ਕੈਬਨਿਟ ਨੇ ਪੀਐਫ ਯੋਗਦਾਨ ਵਿੱਚ ਸਰਕਾਰੀ ਮਦਦ ਅਗਸਤ ਤਕ ਵਧਾਈ

ਨਵੀਂ ਦਿੱਲੀ (ਸਮਾਜਵੀਕਲੀ) :  ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਮਾਲਕਾਂ ਅਤੇ ਕਰਮਚਾਰੀਆਂ ਦੇ ਪ੍ਰੋਵੀਡੈਂਟ ਫੰਡ ਵਿੱਚ ਸਰਕਾਰੀ ਯੋਗਦਾਨ ਪਾਉਣ ਦੀ ਸਕੀਮ ਅਗਸਤ ਤੱਕ ਤਿੰਨ ਮਹੀਨਿਆਂ ਲਈ ਵਧਾਉਣ ਦੀ ਤਜਵੀਜ਼ ਪ੍ਰਵਾਨ ਕਰ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੈਬਨਿਟ ਨੇ ਕਰਮਚਾਰੀਆਂ ਅਤੇ ਮਾਲਕਾਂ ਦੇ ਪ੍ਰੋਵੀਡੈਂਟ ਫੰਡ ਵਿੱਚ ਸਰਕਾਰ ਵੱਲੋਂ ਯੋਗਦਾਨ ਪਾਉਣ ਦੀ ਸਕੀਮ ਕੁਝ ਹੋਰ ਸਮੇਂ ਲਈ ਵਧਾਉਣ ਦਾ ਫੈਸਲਾ ਕੀਤਾ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮਈ ਵਿੱਚ 3.67 ਲੱਖ ਮਾਲਕਾਂ ਅਤੇ 72.22 ਲੱਖ ਕਰਮਚਾਰੀਆਂ ਨੂੰ ਰਾਹਤ ਦਿੰਦਿਆਂ ਐਲਾਨ ਕੀਤਾ ਸੀ ਕਿ ਉਹ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਇਸ ਯੋਜਨਾ ਨੂੰ ਤਿੰਨ ਮਹੀਨਿਆਂ ਲਈ ਵਧਾ ਰਹੇ ਹਨ। ਇਹ ਯੋਗਦਾਨ 24 ਫੀਸਦੀ ਹੁੰਦਾ ਹੈ ਜਿਸ ਵਿੱਚ 12 ਫੀਸਦੀ ਯੋਗਦਾਨ ਮਾਲਕਾਂ ਵੱਲੋਂ ਅਤੇ 12 ਫੀਸਦੀ ਮੁਲਾਜ਼ਮਾਂ ਵੱਲੋਂ ਪਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਇਹ ਲਾਭ ਮਾਰਚ, ਅਪਰੈਲ ਅਤੇ ਮਈ ਮਹੀਨੇ ਲਈ ਦਿੱਤਾ ਗਿਆ ਸੀ ਤੇ ਹੁਣ ਇਸ ਨੂੰ ਅਗਸਤ ਤਕ ਵਧਾ ਦਿੱਤਾ ਗਿਆ ਹੈ। ਇਸ ਸਕੀਮ ਵਿੱਚ ਉਹ ਅਦਾਰੇ ਆਉਂਦੇ ਹਨ ਜਿਨ੍ਹਾਂ ਵਿਚ 100 ਕਰਮਚਾਰੀ ਹਨ ਅਤੇ 90 ਪ੍ਰਤੀਸ਼ਤ ਅਜਿਹੇ ਕਰਮਚਾਰੀ ਹਨ ਜਿਨ੍ਹਾਂ ਦੀ ਮਹੀਨਾਵਾਰ ਤਨਖਾਹ 15,000 ਰੁਪਏ ਤੋਂ ਘੱਟ ਹੈ।

Previous articleਖੇਤੀ ਢਾਂਚੇ ਦੀ ਉਸਾਰੀ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ
Next articleVikas Dubey ‘surrenders’ in Ujjain’s Mahakaal temple