ਕੈਰੋਂ ’ਚ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਪੰਜ ਦਾ ਕਤਲ

ਪੱਟੀ (ਸਮਾਜਵੀਕਲੀ):  ਇਥੋਂ ਨੇੜਲੇ ਪਿੰਡ ਕੈਰੋਂ ਵਿੱਚ ਬੀਤੀ ਰਾਤ ਚਾਰ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਇਕੋ ਪਰਿਵਾਰ ਦੇ ਚਾਰ ਜੀਆਂ ਸਮੇਤ ਪੰਜ ਵਿਅਕਤੀਆਂ ਦਾ ਤੇਜ਼ਧਾਰ ਹਥਿਆਰਾਂ ਨਾਲ ਗਲੇ ਵੱਢ ਕੇ ਕਤਲ ਕਰ ਦਿੱਤਾ। ਮ੍ਰਿਤਕਾਂ ’ਚ ਦੋ ਔਰਤਾਂ ਵੀ ਸ਼ਾਮਲ ਹਨ। ਮ੍ਰਿਤਕਾਂ ਵਿੱਚ ਬ੍ਰਿਜ ਲਾਲ (60), ਉਸ ਦਾ ਲੜਕਾ ਬੰਟੀ ਅਤੇ ਬ੍ਰਿਜ ਲਾਲ ਦੀਆਂ ਦੋ ਨੂੰਹਾਂ ਅਮਨਦੀਪ ਕੌਰ(26) ਅਤੇ ਜਸਪ੍ਰੀਤ ਕੌਰ(28) ਅਤੇ ਬ੍ਰਿਜ ਲਾਲ ਦੇ ਡਰਾਈਵਰ ਗੁਰਸਾਹਿਬ ਸਿੰਘ ਵਾਸੀ ਕੈਰੋਂ ਸ਼ਾਮਲ ਹਨ।

ਪੁਲੀਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬ੍ਰਿਜ ਲਾਲ ਦਾ ਪਿਛੋਕੜ ਅਪਰਾਧਿਕ ਕਿਸਮ ਦਾ ਸੀ। ਉਸ ਖ਼ਿਲਾਫ਼ ਨਸ਼ਾ ਤਸਕਰੀ ਦੇ ਕਈ ਕੇਸ ਦਰਜ ਸੀ। ਬ੍ਰਿਜ ਲਾਲ ਉਰਫ ਧਾਤੂ ਦੇ ਚਾਰ ਲੜਕਿਆਂ ਵਿੱਚੋਂ ਦੋ ਲੜਕੇ ਬਖ਼ਸ਼ੀਸ਼ ਸਿੰਘ ਉਰਫ ਸੋਨੂ ਤੇ ਪਰਮਜੀਤ ਸਿੰਘ ਉਰਫ਼ ਪੰਮਾ ਤਰਨ ਤਾਰਨ ਦੇ ਨਸ਼ਾ ਛਡਾਊ ਕੇਂਦਰ ਵਿੱਚ ਇਲਾਜ ਅਧੀਨ ਹਨ। ਇੱਕ ਲੜਕਾ ਗੁਰਜੰਟ, ਜੋ ਨਸ਼ੇ ਦਾ ਆਦੀ ਹੈ ਤੇ ਉਹ ਘਰੋਂ ਬਾਹਰ ਦੱਸਿਆ ਜਾ ਰਿਹਾ ਹੈ। ਬ੍ਰਿਜ ਲਾਲ ਦੀ ਪਤਨੀ ਰਣਜੀਤ ਕੌਰ ਵੀ ਨਸ਼ੇ ਨਾਲ ਸਬੰਧਤ ਕੇਸ ਵਿੱਚ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਬੰਦ ਸੀ, ਜਿੱਥੇ ਦੋ ਮਹੀਨੇ ਪਹਿਲਾਂ ਉਹਦੀ ਮੌਤ ਹੋ ਚੁੱਕੀ ਹੈ। ਬ੍ਰਿਜ ਲਾਲ ਪਿੰਡ ਕੈਰੋਂ ਵਿੱਚ ਆਪਣੇ ਪੁੱਤਰ ਬੰਟੀ ਅਤੇ ਨੂੰਹ ਅਮਨਦੀਪ ਕੌਰ ਤੇ ਜਸਪ੍ਰੀਤ ਕੌਰ ਨਾਲ ਰਹਿ ਰਿਹਾ ਸੀ।

ਜਾਣਕਾਰੀ ਅਨੁਸਾਰ ਲੰਘੀ ਰਾਤ ਚਾਰ ਅਣਪਛਾਤੇ ਹਥਿਆਰਬੰਦ ਵਿਅਕਤੀ ਘਰ ਵਿੱਚ ਦਾਖਲ ਹੋਏ ਤੇ ਉਨ੍ਹਾਂ ਚਾਰ ਛੋਟੇ ਬੱਚਿਆਂ ਨੂੰ ਛੱਡ ਕੇ ਬਾਕੀ ਚਾਰ ਪਰਿਵਾਰਕ ਮੈਂਬਰਾਂ ਦੇ ਤੇਜ਼ਧਾਰ ਹਥਿਆਰਾਂ ਨਾਲ ਗਲੇ ਵੱਢ ਦਿੱਤੇ। ਪੁਲੀਸ ਕਤਲ ਦੀ ਵਾਰਦਾਤ ਸਬੰਧੀ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਘਰ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਵੀ ਟੁੱਟੇ ਹੋਏ ਹਨ। ਜ਼ਿਲ੍ਹਾ ਤਰਨ ਤਾਰਨ ਦੇ ਐੱਸਪੀ (ਡੀ) ਜਗਜੀਤ ਸਿੰਘ ਵਾਲੀਆ ਨੇ ਸਥਾਨਕ ਪੁਲੀਸ ਅਫਸਰਾਂ ਨਾਲ ਮੌਕੇ ਦਾ ਜਾਇਜ਼ਾ ਲਿਆ। ਪੁਲੀਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿੱਚ ਰਖਵਾ ਦਿੱਤੀਆਂ ਹਨ।

Previous articleਐਮਰਜੈਂਸੀ ਦੌਰਾਨ ਲੋਕਤੰਤਰ ਲਈ ਲੜਨ ਵਾਲਿਆਂ ਦੀ ਕੁਰਬਾਨੀ ਕਦੇ ਨਹੀਂ ਭੁਲਾਈ ਜਾ ਸਕਦੀ: ਮੋਦੀ
Next articleਦੇਸ਼ ’ਚ ਕਰੋਨਾ ਦੇ ਰਿਕਾਰਡ 16922 ਕੇਸ