ਕੋਟਕਪੂਰਾ ਗੋਲੀ ਕਾਂਡ: ਮਨਤਾਰ ਬਰਾੜ ਦੀ ਜ਼ਮਾਨਤ ਅਰਜ਼ੀ ਰੱਦ

ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਮੁਲਜ਼ਮ ਵਜੋਂ ਨਾਮਜ਼ਦ ਅਕਾਲੀ ਆਗੂ ਤੇ ਪੰਜਾਬ ਦੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਜਾਂਚ ਟੀਮ ਨੇ ਅਦਾਲਤ ਵਿੱਚ ਤਰਕ ਦਿੱਤਾ ਸੀ ਕਿ ਜੇ ਮਨਤਾਰ ਨੂੰ ਅਗਾਊਂ ਜ਼ਮਾਨਤ ਮਿਲਦੀ ਹੈ ਤਾਂ ਉਹ ਸਮੁੱਚੀ ਜਾਂਚ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜਾਂਚ ਟੀਮ ਨੇ ਕਿਹਾ ਕਿ ਬਰਾੜ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿੱਚ ਲੈਣਾ ਜ਼ਰੂਰੀ ਹੈ। ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਵਿੱਚ ਪੁਲੀਸ ਅਧਿਕਾਰੀਆਂ ਨੂੰ ਜ਼ਮਾਨਤਾਂ ਮਿਲਣ ਤੋਂ ਬਾਅਦ ਜਾਂਚ ਟੀਮ ਦੀ ਕਾਰਵਾਈ ਵਿਵਾਦਾਂ ’ਚ ਘਿਰ ਗਈ ਸੀ। ਇਸੇ ਕਰਕੇ ਮਨਤਾਰ ਸਿੰਘ ਬਰਾੜ ਦੀ ਜ਼ਮਾਨਤ ਅਰਜ਼ੀ ਰੱਦ ਕਰਵਾਉਣ ਲਈ ਜਾਂਚ ਟੀਮ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਅਤੇ ਅਦਾਲਤ ਵਿੱਚ ਸੁਣਵਾਈ ਦੌਰਾਨ ਦੋਹਾਂ ਪੱਖਾਂ ਦਰਮਿਆਨ ਕਈ ਵਾਰ ਤਲਖ਼ ਕਲਾਮੀ ਵੀ ਹੋਈ। ਦੂਜੇ ਪਾਸੇ ਮਨਤਾਰ ਸਿੰਘ ਬਰਾੜ ਨੇ ਖ਼ੁਦ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਜਾਂਚ ਟੀਮ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਉਸ ਨੂੰ ਪ੍ਰੇਸ਼ਾਨ ਕਰ ਰਹੀ ਹੈ। ਬਰਾੜ ਨੇ ਦੋਸ਼ ਲਾਇਆ ਕਿ ਜਾਂਚ ਟੀਮ ਉਸ ’ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਗਵਾਹੀ ਦੇਣ ਲਈ ਜ਼ੋਰ ਪਾ ਰਹੀ ਸੀ ਅਤੇ ਜਦ ਉਹ ਜਾਂਚ ਟੀਮ ਦੇ ਦਬਾਅ ’ਚ ਨਹੀਂ ਆਇਆ ਤਾਂ ਉਸ ਨੂੰ ਕੋਟਕਪੂਰਾ ਗੋਲੀ ਕਾਂਡ ਵਿੱਚ ਗਲਤ ਤਰੀਕੇ ਨਾਲ ਨਾਜ਼ਮਦ ਕਰ ਦਿੱਤਾ ਗਿਆ। ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਮਨਤਾਰ ਸਿੰਘ ਬਰਾੜ ਦੀ ਗ੍ਰਿਫ਼ਤਾਰੀ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। ਹਾਲਾਂਕਿ ਬਰਾੜ ਕੁਝ ਦਿਨਾਂ ਤੋਂ ਹਲਕੇ ਵਿੱਚ ਨਹੀਂ ਹਨ। ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਹਾਈ ਕੋਰਟ ਪਹੁੰਚ ਕਰਨਗੇ। ਇਸੇ ਦੌਰਾਨ ਜਾਂਚ ਟੀਮ ਨੇ ਸਾਬਕਾ ਪੁਲੀਸ ਮੁਖੀ ਚਰਨਜੀਤ ਸ਼ਰਮਾ ਨੂੰ ਕੋਟਕਪੂਰਾ ਗੋਲੀ ਕਾਂਡ ਵਿੱਚ ਵੀ ਨਾਮਜ਼ਦ ਕਰ ਲਿਆ ਹੈ। ਜਾਂਚ ਟੀਮ ਨੇ ਚਰਨਜੀਤ ਸ਼ਰਮਾ ਦੇ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਇਜਾਜ਼ਤ ਮੰਗੀ ਹੈ। ਚਰਨਜੀਤ ਸ਼ਰਮਾ ਪਟਿਆਲਾ ਜੇਲ੍ਹ ਵਿਚ ਹਨ। ਹੁਣ 25 ਮਾਰਚ ਨੂੰ ਸ਼ਰਮਾ ਨੂੰ ਇੱਥੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Previous articleਸਵਾਮੀ ਅਸੀਮਾਨੰਦ ਤੇ ਤਿੰਨ ਹੋਰ ਬਰੀ
Next articleਭਗੌੜਾ ਕਾਰੋਬਾਰੀ ਨੀਰਵ ਮੋਦੀ ਲੰਡਨ ’ਚ ਗ੍ਰਿਫ਼ਤਾਰ