ਕੋਰੋਨਾ ਕਾਰਨ ਦੇਸ਼ ਵਿਚ ਵੱਧ ਰਹੀ ਗਰੀਬੀ

ਅਮਰਜੀਤ ਚੰਦਰ

(ਸਮਾਜ ਵੀਕਲੀ)

ਭਾਰਤ ਵਿਚ ਤਕਰੀਬਨ ਵੀਹ ਹਜ਼ਾਰ ਲੋਕ ਕੋਰੋਨਾ ਵਾਇਰਸ ਦੇ ਸਿ਼ਕਾਰ ਹੋ ਚੁੱਕੇ ਹਨ ‘ਤੇ ਤਕਰੀਬਨ ਦੋ ਲੱਖ ਪੰਦਰਾਂ ਹਜ਼ਾਰ ਲੋਕ ਆਪਣੀ ਜਾਨ ਗੁਆ ਚੱੁਕੇ ਹਨ। ਜਿਸ ਦੇਸ਼ ਦੀ 27 ਕਰੋੜ ਆਬਾਦੀ ਪਹਿਲਾਂ ਹੀ ਗਰੀਬੀ ਰੇਖਾ ਦੇ ਥੱਲੇ ਆਪਣਾ ਜੀਵਨ ਬਤੀਤ ਕਰ ਰਹੀ ਹੋਵੇ, ਉਥੇ ਇਸ ਤਰ੍ਹਾਂ ਦੀ ਮਹਾਂਮਾਰੀ ਸਮਾਜ ਵਿਚ ਦੂਰ-ਦੂਰ ਤੱਕ ਗਰੀਬੀ ਦਾ ਮਜ਼ਾਕ ਵੀ ਬਣ ਰਹੀ ਹੈ।ਜਿੱਥੇ ਅੰਤਮ ਸੰਸਕਾਰ ਕਰਨ ਤੇ 20 ਤੋਂ 30 ਹਜਾਰ ਲੱਗ ਰਿਹਾ ਹੋਵੇ, ਜਿੱਥੇ ਐਬੂਲੈਸ ਵਾਲੇ ਦੋ ਕਿਲੋਮੀਟਰ ਦਾ 10 ਹਜਾਰ ਰੁਪਇਆ ਮੰਗ ਰਹੇ ਹੋਣ, ਪਰਾਈਵੇਟ ਹਸਪਤਾਲਾਂ ਦਾ ਬਿਲ ਪੰਜ ਤੋਂ ਛੇ ਲੱਖ ਬਣ ਰਿਹਾ ਹੋਵੇ, ਜਿੱਥੇ ਸਰਕਾਰੀ ਹਸਪਤਾਲ ਵਿਚ ਕੋਈ ਜਗਾ ਨਾ ਮਿਲ ਰਹੀ ਹੋਵੇ, ਜਿੱਥੇ ਆਕਸੀਜ਼ਨ, ਦਵਾਈਆਂ ਅਤੇ ਟੀਕੇ ਦੀ ਕੀਮਤ ਤੋਂ 100 ਗੁਣਾ ਵੱਧ ਕੇ ਲੋਕ ਪੈਸੇ ਦੇ ਰਹੇ ਹੋਣ, ਜਿੱਥੇ ਕਾਰੋਬਾਰ ਬੰਦ ਹੋਣ ਦੇ ਕੰਢੇ ਤੇ ਬੇਰੁਜਗਾਰੀ ਸਿਖਰ ਤੇ ਹੋਵੇ, ਮਿਹਨਤਕਸ਼ ਨੂੰ ਆਪਣੀ ਪੁਗਾਰ, ਤਨਖਾਹ ਨਾ ਮਿਲ ਰਹੀ ਹੋਵੇ।ਉਸ ਦੇਸ਼ ਦਾ ਤੁਸੀ ਆਪ ਹੀ ਸੋਚ ਸਕਦੇ ਹੋ ਕਿ ਕੀ ਬਣੇਗਾ।ਇਸ ਦੇਸ਼ ਅੰਦਰ ਜਿਆਦਾਤਰ ਲੋਕ ਆਪਣਾ ਘਰ, ਜਮੀਨ, ਜੇਵਰ ਵੇਚ ਕੇ ਇਲਾਜ਼ ਕਰਵਾ ਰਹੇ ਹਨ ਅਤੇ ਦੇਖਦੇ ਹੀ ਦੇਖਦੇ ਖਾਂਦੇ ਪੀਦੇ ਪਰਿਵਾਰ ਗਰੀਬ ਹੋ ਰਹੇ ਹਨ।

ਸਿਹਤ ਸੁਧਾਰ ਦੇ ਸਬੰਧ ਵਿਚ ਸਾਡੇ ਦੇਸ਼ ਦੀ ਹਾਲਤ ਬਹੁਤ ਮਾੜੀ ਹੰੁਦੀ ਜਾ ਰਹੀ ਹੈ। ਏਸੇ ਕਰਕੇ ਹੀ ਅਸੀ 180 ਦੇਸ਼ਾਂ ਵਿਚੋ 145 ਵੇ ਸਥਾਨ ਤੇ ਪਹੰੁਚ ਗਏ ਹਾਂ। ਇਥੌ ਤੱਕ ਕਿ ਸਾਡਾ ਦੇਸ਼ ਕਈ ਹੋਰ ਨੇੜਲੇ ਦੇਸ਼ਾਂ ਤੋਂ ਵੀ ਪਿੱਛੇ ਹੈ। ਇੰਟਰਨੈਸ਼ਨਲ ਸਿਹਤ ਸੁਧਾਰ ਰਸਾਲੇ (ਲਾਸੈਟ)ਦੀ ਇਕ ਰਿਪੋਰਟ ਗਲੋਬਲ ਵ੍ਰਡਨ ਡਿਸੀਜ਼ ਦੇ ਸਰਵੈ ਦੇ ਮੁਤਾਬਿਕ ਕਿਹਾ ਗਿਆ ਹੈ ਕਿ ਸਿਹਤ ਸੈਵਾਵਾਂ ਦੇ ਮਾਮਲੇ ਵਿਚ ਭਾਰਤ ਨੇ ਸੰਨ 1990 ਤੋਂ ਬਾਅਦ ਹਸਪਤਾਲਾਂ ਵਿਚ ਸੁਧਾਰ ਕੀਤਾ ਹੈ ਪਰ ਸਹਾਇਤਾ ਦੀ ਉਮੀਦ ਬਹੁਤ ਘੱਟ ਨਜ਼ਰ ਆ ਰਹੀ ਹੈ।ਉਸ ਸਾਲ ਵਿਚ ਭਾਰਤ ਨੂੰ 24,7 ਅੰਕ ਮਿਲੇ ਸੀ, ਜਦੋਂ ਕਿ ਇਹੀ ਅੰਕ 2016 ਵਿਚ ਵੱਧ ਕੇ 41, 2 ਹੋ ਗਏ ਸਨ।

ਪਿਛਲੇ ਸਲਾਨਾ ਬਜ਼ਟ ਦੇ ਕੁਝ ਦਿਨ ਪਹਿਲਾਂ ਸੰਸਦ ਵਿਚ ਪੇਸ਼ ਆਰਥਿਕ ਸਰਵੇਖਣ ਵਿਚ ਇਹ ਸਵੀਕਾਰ ਕੀਤਾ ਗਿਆ ਸੀ ਕਿ ਇਲਾਜ਼ ਕਰਵਾਉਣ ਵਿਚ ਭਾਰਤੀਆ ਦੀ ਜੇਬ ਤੇ ਸੱਭ ਤੋਂ ਜਿਆਦਾ ਅਸਰ ਹੰੁਦਾ ਹੈ ਕਿਉਕਿ ਸਿਹਤ ਸੰਭਾਲ ਦੇ ਮਾਮਲਿਆ ਵਿਚ ਸਰਕਾਰ ਵਲੋਂ ਬਹੁਤ ਘੱਟ ਸਹੂਲਤਾਂ ਮਿਲਦੀਆਂ ਹਨ। ਇਕ ਸਰਵੈ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਦੇਸ਼ ਦੀ ਚਾਰ ਫੀਸਦੀ ਆਬਾਦੀ ਆਪਣੀ ਆਮਦਨੀ ਦਾ ਇਕ ਚੌਥਾਈ ਹਿੱਸਾ ਡਾਕਟਰ,ਹਸਪਤਾਲ ਵਿਚ ਹੀ ਗੁਆ ਦਿੰਦੇ ਹਨ। ਕੁਲ ਆਬਾਦੀ ਦੀ 17 ਫੀਸਦੀ ਜਨਤਾ ਦਾ ਆਪਣੀ ਕੁਲ ਆਮਦਨੀ ਦਾ 10 ਫੀਸਦੀ ਹਿੱਸਾ ਸਿਰਫ ਆਪਣੇ ਇਲਾਜ਼ ਲਈ ਹੀ ਖਤਮ ਹੋ ਜਾਂਦਾ ਹੈ।ਇਸ ਤਰ੍ਹਾਂ ਦੇ ਲੋਕਾਂ ਦਾ ਦੇਸ਼ ਵਿਚ ਬਹੁਤ ਵੱਡਾ ਹਿੱਸਾ ਹੈ।ਭਾਰਤ ਵਿਚ ਕੁ਼ ਅਬਾਦੀ ਦਾ 65 ਫੀਸਦੀ ਹਿੱਸਾ ਇਸ ਤਰ੍ਹਾਂ ਦਾ ਹੈ ਕਿ ਜੇ ਉਹ ਬੀਮਾਰ ਹੋ ਜਾਂਦੇ ਹਨ ਤਾਂ ਉਸ ਦਾ ਖਰਚਾਂ ਉਹ ਆਪ ਖੁਦ ਆਪਣੀ ਜੇਬ ਵਿਚੋਂ ਕਰਦੇ ਹਨ।

ਸਿਹਤ ਵਿਭਾਗ ਦੇ ਅਨੁਸਾਰ 10 ਹਜ਼ਾਰ ਦੀ ਆਬਾਦੀ ਪਿੱਛੇ 46 ਫੀਸਦੀ ਲੋਕ ਤੰਦਰੁਸਤ ਹੋਣੇ ਚਾਹੀਦੇ ਹਨ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਦੇਸ਼ ਵਿਚ ਇਹ ਸੰਖਿਆ 23 ਫੀਸਦੀ ਤੱਕ ਹੀ ਹੈ।ਉਦਾਹਰਣ ਦੇ ਰੂਪ ਵਿਚ ਜਿਵੇਂ ਅੱਜ ਕੋਰੋਨਾ ਮਹਾਂਮਾਰੀ ਨੇ ਰੂਪ ਧਾਰਿਆ ਹੋਇਆ ਹੈ।ਦੇਸ਼ ਵਿਚ ਪਿੰਡਾਂ ਦੀ, ਛੋਟੇ ਕਸਬਿਆਂ ਦੀ ਗੱਲ ਤਾਂ ਬਹੁਤ ਦੂਰ ਹੈ, ਰਾਜਧਾਨੀ ਦਿੱਲੀ ਦੇ ਸਫਦਰਜੰਗ ਵਰਗੇ ਹਸਪਤਾਲ ਵਿਚ ਭੀੜ ਅਤੇ ਆਮ ਹਸਪਤਾਲਾਂ ਵਿਚ ਹੋ ਰਹੀ ਮਰੀਜ਼ਾਂ ਦੀ ਲੁਟ ਖਸੁੱਟ ਕਿਸੇ ਤੋਂ ਲੁਕੀ ਨਹੀ ਹੈ।ਇਕ ਤਾਂ ਅਸੀ ਆਪਣੀਆਂ ਜਰੂਰਤਾਂ ਦੇ ਮੁਤਾਬਿਕ ਡਾਕਟਰ ਤਿਆਰ ਨਹੀ ਕਰ ਸਕੇ, ਦੂਸਰਾ ਦੇਸ਼ ਦੀ ਵੱਡੀ ਆਬਾਦੀ ਆਪਣੀ ਸਿਹਤ ਸੰਭਾਲ ਸਬੰਧੀ ਬਿਲਕੁਲ ਵੀ ਜਾਗਰੁਕ ਨਹੀ ਹੈ,ਅਤੇ ਨਾ ਹੀ ਉਹਨਾਂ ਦੇ ਕੋਲ ਕੋਈ ਹੋਰ ਬਦਲ ਹੈ,ਜਿਹੜਾ ਕਿ ਉਹ ਅਸਾਨੀ ਨਾਲ ਸਵੀਕਾਰ ਕਰ ਸਕਣ। ਹਾਲਾਂਕਿ ਸਰਕਾਰ ਗਰੀਬਾਂ ਦੇ ਲਈ ਬਹੁਤ ਸਾਰੀਆਂ ਮੁਫਤ ਯੋਜਨਾਵਾਂ ਚਲਾਉਦੀ ਹੈ ਪਰ ਅਨਪੜ੍ਹਤਾ, ਬੇਰੁਜਗਾਰੀ ਅਤੇ ਗੈਰ-ਜਾਗਰੁਕਤਾ ਦੇ ਕਾਰਨ ਸਿਰੇ ਨਹੀ ਚੜ ਪਾਉਦੀਆਂ।ਪਿੱਛਲੇ ਬਜਟ ਦੇ ਦੌਰਾਨ ਸੰਸਦ ਵਿਚ ਸਵੀਕਾਰ ਕੀਤਾ ਸੀ ਕਿ ਦੇਸ਼ ਵਿਚ ਤਕਰੀਬਨ 8,8 ਲੱਖ ਡਾਕਟਰ ਮੌਜੂਦ ਹਨ,ਜੇਕਰ ਦੇਸ਼ ਦੀ ਕੁਲ ਆਬਾਦੀ 1,33 ਅਰਬ ਮੰਨ ਲਈ ਜਾਏ ਤਾਂ ਔਸਤਨ ਪ੍ਰਤੀ ਇਕ ਹਜ਼ਾਰ ਵਿਆਕਤੀ ਤੇ ਇਕ ਡਾਕਟਰ ਦਾ ਹੋਣਾ ਵੀ ਬਹੁਤ ਥੋੜਾ ਜਿਹਾ ਲੱਗਦਾ ਹੈ। ਯੂਨੀਵਰਸਿਟੀਆਂ ਵਿਚ ਮੈਡੀਕਲ ਦੀ ਪੜ੍ਹਾਈ ਏਨੀ ਮਹਿੰਗੀ ਕਰ ਦਿੱਤੀ ਹੈ ਕਿ ਜੋ ਵੀ ਬੱਚਾ ਡਾਕਟਰ ਬਣੇਗਾ, ਉਸ ਦੀ ਮਜਬੂਰੀ ਬਣ ਜਾਏਗੀ ਕਿ ਉਹ ਦੋਵੇਂ ਹੱਥਾਂ ਨਾਲ ਨੋਟ ਇਕੱਠੇ ਕਰੇ।ਪਬਲਿਕ ਹੈਲਥ ਫਾਊਡੇਸ਼ਨ ਆਫ ਇੰਡੀਆ ਦੀ ਰਿਪੋਰਟ ਦੱਸਦੀ ਹੈ ਕਿ ਸੰਨ 2017 ਵਿਚ ਦੇਸ਼ ਦੇ ਸਾਢੇ ਪੰਜ਼ ਕਰੋੜ ਲੋਕਾਂ ਦੇ ਲਈ ਸਿਹਤ ਤੇ ਕੀਤੇ ਗਏ ਸਰਵੈ ਤੋਂ ਪਤਾ ਚੱਲਦਾ ਹੈ ਕਿ ਉਹ ਲੋਕ ਆਪਣੇ ਆਪ ਨੂੰ ਹੋਰ ਬੋਝ ਥੱਲੇ ਦੱਬਣਾ ਨਹੀ ਚਾਹੰੁਦੇ। ਇਹ ਗਿਣਤੀ ਦੱਖਣ ਕੋਰੀਆ, ਸਪੇਨ ਅਤੇ ਕੀਨੀਆ ਦੀ ਆਬਾਦੀ ਦੀ ਗਿਣਤੀ ਨਾਲੋ ਵੀ ਜਿਆਦਾ ਹੈ।ਇਹਦੇ ਵਿਚੋ 60 ਫੀਸਦੀ ਆਬਾਦੀ ਸਿਰਫ ਬੀ ਪੀ ਐਲ ਕਾਰਡ (ਜੋ ਗਰੀਬੀ ਰੇਖਾ ਤੋਂ ਵਾਲਿਆਂ ਦੇ ਬਣਾਏ ਗਏ ਹਨ) ਦੇ ਸਹਾਰੇ ਚਲਦੇ ਹਨ।ਉਹਦੇ ਵਿਚੋਂ ਵੀ ਜੋ ਆਦਮੀ ਸਰਕਾਰੀ ਹਸਪਤਾਲ ਜਾਂਦਾ ਹੈ, ਤਾਂ ਉਥੌ ਦੇ ਡਾਕਟਰ ਵਲੋਂ ਪਰਚੀ ਤੇ ਦਵਾਈ ਲਿਖੀ ਜਾਂਦੀ ਹੈ ਤਾਂ ਪਰਚੀ ਤੇ ਲਿਖੀ ਦਵਾਈ ਵਿਚੋ 58 ਫੀਸਦੀ ਦਵਾਈ ਉਸ ਹਸਪਤਾਲ ਵਿਚ ਮਿਲਦੀ ਹੀ ਨਹੀ, ਤਾਂ ਉਹ ਦਵਾਈ ਲੈਣ ਦੇ ਲਈ ਮਰੀਜ਼ ਨੂੰ ਆਪਣੀ ਜੇਬ ਵਿਚੋਂ ਪੈਸੇ ਖਰਚਣੇ ਪੈਂਦੇ ਹਨ, ਇਹ ਹੈ ਸਾਡੇ ਦੇਸ਼ ਦੀ ਸਿਸਟਮ ਪ੍ਰਣਾਲੀ।

ਭਾਰਤ ਵਿਚ ਲੋਕਾਂ ਦੀ ਜਾਨ ਅਤੇ ਜੇਬ ਤੇ ਸੱਭ ਤੋਂ ਭਾਰੀ ਪੈਣ ਵਾਲੀਆਂ ਬੀਮਾਰੀਆਂ ਵਿਚੋਂ ਦਿਲ ਤੇ ਦਿਮਾਗ਼ ਦੇ ਦੌਰੇ ਸੱਭ ਤੋਂ ਅੱਗੇ ਹਨ। ਭਾਰਤ ਦੇਸ਼ ਦੇ ਅੰਕੜੇ ਦੱਸਦੇ ਹਨ ਕਿ ਸੰਨ 2015 ਵਿਚ ਜੋ ਦਰਜ ਹਨ 53 ਲੱਖ 74 ਹਜ਼ਾਰ 24 ਸੌ ਮੌਤਾਂ ਹੋਈਆਂ ਜਿੰਨਾਂ ਵਿਚੋਂ 32,8 ਫੀਸਦੀ ਇਸ ਤਰਾਂ੍ਹ ਦੀਆਂ ਮੌਤਾਂ ਹਨ ਜੋ ਕਿ ਦਿਲ ਅਤੇ ਦਿਮਾਗ਼ ਦੇ ਦੌਰੇ ਪੈਣ ਦੇ ਕਾਰਨ ਹੀ ਹੋਈਆਂ ਹਨ। ਇਕ ਇੰਡੀਅਨ ਨੈਸਨਲ ਕੌਸਲ ਦੇ ਸਰਵੈ ਮੁਤਾਬਿਕ ਅਨੁਮਾਨ ਲਗਾਇਆ ਹੈ ਕਿ ਸੰਨ 2025 ਤੱਕ ਬਲੈਡ ਪ੍ਰੈਸ਼ਰ ਬੀਮਾਰੀ ਵਾਲਿਆ ਦੀ ਗਿਣਤੀ ਸਾਡੇ ਦੇਸ਼ ਵਿਚ 21,3 ਕਰੋੜ ਹੋ ਜਾਏਗੀ, ਜੋ ਕਿ ਸੰਨ 2002 ਵਿਚ ਇਹ ਗਿਣਤੀ ਸਿਰਫ 11,82 ਕਰੋੜ ਸੀ।ਇਕ ਹੋਰ ਸੰਸਥਾ ਦੇ ਸਰਵੇਖਣ ਦੇ ਅਨੁਸਾਰ ਇਸ ਤਰਾਂ ਦੇ ਮਰੀਜ਼ਾ ਦੀ ਗਿਣਤੀ ਪੇਡੂ ਇਲਾਕਿਆ ਵਿਚ ਜਿਆਦਾ ਵਧਣ ਦੀ ਆਸ ਹੈ। ਭਾਰਤ ਵਿਚ ਹਰ ਸਾਲ 17,000 ਲੋਕ ਸਿਰਫ ਹਾਈ ਬਲੱਡ ਪ੍ਰੈਸ਼ਰ ਬੀਮਾਰੀ ਨਾਲ ਹੀ ਮਰ ਰਹੇ ਹਨ।ਇਹ ਬਲੱਡ ਪੈ੍ਰਸ਼ਰ ਬੀਮਾਰੀ ਮੁੱਖ ਤੌਰ ਤੇ ਆਪਣੇ ਰੋਜ਼ ਦਾ ਖਾਣ ਪੀਣ,ਸਰੀਰਕ ਗਤੀਵਿਧੀਆ ਦਾ ਘੱਟ ਹੋਣਾ ਅਤੇ ਖਾਣ ਪੀਣ ਵਿਚ ਨਮਕ ਜਿਆਦਾ ਲੈਣ ਨਾਲ ਹੀ ਜਿਆਦਾ ਹੰੁਦੀ ਹੈ।ਇਸ ਦਾ ਅਸਰ ਜਾ ਕੇ ਅਧੇੜ ਉਮਰ ਵਿਚ ਹੀ ਦਿਖਾਈ ਦਿੰਦਾ ਹੈ,ਪਰ ਤਾਜਾ ਸਰਵੈ ਇਹ ਦਰਸਾਉਦੇ ਹਨ ਕਿ ਇਹ ਬੀਮਾਰੀ ਤਾਂ ਹੁਣ ਛੋਟੀ ਉਮਰ ਤੋਂ ਹੀ ਸੁਰੂ ਹੋ ਰਹੀ ਹੈ, ਜਿਹੜੀ ਕਿ ਬਹੁਤ ਹੀ ਘਾਤਕ ਸਿੱਧ ਹੋ ਰਹੀ ਹੈ।ਇਸ ਬੀਮਾਰੀ ਦੇ ਇਲਾਜ ਦੇ ਲਈ ਸੱਭ ਤੋਂ ਵੱਧ ਖਰਚਾ ਹੰੁਦਾ ਹੈ। ਹਾਈ ਬਲੱਡ ਪ੍ਰੈਸ਼ਰ ਬੀਮਾਰੀ ਵਾਲੇ ਨੂੰ ਹਰ ਰੋਜ਼ ਦਵਾਈ ਖਾਣੀ ਪੈਂਦੀ ਹੈ ਅਤੇ ਇਕ ਆਦਮੀ ਦੀ ਦਵਾਈ ਦਾ ਖਰਚਾ ਕਾਫੀ ਹੋ ਜਾਂਦਾ ਹੈ ਅਤੇ ਅੱਜ ਦੇ ਤਣਾE ਭਰੇ ਮਹੌਲ ਵਿਚ ਇਹ ਵੀ ਹਰ ਆਦਮੀ ਦੇ ਲਈ ਤਣਾE ਬਣਿਆ ਰਹਿੰਦਾ ਹੈ।ਹਾਈ ਬਲੱਡ ਪ੍ਰੈਸ਼ਰ ਦੀ ਚਿੰਤਾ ਦੇ ਨਾਲ ਆਦਮੀ ਨੂੰ ਹੋਰ ਕਈ ਬੀਮਾਰੀ ਚਿਬੜ ਰਹੀਆਂ ਹਨ ਜਿਵੇ ਕਿ ਸ਼ੂਗਰ, ਥਾਇਰਡ, ਕਿਡਨੀ ਦਾ ਖਰਾਬ ਹੋਣਾ ਆਦਿ।ਆਦਮੀ ਪਹਿਲਾਂ ਹੀ ਕਈ ਚਿੰਤਾਵਾਂ, ਆਰਥਿਕ ਬੋਝ, ਗਰੀਬੀ ਵਿਚ ਫਸਿਆ ਹੋਇਆ ਹੈ, ਹਾਈ ਬਲੱਡ ਪ੍ਰੈਸ਼ਰ ਦੀ ਬੀਮਾਰੀ ਵਿਚ ਫਸ ਕੇ ਹੋਰ ਵੀ ਲੁਟ-ਖਸੁੱਟ ਦਾ ਸਿ਼ਕਾਰ ਹੰੁਦਾ ਚਲਿਆ ਆ ਰਿਹਾ ਹੈ।ਪੈਸਾ ਤਾਂ ਖਤਮ ਹੋ ਹੀ ਰਿਹਾ ਹੈ ਤਾਂ ਉਹਦੇ ਨਾਲ ਨਾਲ ਆਦਮੀ ਸਰੀਰਕ ਪੱਖੋਂ ਵੀ ਖਤਮ ਹੰੁਦਾ ਜਾ ਰਿਹਾ ਹੈ।ਸ਼ੂਗਰ ਸਾਡੇ ਦੇਸ਼ ਵਿਚ ਮਹਾਂਮਾਰੀ ਦੀ ਤਰਾਂ ਫੈਲ ਰਹੀ ਹੈ।ਇਸ ਸਮ੍ਹੇਂ ਲੱਗਭਗ 7,4 ਕਰੋੜ ਲੋਕ ਸਿਰਫ ਸੂਗਰ ਦੀ ਬੀਮਾਰੀ ਨਾਲ ਹੀ ਪੀੜਤ ਹਨ, ਜੇ ਇਸ ਤਰਾਂ ਹੀ ਚਲਦਾ ਰਿਹਾ ਤਾਂ ਆਉਦੇ 25 ਸਾਲਾਂ ਵਿਚ ਸਿਰਫ ਸੂਗਰ ਦੀ ਬੀਮਾਰੀ ਦੇ ਮਰੀਜ਼ਾ ਦੀ ਗਿਣਤੀ ਵਿਚ 65 ਫੀਸਦੀ ਵਾਧਾ ਹੋ ਜਾਏਗਾ।ਅਮਰੀਕਾ ਦੀਆਂ ਸੰਸਥਾਵਾਂ ਨੇ ਇਹ ਚੈਕ ਕੀਤਾ ਹੈ ਕਿ ਭਾਰਤ ਵਿਚ ਸੂਗਰ ਦੀ ਬੀਮਾਰੀ ਕਿਉ ਜਿਆਦਾ ਵਧ ਰਹੀ ਹੈ, ਇਹ ਪਾਇਆ ਗਿਆ ਕਿ ਭਾਰਤੀ ਲੋਕਾਂ ਦੇ ਖੂਨ ਵਿਚ ਮਿੱਠਾ ਜਿਆਦਾ ਹੈ।ਹੁਣ ਦੇਖਿਆ ਜਾਏ ਤਾਂ ਸੂਗਰ ਵਰਗੀ ਬੀਮਾਰੀ ਤੋਂ ਐਨਾ ਖਤਰਨਾਕ ਨਹੀ ਹੈ।ਖਤਰਾ ਇਸ ਤੋਂ ਅੱਗੇ ਪੈਦਾ ਹੋਣ ਵਾਲੀਆ ਬੀਮਾਰੀਆਂ ਤੋਂ ਹੈ ਜਿਵੇ ਸੂਗਰ ਦੀ ਬੀਮਾਰੀ ਨਾਲ ਕਿਡਨੀ ਨੂੰ ਸੱਭ ਤੋਂ ਜਿਆਦਾ ਖਤਰਾ, ਚਮੜੀ ਦੇ ਅਲੱਗ ਅਲੱਗ ਰੋਗਾ ਦਾ ਹੋਣਾ, ਹਾਈ ਬਲੱਡ ਪ੍ਰੈਸ਼ਰ ਦੇ ਨਾਲ ਦਿਲ ਦੀਆਂ ਅਨੇਕਾਂ ਹੀ ਬੀਮਾਰੀਆਂ ਦਾ ਹੋਣਾ, ਫਿਰ ਇਹਨਾਂ ਵਿਚੋਂ ਕਿਸੇ ਬੀਮਾਰੀ ਦੀ ਵੀ ਦਵਾਈ ਸ਼ੁਰੂ ਕਰ ਦਿE ਉਹ ਦਵਾਈ ਘਟਦੀ ਨਹੀ ਸਗੋ ਅੱਗੇ ਤੋਂ ਅੱਗੇ ਵੱਧਦੀ ਜਾਂਦੀ ਹੈ।

ਇਸ ਤਰਾਂ ਦੇ ਕੋਰੋਨਾ ਮਹਾਂਮਾਰੀ ਵਰਗੇ ਮਹੌਲ ਦੇ 14 ਮਹੀਨਿਆ ਤੋਂ ਜਿਆਦਾ ਸਮੇਂ ਵਿਚ ਭਾਰਤ ਦੀ ਹਾਲਤ ਹੋਰ ਵੀ ਖਰਾਬ ਹੋ ਰਹੀ ਹੈ।ਸਹਿਰਾਂ ਤੋਂ ਬਾਹਰ ਵਾਲੇ ਕਸਬਿਆਂ ਵਿਚ ਅੱਜੇ ਵੀ ਅਗਿਆਨਤਾ ਕਰਕੇ ਕੋਰੋਨਾ ਦੇ ਕੇਸ ਵੱਧਦੇ ਜਾ ਰਹੇ।ਇਸੇ ਮਜਬੂਰੀ ਵਿਚ ਵੈਟੀਲੇਟਰ, ਆਕਸੀਜ਼ਨ ਤੇ ਬੈਂਡ ਲੈਣ ਦੇ ਲਈ ਪ੍ਰਾਈਵੇਟ ਹਸਪਤਾਲ ਵਿਚ ਹੀ ਜਾਣਾ ਪਸੰਦ ਕਰਦੇ ਹਨ। ਉਥੇ ਨਿਜੀ ਹਸਪਤਾਲ ਇਕ ਚਾਦਰ, ਤਕੀਆ ਕਵਰ ਦੇ ਪੰਚੀ ਸੌ ਰੁਪਏ, ਖਾਣੇ ਦੇ ਘੱਟੋ-ਘੱਟ ਦੋ ਹਜਾਰ ਰੁਪਏ ਅਤੇ ਦਵਾਈਆਂ ਦੇ ਮਨ ਮਾਨੀ ਵਾਲੇ ਰੇਟ ਵਸੂਲ ਰਹੇ ਹਨ। ਇਸ ਨਾਲ ਸਾਡੇ ਦੇਸ਼ ਵਿਚ ਗਰੀਬ ਆਦਮੀ ਹੋਰ ਗਰੀਬ ਹੰੁਦਾ ਜਾ ਰਿਹਾ ਹੈ। ਅੱਜ ਸਾਨੂੰ ਸਮਝਣ ਦੀ ਲੋੜ ਹੈ, ਜਿਸ ਨਾਲ ਅਸੀ ਬੀਮਾਰੀ ਤੋਂ ਵੀ ਬਚ ਸਕੀਏ ਤੇ ਅਸੀ ਆਪਣੇ ਦੇਸ਼ ਨੂੰ ਗਰੀਬ ਹੋਣ ਤੋਂ ਵੀ ਬਣਾ ਸਕੀਏ।

ਪੇਸ਼ਕਸ਼:-ਅਮਰਜੀਤ ਚੰਦਰ ਮੋਬਾਇਲ 9417600014

Previous articleਸਾਂਬਾ ’ਚ ਗ੍ਰੇਨੇਡ ਹਮਲਾ: ਪਠਾਨਕੋਟ-ਜੰਮੂ ਮਾਰਗ ’ਤੇ ਅਤਿਵਾਦੀਆਂ ਖ਼ਿਲਾਫ਼ ਅਪਰੇਸ਼ਨ ਸ਼ੁਰੂ
Next articleਸ੍ਰੀ ਗੁਰੂ ਅੰਗਦ ਦੇਵ ਦੀ ਸਿੱਖ ਧਰਮ ਤੇ ਪੰਜਾਬੀ ਭਾਸ਼ਾ ਨੂੰ ਦੇਣ