋਂ ਇਲਾਵਾ ਮਿਨੀ ਪੀ.ਐਚ.ਸੀ. ਸੂਸ, ਨਸਰਾਲਾ, ਬੁਲੋਵਾਲ ਅਤੇ ਬਾਗਪੁਰ ਵਿਖੇ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਜਿੱਥੇ 60 ਸਾਲ ਤੋਂ ਵੱਧ ਉਮਰ ਅਤੇ 45 ਸਾਲ ਤੋਂ ਵੱਧ ਉਮਰ ਦੇ ਹੋਰ ਬਿਮਾਰੀਆਂ ਨਾਲ ਪੀੜਤ ਵਿਅਕਤੀ, ਸਿਹਤ ਕੇਅਰ ਵਰਕਰ ਅਤੇ ਫਰੰਟਲਾਈਨ ਵਰਕਰ ਆਪਣਾ ਟੀਕਾਕਰਣ ਕਰਵਾ ਸਕਦੇ ਹਨ। ਸਰਕਾਰੀ ਸਿਹਤ ਕੇਂਦਰਾਂ ਵਿੱਚ ਇਹ ਟੀਕਾ ਬਿਲਕੁਲ ਮੁਫ਼ਤ ਲਗਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਬਲਦੇਵ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ. ਚੱਕੋਵਾਲ ਨੇ ਦੱਸਿਆ ਕਿ ਕੋਵਿਡ ਟੀਕਾਕਰਣ ਮੁਹਿੰਮ ਤਹਿਤ ਬਲਾਕ ਚੱਕੋਵਾਲ ਵਿਖੇ 775 ਟੀਕੇ ਲਗਾਏ ਗਏ। ਜਿਹਨਾਂ ਵਿੱਚੋਂ ਸਿਹਤ ਅਤੇ ਫਰੰਟ ਲਾਈਨ ਵਰਕਰਾਂ ਤੋਂ ਇਲਾਵਾ 163 ਸੀਨੀਅਰ ਸਿਟੀਜ਼ਨ ਵੀ ਸ਼ਾਮਲ ਹਨ।ਉਹਨਾਂ ਲੋਕਾਂ ਨੂੰ ਆਪਣਾ ਸੰਦੇਸ਼ ਦਿੰਦੇ ਕਿਹਾ ਕਿ ਕੋਵਿਡ—19 ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਅਤੇ ਇਸਦਾ ਕੋਈ ਸਾਈਡ ਇਫੈਕਟ ਨਹੀਂ ਹੈ।
ਉਹਨਾਂ ਕਿਹਾ ਕਿ ਮੈਂ ਖੁਦ ਦੋ ਡੋਜ ਲਗਵਾਈਆਂ ਹਨ। ਮੈਨੂੰ ਕੋਈ ਸਮੱਸਿਆ ਪੇਸ਼ ਨਹੀ. ਹੈ। ਡਾ. ਬਲਦੇਵ ਸਿੰਘ ਨੇ ਆਖਿਆ ਕਿ ਮਾਰਚ 2020 ਤੋਂ ਅਸੀਂ ਇਸ ਮਹਾਂਮਾਰੀ ਨਾਲ ਜੂਝ ਰਹੇ ਹਾਂ ਪਰ ਇਸ ਨਵੇਂ ਸਾਲ ਦੇ ਸ਼ੁਰੂ ਵਿੱਚ ਇਹ ਇਕ ਚੰਗੀ ਸ਼ੁਰੂਆਤ ਹੋਈ ਹੈ ਅਤੇ ਅਸੀਂ ਇਸ ਮਹਾਂਮਾਰੀ ਤੋਂ ਬਚ ਸਕਾਂਗੇ। ਲੋਕਾਂ ਨੂੰ ਟੀਕਾਕਰਣ ਸਬੰਧੀ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਭਰੋਸਾ ਕਰਦੇ ਹੋਏ ਪੂਰੀ ਤਰ੍ਹਾਂ ਸਹਿਯੋਗ ਕਰਨਾ ਚਾਹੀਦਾ ਹੈ।