ਕੋਲੰਬੋ ਵਿੱਚ ਵਿਕਰਮਸਿੰਘੇ ਦੇ ਹੱਕ ’ਚ ਵਿਸ਼ਾਲ ਰੈਲੀ

ਅਹੁਦੇ ਤੋਂ ਜਬਰੀ ਲਾਂਭੇ ਕੀਤੇ ਪ੍ਰਧਾਨ ਮੰਤਰੀ ਰਨੀਲ ਵਿਕਰਮਸਿੰਘੇ ਨਾਲ ਸਬੰਧਤ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਅੱਜ ਇਥੇ ਵਿਸ਼ਾਲ ਰੈਲੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਦੀ ਇਸ ਕਾਰਵਾਈ ਨੂੰ ‘ਬਗ਼ਾਵਤ’ ਦੱਸਿਆ। ਇਸ ਦੌਰਾਨ ਵਿਕਰਮਸਿੰਘੇ ਦੀ ਯੂਨਾਈਟਿਡ ਨੈਸ਼ਨਲ ਪਾਰਟੀ (ਯੂਐਨਪੀ) ਨੇ ਮੰਗ ਕੀਤੀ ਕਿ ਸੰਸਦੀ ਇਜਲਾਸ ਫੌਰੀ ਸੱਦ ਕੇ ਜਮਹੂਰੀਅਤ ਨੂੰ ਬਹਾਲ ਕੀਤਾ ਜਾਵੇ। ਵਿਕਰਮਸਿੰਘੇ ਨੇ ਕਿਹਾ ਰਾਸ਼ਟਰਪਤੀ ਸਿਰੀਸੇਨਾ ਨੂੰ ਇਹ ਭੁਲੇਖਾ ਹੈ ਕਿ ਉਹ ਜ਼ੋਰ ਜ਼ਬਰਦਸਤੀ ਨਾਲ ਮਨਮਰਜ਼ੀ ਕਰ ਸਕਦੇ ਹਨ, ਪਰ ਯੂਐਨਪੀ ਅਤੇ ਯੂਨਾਈਟਿਡ ਨੈਸ਼ਨਲ ਫਰੰਟ ਵਿਚਲੇ ਉਹਦੇ ਭਾਈਵਾਲ ਹਾਰ ਨਹੀਂ ਮੰਨਣਗੇ ਤੇ ਸੰਸਦੀ ਇਜਲਾਸ ਫ਼ੌਰੀ ਸੱਦਣ ਸਬੰਧੀ ਦਬਾਅ ਪਾਉਂਦੇ ਰਹਿਣਗੇ। ਇਸ ਦੌਰਾਨ ਸੰਵਿਧਾਨਕ ਸੰਕਟ ਨੂੰ ਟਾਲਣ ਤੇ ਸੰਸਦ ਮੁੜ ਚਲਾਉਣ ਲਈ ਰਾਸ਼ਟਰਪਤੀ ਸਿਰੀਸੇਨਾ ’ਤੇ ਸਿਆਸੀ ਤੇ ਸਫ਼ਾਰਤੀ ਦਬਾਅ ਵਧਣ ਲੱਗਾ ਹੈ।
ਕਾਬਿਲੇਗੌਰ ਹੈ ਕਿ ਹਿੰਦ ਮਹਾਸਾਗਰ ਵਿੱਚ ਵਸਿਆ ਬੋਧੀ ਬਹੁਗਿਣਤੀ ਵਾਲਾ ਇਹ ਮੁਲਕ ਲੰਘੇ ਸ਼ੁੱਕਰਵਾਰ ਨੂੰ ਉਦੋਂ ਸਿਆਸੀ ਸੰਕਟ ’ਚ ਘਿਰ ਗਿਆ ਸੀ ਜਦੋਂ ਰਾਸ਼ਟਰਪਤੀ ਸਿਰੀਸੇਨਾ ਨੇ ਚਾਣਚੱਕ ਪ੍ਰਧਾਨ ਮੰਤਰੀ ਵਿਕਰਮਸਿੰਘੇ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ। ਇਹੀ ਨਹੀਂ ਰਾਸ਼ਟਰਪਤੀ ਨੇ ਸ੍ਰੀਲੰਕਨ ਸੰਸਦ ਨੂੰ ਭੰਗ ਕਰਦਿਆਂ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਨੂੰ ਨਵਾਂ ਪ੍ਰਧਾਨ ਮੰਤਰੀ ਥਾਪ ਦਿੱਤਾ। ਵਿਕਰਮਸਿੰਘੇ ਸਰਕਾਰ ’ਚ ਵਿੱਤ ਮੰਤਰੀ ਰਹੇ ਮੰਗਲਾ ਸਮਰਾਵੀਰਾ ਨੇ ਕਿਹਾ, ‘ਇਹ ਸੰਵਿਧਾਨਕ ਬਗ਼ਾਵਤ ਸੀ ਤੇ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਲੋਕਾਂ ਦੀ ਪ੍ਰਭੂਸੱਤਾ ਤੇ ਜਮਹੂਰੀਅਤ ਦੀ ਰੱਖਿਆ ਕਰੀਏ।’ ਸਪੀਕਰ ਕਾਰੂ ਜੈਸੂਰਿਆ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਵਿਕਰਮਸਿੰਘੇ ਨੂੰ ਸੰਸਦ ਵਿੱਚ ਬਹੁਮਤ ਸਾਬਤ ਕਰਨ ਦਾ ਮੌਕਾ ਦੇਣ। ਉਧਰ ਸਾਬਕਾ ਰਾਸ਼ਟਰਪਤੀ ਰਾਜਪਕਸੇ ਦੇ ਹਮਾਇਤੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਹ ਸੰਸਦ ਵਿੱਚ ਬਹੁਮਤ ਸਾਬਤ ਕਰ ਲੈਣਗੇ।

Previous articleਅਕਾਲ ਤਖ਼ਤ ਦੇ ਨਵੇਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੇਵਾ ਸੰਭਾਲੀ
Next articleਚੰਡੀਗੜ੍ਹ ਨਿਗਮ ਦੀ ਮੀਟਿੰਗ ’ਚ ਭਾਜਪਾ ਦੀ ਗੁੱਟਬਾਜ਼ੀ ਰਹੀ ਭਾਰੂ