ਕਿਸਾਨੀ ਸੰਘਰਸ਼: ਮੈਲਬਰਨ ਅਤੇ ਪਰਥ ’ਚ ਵੱਡੇ ਮੁਜ਼ਾਹਰੇ

ਮੈਲਬਰਨ (ਸਮਾਜ ਵੀਕਲੀ) : ਇੱਥੇ ਮੈਲਬਰਨ ਕ੍ਰਿਕਟ ਗਰਾਊਂਡ ਦੇ ਬਾਹਰ ਪੰਜਾਬੀ ਭਾਈਚਾਰੇ ਵੱਲੋਂ ਆਸਟਰੇਲੀਆ-ਭਾਰਤ ਕ੍ਰਿਕਟ ਲੜੀ ਮੌਕੇ ਭਾਰਤ ’ਚ ਚੱਲ ਰਹੇ ਕਿਸਾਨੀ ਸੰਘਰਸ਼ ਦੇ ਪੱਖ ਵੱਡਾ ਮੁਜ਼ਾਹਰਾ ਕੀਤਾ ਗਿਆ।  ਬੁਲਾਰਿਆਂ ਨੇ ਕਿਸਾਨ ਪੱਖੀ ਨਾਅਰਿਆਂ ਨਾਲ ਭਖੇ ਮਾਹੌਲ ’ਚ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਅਤੇ ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਬਾਰਡਰ ’ਤੇ ਕੀਤੇ ਜਾ ਰਹੇ ਸੰਘਰਸ਼ ਨੂੰ ਸਮਰਥਨ ਦਿੱਤਾ।

ਇਸ ਮੌਕੇ ਸ਼ਹਿਰ ਤੋਂ ਬਾਹਰਲੇ ਇਲਾਕਿਆਂ ਤੋਂ ਵੀ ਵੱਡੀ ਗਿਣਤੀ ’ਚ ਲੋਕਾਂ ਨੇ ਸ਼ਮੂਲੀਅਤ ਕੀਤੀ। ਆਸਟਰੇਲੀਆ ਵਿੱਚ ਕੋਲੇ ਦੀ ਖਾਣ ਲਗਾ ਰਹੇ ਅਡਾਨੀ ਦਾ ਅੱਧੇ ਦਹਾਕੇ ਤੋਂ ਵਿਰੋਧ ਕਰ ਰਹੀ ਜਥੇਬੰਦੀ ‘ਅਡਾਨੀ ਰੋਕੋ’ ਦੇ ਬੁਲਾਰੇ ਨੇ ਕਿਸਾਨੀ ਸੰਘਰਸ਼ ਦਾ ਸਮਰਥਨ ਕਰਦਿਆਂ ਕਿਹਾ ਕਿ ਦੁਨੀਆ ਦੇ ਕੁਦਰਤੀ ਸਰੋਤਾਂ ਨੂੰ ਸਰਮਾਏਦਾਰੀ ਤੋਂ ਵੱਡਾ ਖ਼ਤਰਾ ਹੈ ਜਿਸ ਨੂੰ ਰੋਕਣ ਲਈ ਹਰ ਖਿੱਤੇ ਵਿੱਚ ਆਵਾਜ਼ ਉਠਾਉਣੀ ਸਮੇਂ ਦੀ ਮੰਗ ਹੈ।

ਇਸੇ ਤਰ੍ਹਾਂ ਪਰਥ ਵਿੱਚ ਭਾਰਤੀ ਦੂਤਘਰ ਅੱਗੇ ਮੁਜ਼ਾਹਰਾ ਕੀਤਾ ਗਿਆ ਅਤੇ ਖੇਤੀ ਕਾਨੂੰਨਾਂ ਖ਼ਿਲਾਫ਼ ਰੈਲੀ  ਕੱਢੀ ਗਈ। ਇਸ ਮੌਕੇ ਸੰਘਰਸ਼ ਅਤੇ ਕਿਸਾਨਾਂ ਦੇ ਹੱਕ ’ਚ ਨਾਅਰੇ ਲਾਏ ਗਏ। ਇੱਥੇ ਭਾਈਚਾਰੇ ਵੱਲੋਂ ਸੰਸਦ ਮੈਂਬਰਾਂ ਨਾਲ ਮੀਟਿੰਗਾਂ ਕਰ ਕੇ ਕਿਸਾਨਾਂ ਦੇ ਹੱਕ ’ਚ ਕੂਟਨੀਤਿਕ ਦਬਾਅ ਬਣਾਉਣ ਲਈ ਅਪੀਲ ਕੀਤੀ ਜਾ ਰਹੀ ਹੈ।

Previous articleਦੇਸ਼ ’ਚ ਛੇ ਮਹੀਨੇ ਮਗਰੋਂ ਕਰੋਨਾ ਕਾਰਨ 300 ਤੋਂ ਘੱਟ ਮੌਤਾਂ
Next articleਅਮਰੀਕੀ ਕਾਨੂੰਨਸਾਜ਼ਾਂ ਵੱਲੋਂ ਭਾਰਤੀ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ