ਕੈਪਟਨ ਵੱਲੋਂ ਵਿਧਾਇਕਾਂ ਨਾਲ ਜੰਤਰ-ਮੰਤਰ ’ਤੇ ਧਰਨਾ

ਨਵੀਂ ਦਿੱਲੀ, (ਸਮਾਜ ਵੀਕਲੀ) : ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਅਤੇ ਪੰਜਾਬ ’ਚ ਰੇਲ ਗੱਡੀਆਂ ਬੰਦ ਕਰਨ ਦੇ ਵਿਰੋਧ ਸਮੇਤ ਹੋਰ ਮਸਲਿਆਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਿਧਾਇਕਾਂ ਨੇ ਅੱਜ ਦਿੱਲੀ ਦੇ ਜੰਤਰ-ਮੰਤਰ ’ਤੇ ਧਰਨਾ ਦਿੱਤਾ। ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਇਨਕਾਰ ਕਰਨ ਮਗਰੋਂ   ਪੰਜਾਬ ਦੇ ਕਿਸਾਨਾਂ ਦੀ ਰਾਖੀ ਲਈ ਮਿਸ਼ਨ ਸ਼ੁਰੂ ਕੀਤਾ ਗਿਆ।

ਕੈਪਟਨ ਕਾਂਗਰਸ ਦੇ ਕੁਝ ਸੰਸਦ ਮੈਂਬਰਾਂ ਨਾਲ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧ ਰਾਜਘਾਟ ’ਤੇ ਗਏ ਅਤੇ ਫਿਰ ਸ਼ਰਧਾਂਜਲੀ ਭੇਟ ਕਰਨ ਮਗਰੋਂ ਧਰਨੇ ਵਿੱਚ ਸ਼ਾਮਲ ਹੋਏ। ਰਾਜਘਾਟ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਦੇਸ਼ ਦੇ ਮੁਖੀ ਹਨ ਅਤੇ ਪੰਜਾਬ ਦੇ ਵਿਧਾਇਕ ਉਨ੍ਹਾਂ ਨੂੰ ਤਾਜ਼ਾ ਹਾਲਾਤ ਬਾਰੇ ਦੱਸਣਾ ਚਾਹੁੰਦੇ ਸਨ। ਉਨ੍ਹਾਂ ਕਿਹਾ,‘‘ਸਾਨੂੰ ਉਮੀਦ ਸੀ ਕਿ ਰਾਸ਼ਟਰਪਤੀ ਸਾਡੀ ਗੱਲ ਸੁਣਨ ਮਗਰੋਂ ਕੇਂਦਰ ਸਰਕਾਰ ਨਾਲ ਗੱਲਬਾਤ ਕਰਨਗੇ ਪਰ ਉਨ੍ਹਾਂ ਮਿਲਣ ਦਾ ਸਮਾਂ ਹੀ ਨਹੀਂ ਦਿੱਤਾ ਗਿਆ।’’

ਇਸ ਤੋਂ ਪਹਿਲਾਂ ਪੰਜਾਬ ਭਵਨ ’ਚ ਕਾਂਗਰਸੀ ਵਿਧਾਇਕ, ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ, ਪੰਜਾਬੀ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਤੇ ਜਗਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਇਕੱਠੇ ਹੋਏ ਅਤੇ ਪੈਦਲ ਹੀ ਜੰਤਰ-ਮੰਤਰ ਵੱਲ ਵੱਖ-ਵੱਖ ਟੋਲਿਆਂ ਵਿੱਚ ਰਵਾਨਾ ਹੋਏ। ਕੈਪਟਨ ਨੇ ਕੇਂਦਰ ਸਰਕਾਰ ਦੀ ਨਿੰਦਾ ਕਰਦੇ ਹੋਏ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਦੀ ਭੂਮਿਕਾ ’ਤੇ ਵੀ ਸਵਾਲੀਆ ਨਿਸ਼ਾਨ ਲਗਾਏ।

ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਸੂਬੇ ਦੇ ਸੋਧ ਬਿੱਲਾਂ ਨੂੰ ਅਜੇ ਤਕ ਰਾਸ਼ਟਰਪਤੀ ਕੋਲ ਨਹੀਂ ਭੇਜਿਆ ਗਿਆ ਜਦੋਂ ਕਿ ਉਨ੍ਹਾਂ ਦੀ ਭੂਮਿਕਾ ਸਿਰਫ਼ ‘ਡਾਕਖ਼ਾਨੇ’ ਵਾਲੀ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਲ ਪਹਿਲਾਂ ਸੌਂਪੇ ਗਏ ਪੰਜਾਬ ਰਾਜ ਲੈਜਿਸਲੇਚਰ (ਪ੍ਰੀਵੈਨਸ਼ਨ ਆਫ਼ ਡਿਸਕੁਆਲੀਫਿਕੇਸ਼ਨ) ਬਿੱਲ ਨੂੰ ਵੀ ਅਜੇ ਤੱਕ ਨਹੀਂ ਭੇਜਿਆ ਗਿਆ। ਉਨ੍ਹਾਂ ਦੋਸ਼ ਲਾਇਆ,‘‘ਕੇਂਦਰ ਵੱਲੋਂ ਪੰਜਾਬ ਨਾਲ ਮਤਰੇਇਆਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਮਾਰਚ ਤੋਂ ਜੀਐੱਸਟੀ ਅਤੇ ਸੰਵਿਧਾਨਕ ਗਾਰੰਟੀ ਦੇ 10 ਹਜ਼ਾਰ ਕਰੋੜ ਰੁਪਏ ਬਕਾਇਆ ਹਨ। ਆਫ਼ਤ ਰਾਹਤ ਫੰਡ ਵੀ ਬੰਦ ਕੀਤਾ ਹੋਇਆ ਹੈ ਤੇ ਪੰਜਾਬ ਕੋਲ ਪੈਸਾ ਤੇ ਭੰਡਾਰ ਖ਼ਤਮ ਹੋ ਗਏ ਹਨ।’’ ਉਨ੍ਹਾਂ ਯਾਦ ਕਰਵਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅਕਾਲੀਆਂ ਦੀ ਸਰਕਾਰ ਹੁੰਦੇ ਵੀ ਪੰਜਾਬ ਨੂੰ ਪੂਰੀ ਤਵੱਜੋ ਦਿੱਤੀ ਸੀ।

ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਦੇ ਸੰਸਦ ਮੈਂਬਰਾਂ ਨੇ ਵੀ ਵੱਖ-ਵੱਖ ਕੇਂਦਰੀ ਮੰਤਰੀਆਂ ਪਾਸੋਂ ਮਿਲਣ ਲਈ ਸਮਾਂ ਮੰਗਿਆ ਹੈ। ਉਨ੍ਹਾਂ ਖੁਦ ਰੇਲਵੇ ਮੰਤਰੀ ਪਿਯੂਸ਼ ਗੋਇਲ ਨਾਲ ਗੱਲ ਕੀਤੀ ਹੈ ਜਿਨ੍ਹਾਂ ਮਾਲ ਗੱਡੀਆਂ ਦੀ ਸੁਰੱਖਿਆ ਦੀ ਗਾਰੰਟੀ ਦੇਣ ਲਈ ਆਖਿਆ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਦੋ ਪ੍ਰਾਈਵੇਟ ਪਲਾਂਟਾਂ, ਜਿੱਥੇ ਉਨ੍ਹਾਂ ਅਜੇ ਵੀ ਨਾਕਾਬੰਦੀ ਕੀਤੀ ਹੋਈ ਹੈ, ਨੂੰ ਛੱਡ ਕੇ ਬਾਕੀ ਥਾਵਾਂ ’ਤੇ ਸਾਰੀਆਂ ਗੱਡੀਆਂ ਚਲਾਉਣ ਦੀ ਆਗਿਆ ਦੇ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਅਕਾਲੀ  ਕੇਂਦਰੀ ਕਾਨੂੰਨਾਂ ’ਤੇ ਪਾਖੰਡਬਾਜ਼ੀ ਕਰ ਰਹੇ ਹਨ ਅਤੇ ਪੰਜਾਬ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਜਪਾ ਨਾਲ ਸਾਂਝ ਪਾ ਲੈਣਗੇ।‘ਅਸੀਂ ਦਿੱਲੀ ਵਿੱਚ ਕੇਂਦਰ ਨਾਲ ਟਕਰਾਅ ਲਈ ਨਹੀਂ ਸਗੋਂ ਗਰੀਬ ਕਿਸਾਨਾਂ ਲਈ ਇਨਸਾਫ਼ ਦੀ ਲੜਾਈ ਲੜਨ ਲਈ ਆਏ ਹਾਂ।’’ ਉਨ੍ਹਾਂ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਮਿਸਾਲ ਦਿੱਤੀ ਜਿਨ੍ਹਾਂ ਅਰੁਣ ਜੇਤਲੀ ਦੇ ਸੁਝਾਅ ’ਤੇ ਧਾਰਾ 254 (ii) ਤਹਿਤ ਭਾਜਪਾ ਦੇ ਸ਼ਾਸਨ ਵਾਲੇ ਸੂਬਿਆਂ ਵੱਲੋਂ ਪਾਸ ਕੀਤੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਸੀ।

ਕੈਪਟਨ ਨੇ ਕਿਹਾ ਕਿ ਕਿਸੇ ਵੀ ਸਰਕਾਰ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਜਾਂ ਲੋਕਾਂ ਦੀ ਰੋਜ਼ੀ-ਰੋਟੀ ਨੂੰ ਲੱਤ ਮਾਰਨ ਨਾਲ ਰੋਹ ਤੇ ਗੁੱਸਾ ਪੈਦਾ ਹੋਣਾ ਸੁਭਾਵਿਕ ਹੈ। ਉਨ੍ਹਾਂ ਪੰਜਾਬੀਆਂ ਵੱਲੋਂ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਯਾਦ ਕਰਵਾਉਂਦਿਆਂ ਕਿਹਾ ਕਿ ਇਸ ਸਰਹੱਦੀ ਖੇਤਰ ਦੇ ਛੋਟੇ ਕਿਸਾਨਾਂ ਲਈ ਬਣੇ ਰਵਾਇਤੀ ਕਿਸਾਨ ਆੜ੍ਹਤੀਆ ਸਿਸਟਮ ਨੂੰ ਨਾ ਤੋੜਿਆ ਜਾਵੇ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਹੋਣ ਦੇ ਨਾਤੇ, ਉਹ ਸਰਹੱਦਾਂ ’ਤੇ ਹੋਣ ਵਾਲੇ ਖਤਰੇ ਤੋਂ ਜਾਣੂ ਹਨ ਅਤੇ ਪਾਕਿਸਤਾਨ ਤੋਂ ਹਰ ਰੋਜ਼ 1 ਤੋਂ 3 ਡਰੋਨ ਪੰਜਾਬ ’ਚ ਆਊਂਦੇ ਹਨ।

Previous articleNadda holds Amarinder ‘fully responsible’ for current impasse
Next articleਅਰਨਬ ਗੋਸਵਾਮੀ ਖ਼ੁਦਕੁਸ਼ੀ ਕੇਸ ਿਵੱਚ ਗ੍ਰਿਫ਼ਤਾਰ