ਕੋਰੋਨਾ ਵਾਇਰਸ : ਬ੍ਰਿਟੇਨ ਦੇ ਸੈਲਾਨੀਆਂ ਨੂੰ ਕਰਨਾ ਪੈ ਰਿਹੈ ਨਵੀਂ ਮੁਸੀਬਤ ਦਾ ਸਾਹਮਣਾ

ਲੰਡਨ (ਰਾਜਵੀਰ ਸਮਰਾ) (ਸਮਾਜ ਵੀਕਲੀ) – ਗਰਮੀਆਂ ਦੀਆਂ ਛੁੱਟੀਆਂ ਬਿਤਾ ਕੇ ਵਾਪਸ ਯੂ.ਕੇ. ਆਉਣ ਵਾਲੇ ਸੈਲਾਨੀਆਂ ‘ਤੇ 14 ਦਿਨਾਂ ਤੱਕ ਕੁਆਰੰਟੀਨ ਦੇ ਫੈਸਲੇ ਤੋਂ ਬਾਅਦ ਬ੍ਰਿਟੇਨ ਵਿਚ 4 ਹੋਰ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਹੁਣ ਸੈਲਫ ਕੁਆਰੰਟੀਨ ਹੋਣਾ ਪਵੇਗਾ। ਟਰਾਂਸਪੋਰਟ ਸਕੱਤਰ ਗ੍ਰਾਂਟ ਸ਼ੈੱਪਸ ਨੇ ਵੀਰਵਾਰ ਨੂੰ ਕਿਹਾ ਕਿ ਕ੍ਰੋਏਸ਼ੀਆ, ਆਸਟਰੀਆ, ਤ੍ਰਿਨੀਦਾਦ ਅਤੇ ਟੋਬੈਗੋ ਤੋਂ ਯੂਕੇ ਆਉਣ ਵਾਲੇ ਲੋਕਾਂ ਨੂੰ ਸੈਲਫ ਕੁਆਰੰਟੀਨ ਹੋਣ ਦੀ ਜ਼ਰੂਰਤ ਹੋਏਗੀ।

ਉਹ ਲੋਕ ਜੋ ਨਿਯਮਾਂ ਨੂੰ ਨਹੀਂ ਮੰਨਣਗੇ ਜਾਂ ਨਿਯਮ ਤੋੜਣਗੇ ਉਨ੍ਹਾਂ ਨੂੰ ਜੁਰਮਾਨਾ ਲਗਾਇਆ ਜਾਵੇਗਾ। ਨਿਯਮ ਤੋੜਣ ਵਾਲਿਆਂ ਨੂੰ ਇੰਗਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਵਿਚ 1000 ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਸਕਾਟਲੈਂਡ ਵਿਚ ਜੁਰਮਾਨਾ 480 ਡਾਲਰ ਹੈ ਅਤੇ ਲਗਾਤਾਰ ਨਿਯਮ ਤੋੜਣ ਵਾਲਿਆਂ ਨੂੰ 5,000 ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ। ਇਹ ਨਿਯਮ ਸ਼ਨੀਵਾਰ ਨੂੰ 04:00 ਵਜੇ ਤੋਂ ਬਾਅਦ ਯੂ.ਕੇ. ਪਹੁੰਚਣ ਵਾਲੇ ਹਰੇਕ ਸੈਲਾਨੀ ‘ਤੇ ਲਾਗੂ ਹੁੰਦੇ ਹਨ।

ਪਰ ਪੁਰਤਗਾਲ ਤੋਂ ਵਾਪਸ ਆਉਣ ਵਾਲੇ ਯੂਕੇ ਯਾਤਰੀਆਂ ਨੂੰ ਹੁਣ ਯੂਕੇ ਦੇ ਟਰੈਵਲ ਕੋਰੀਡੋਰਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਤੋਂ ਬਾਅਦ ਸੈਲਫ ਕੁਆਰੰਟੀਨ ਹੋਣ ਦੀ ਜ਼ਰੂਰਤ ਨਹੀਂ ਪਵੇਗੀ। ਪੁਰਤਗਾਲੀ ਸਰਕਾਰ ਨੇ ਤਬਦੀਲੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਕਦਮ ਨਾਲ “ਇਹ ਸਮਝਣ ਵਿਚ ਆਸਾਨੀ ਹੋ ਗਈ ਕਿ ਦੇਸ਼ ਦੀ ਸਥਿਤੀ ਹਮੇਸ਼ਾਂ ਕੰਟਰੋਲ ਹੇਠ ਰਹੀ ਹੈ”।

ਦੇਸ਼ ਦੇ ਰਾਸ਼ਟਰੀ ਸੈਰ-ਸਪਾਟਾ ਬੋਰਡ ਦੇ ਅਨੁਸਾਰ ਕ੍ਰੋਏਸ਼ੀਆ ਵਿੱਚ ਇਸ ਸਮੇਂ 17,000 ਬ੍ਰਿਟਿਸ਼ ਸੈਲਾਨੀ ਹਨ। ਇਸ ਤੋਂ ਪਹਿਲਾਂ ਬ੍ਰਿਟੇਨ ਵਿਚ ਯੂਰਪ ਦੇ ਦੇਸ਼ ਜਰਮਨੀ ਅਤੇ ਫਰਾਂਸ ਤੋਂ ਆਉਣ ਵਾਲੇ ਯਾਤਰੀਆਂ ਨੂੰ ਸੈਲਫ ਕੁਆਰੰਟੀਨ ਹੋਣ ਬਾਰੇ ਫੈਸਲਾ ਦਿੱਤਾ ਗਿਆ ਸੀ। ਬ੍ਰਿਟੇਨ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਯਾਤਰੀਆਂ ਵਿਚ ਬੇਚੈਨੀ ਵੱਧ ਗਈ ਸੀ। ਸਪੇਨ ਨੇ ਬ੍ਰਿਟੇਨ ਨੂੰ ਅਪੀਲ ਕੀਤੀ ਸੀ ਕਿ ਉਹ ਬੈਲੇਰਿਕ ਅਤੇ ਕੈਨਰੀ ਟਾਪੂ ਨੂੰ ਕੁਆਰੰਟੀਨ ਦੇ ਨਿਯਮਾਂ ਤੋਂ ਬਾਹਰ ਰੱਖਣ।

Previous articleਯੂ.ਕੇ:ਮਾਨਚੈਸਟਰ ਆਤਮਘਾਤੀ ਹਮਲੇ ਦੇ ਦੋਸ਼ੀ ਦੇ ਭਰਾ ਨੂੰ ਹੋਈ 55 ਸਾਲ ਦੀ ਸਜ਼ਾ
Next articleਇੰਗਲੈਂਡ ”ਚ ਨਿਲਾਮ ਹੋਇਆ ਮਹਾਤਮਾ ਗਾਂਧੀ ਦਾ ਚਸ਼ਮਾ