ਕੋਵਿਡ ਕਿੱਟਾਂ ਦੀ ਖਰੀਦ ’ਚ ਘਪਲੇ ਦੇ ਦੋਸ਼ ਬੇਤੁਕੇ: ਅਮਰਿੰਦਰ

ਚੰਡੀਗੜ੍ਹ (ਸਮਾਜ ਵੀਕਲੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਆਦਮੀ ਪਾਰਟੀ ਵੱਲੋਂ ਸੂਬਾ ਸਰਕਾਰ ’ਤੇ ਕੋਵਿਡ ਸੰਭਾਲ ਕਿੱਟਾਂ ਦੇ ਟੈਂਡਰ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਹੀ ਖਰੀਦ ਵਿੱਚ ਘਪਲੇਬਾਜ਼ੀ ਦੇ ਦੋਸ਼ ਲਾਉਣ ਨੂੰ ਹਾਸੋਹੀਣਾ ਤੇ ਬੇਤੁਕਾ ਕਰਾਰ ਦਿੱਤਾ ਹੈ।

ਮੁੱਖ ਮੰਤਰੀ ਨੇ ਅੱਜ ‘ਆਪ’ ਵਿਧਾਇਕ ਅਮਨ ਅਰੋੜਾ ਵੱਲੋਂ ਕਿੱਟਾਂ ਖਰੀਦਣ ਵਿੱਚ ਘਪਲੇਬਾਜ਼ੀ ਦੇ ਲਾਏ ਦੋਸ਼ਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ’ਤੇ ਹਰ ਵੇਲੇ ਹਮਲਾ ਕਰਨ ਦੀ ਤਾਂਘ ਵਿੱਚ ਰਹਿੰਦੀ ਆਮ ਆਦਮੀ ਪਾਰਟੀ ਗਲਤ ਤੇ ਸਹੀ ਵਿੱਚ ਪਰਖ ਕਰਨਾ ਹੀ ਭੁੱਲ ਗਈ ਹੈ। ਸਿਹਤ ਵਿਭਾਗ ਵੱਲੋਂ ਕਿੱਟਾਂ ਦੀ ਖਰੀਦ ਲਈ ਟੈਂਡਰ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਹੀ ਅਮਨ ਅਰੋੜਾ ਨੇ ਘਪਲੇਬਾਜ਼ੀ ਦੇ ਦੋਸ਼ ਲਾ ਦਿੱਤੇ ਹਨ। ਉਨ੍ਹਾਂ ਕਿਹਾ ਕਿ  ਸੂਬਾ ਸਰਕਾਰ ਨੇ 360 ਰੁਪਏ (ਜੀਐੱਸਟੀ ਵੱਖਰੀ) ਦੇ ਨਬਜ਼ ਔਕਸੀਮੀਟਰ ਦੇ ਨਾਲ ਕਿੱਟ ਦੀ 748 ਰੁਪਏ ਲਾਗਤ ਨੂੰ ਅੰਤਿਮ ਰੂਪ     ਦਿੱਤਾ ਹੈ।

ਆਪ ਵਿਧਾਇਕ ਨੇ ਇਕ ਰੇਟ ਲਿਸਟ (ਜਿਹੜੀ ਉਨ੍ਹਾਂ ਨੇ ਵੀ ਸਿਹਤ ਵਿਭਾਗ ਨੂੰ ਭੇਜੀ ਹੈ)  ’ਤੇ ਆਧਾਰਿਤ ਦੋਸ਼ ਲਾਏ ਹਨ, ਜਿਸ ਵਿੱਚ ਅਸਲ ’ਚ 13 ਆਈਟਮਾਂ ਦੀ ਸੂਚੀ ਦਿੱਤੀ     ਗਈ ਹੈ ਜਦੋਂ ਕਿ ਸਰਕਾਰੀ ਕਿੱਟ    ਲਈ 16 ਆਈਟਮਾਂ ਖ਼ਰੀਦੀਆਂ ਜਾ ਰਹੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਅਰੋੜਾ ਦੀ ਸੂਚੀ ਵਿੱਚ ਕੈਪਸੂਲ ਵਿਟਾਮਿਨ ਡੀ, ਬੀਟਾਡਿਨ ਗਾਰਗਿਲ ਤੇ ਬੈਲੂਨਜ਼ ਸ਼ਾਮਲ ਹੀ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਸੂਚੀ ਵਿੱਚ 100 ਮਿਲੀਲਿਟਰ ਦਾ ਸੈਨੀਟਾਈਜ਼ਰ ਹੈ ਜਦੋਂ ਕਿ ਸਰਕਾਰੀ ਕਿੱਟ ਵਿੱਚ 500 ਮਿਲੀਲਿਟਰ ਦਾ ਸੈਨੀਟਾਈਜ਼ਰ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿੱਚ 10 ਰੁਪਏ ਦਾ ਤਰਲ ਕਾੜ੍ਹਾ ਮੌਜੂਦ ਹੀ ਨਹੀਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਦਰਅਸਲ ਥੋਕ ਖਰੀਦ ਦੀ ਘੱਟ ਕੀਮਤ ਨੂੰ ਦੇਖਦਿਆਂ ਸਰਕਾਰ ਜੋ ਕਿੱਟਾਂ ਪ੍ਰਾਪਤ ਕਰਨ ਵਿਚ ਕਾਮਯਾਬ ਰਹੀ ਹੈ, ਉਨ੍ਹਾਂ ਨੂੰ ਸਰਕਾਰ ਨੇ ਪ੍ਰਵਾਨਿਤ ਵਿਕਰੇਤਾਵਾਂ ਰਾਹੀਂ ਬਿਨਾਂ ਮੁਨਾਫ਼ੇ-ਘਾਟੇ ਦੇ ਆਧਾਰ ’ਤੇ ਔਕਸੀਮੀਟਰ ਦੇ ਨਾਲ ਉਪਲੱਬਧ ਕਰਾਉਣ ਦਾ ਫ਼ੈਸਲਾ ਕੀਤਾ ਹੈ, ਜੋ ਉਨ੍ਹਾਂ ਵੱਲੋਂ ਕਬੀਤੇ ਦਿਨ ਕੀਤੇ ਗਏ ਐਲਾਨ ਅਨੁਸਾਰ 514 ਰੁਪਏ ਨਾਲੋਂ ਘੱਟ ਕੀਮਤ ’ਤੇ ਵੇਚੇ ਜਾਣਗੇ।

Previous articleਚੈਤਨਿਆ ਤਮਹਾਨੇ ਦੀ ਫਿਲਮ ਨੂੰ ਕੌਮਾਂਤਰੀ ਪੁਰਸਕਾਰ
Next articleਪੋਸਟ ਮੈਟ੍ਰਿਕ ਸਕੌਲਰਸ਼ਿਪ ਘੋਟਾਲਾ ਸ਼ਰਮਨਾਕ – ਵਾਈਟ ਪੇਪਰ ਜਾਰੀ ਕਰੇ ਸਰਕਾਰ