ਕੈਪਟਨ ਵੱਲੋਂ ਪੰਜਾਬ ਵਿੱਚ ਮੁਕੰਮਲ ਲੌਕਡਾਊਨ ਲਾਉਣ ਦੀ ਚਿਤਾਵਨੀ

ਚੰਡੀਗੜ੍ਹ (ਸਮਾਜ ਵੀਕਲੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ’ਚ ਹਾਲ ਦੀ ਘੜੀ ਮੁਕੰਮਲ ਅਤੇ ਸਖ਼ਤ ਲੌਕਡਾਊਨ ਲਗਾਏ ਜਾਣ ਤੋਂ ਇਨਕਾਰ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੂਬੇ ’ਚ ਲਾਈਆਂ ਗਈਆਂ ਬੰਦਿਸ਼ਾਂ ਦੀ ਪਾਲਣਾ ਅਤੇ ਕਰੋਨਾ ਦੇ ਹਾਲਾਤ ’ਚ ਕੋਈ ਸੁਧਾਰ ਨਾ ਹੋਇਆ ਤਾਂ  ਮੁਕੰਮਲ ਲੌਕਡਾਊਨ ਤੋਂ ਬਿਨਾਂ ਕੋਈ ਚਾਰਾ ਨਹੀਂ ਬਚੇਗਾ। ਉਨ੍ਹਾਂ ਕਿਹਾ ਕਿ ਉਹ ਸਖ਼ਤ ਲੌਕਡਾਊਨ ਦੇ ਹੱਕ ਵਿਚ ਨਹੀਂ ਹਨ ਕਿਉਂਕਿ ਇਸ ਦੀ ਵੱਧ ਮਾਰ ਗਰੀਬਾਂ ਨੂੰ ਪੈਂਦੀ ਹੈ ਅਤੇ ਪਰਵਾਸੀ ਮਜ਼ਦੂਰਾਂ ਨੂੰ ਹਿਜ਼ਰਤ ਕਰਨੀ ਪੈਂਦੀ ਹੈ।

ਮੁੱਖ ਮੰਤਰੀ ਨੇ ਅੱਜ ਵਰਚੁਅਲੀ ਮੀਟਿੰਗ ਕਰਕੇ ਕੋਵਿਡ ਦੇ ਹਾਲਾਤ ਦੀ ਸਮੀਖਿਆ ਕੀਤੀ। ਉਨ੍ਹਾਂ ਰੈਸਟੋਰੈਂਟ ਤੋਂ ਲੋਕਾਂ ਨੂੰ ਖੁਦ ਖਾਣਾ ਲੈ ਕੇ ਜਾਣ ’ਤੇ ਵੀ ਰੋਕ ਲਾ ਦਿੱਤੀ ਹੈ ਅਤੇ ਹੁਣ ਖਾਣੇ ਦੀ ਸਿਰਫ਼ ਹੋਮ ਡਲਿਵਰੀ ਹੀ ਹੋਵੇਗੀ। ਕੈਪਟਨ ਨੇ ਅਗਲੀ ਫਸਲ ਦੇ ਪ੍ਰਬੰਧਾਂ ਨੂੰ ਦੇਖਦਿਆਂ ਖਾਦਾਂ ਦੀ ਵਿਕਰੀ ਵਾਲੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ।

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ’ਚ ਮਰੀਜ਼ਾਂ ਦੀ ਸਥਿਤੀ ਬਾਕੀ ਸੂਬਿਆਂ ਵਰਗੀ ਨਹੀਂ ਬਣਨ ਦੇਣਗੇ। ਉਨ੍ਹਾਂ ਅਗਲੇ 10 ਦਿਨਾਂ ਵਿਚ ਬੈੱਡਾਂ ਦੀ ਸਮਰੱਥਾ 20 ਫੀਸਦੀ ਤੱਕ ਵਧਾਉਣ ਦੇ ਹੁਕਮ ਦਿੱਤੇ ਅਤੇ ਮਰੀਜ਼ਾਂ ਨੂੰ ਰੱਖਣ ਲਈ ਸਟੇਡੀਅਮ, ਜਿਮਨੇਜ਼ੀਅਮ ਅਤੇ ਹੋਰ ਥਾਵਾਂ ਨੂੰ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਟੈਂਟ ਵਾਲੇ ਕੈਂਪ ਸਥਾਪਤ ਕਰਨ ਅਤੇ ਜਿਮ/ਹਾਲਜ਼ ਨੂੰ ਐੱਲ-2 ਅਤੇ ਐੱਲ-3 ਸਹੂਲਤਾਂ ਵਿਚ ਤਬਦੀਲ ਕਰਨ ਦਾ ਮਸ਼ਵਰਾ ਵੀ ਦਿੱਤਾ ਹੈ। ਉਨ੍ਹਾਂ ਪੇਂਡੂ ਵਿਕਾਸ ਅਤੇ ਹੋਰ ਵਿਭਾਗਾਂ ਦੇ ਸਟਾਫ ਦੀਆਂ ਸੇਵਾਵਾਂ ਲੈਣ ਦੇ ਵੀ ਹੁਕਮ ਦਿੱਤੇ ਹਨ।

ਮੀਟਿੰਗ ਵਿਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕਰੋਨਾ ਦੀ ਸਥਿਤੀ ਬਹੁਤ ਭਿਆਨਕ ਬਣੀ ਹੋਈ ਹੈ ਕਿਉਂਕਿ ਸੂਬੇ ਵਿਚ ਐੱਲ-3 ਲਈ ਸਿਰਫ਼ 300 ਬੈੱਡ ਉਪਲੱਬਧ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਪਾਜ਼ੇਟੀਵਿਟੀ ਦਰ 12 ਫੀਸਦੀ ਉਤੇ ਖੜ੍ਹੀ ਹੈ ਅਤੇ ਪਿਛਲੇ 7-10 ਦਿਨਾਂ ਤੋਂ ਮਾਲਵਾ ਖੇਤਰ ਵਿਚ ਕਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ ਅਤੇ ਮੌਤ ਦਰ 2 ਫੀਸਦੀ ਦੇ ਨੇੜੇ ਪਹੁੰਚ ਗਈ ਹੈ ।

ਕੋਵਿਡ ਮਾਹਿਰਾਂ ਦੀ ਕਮੇਟੀ ਦੇ ਮੁਖੀ ਡਾ. ਕੇ ਕੇ ਤਲਵਾੜ ਨੇ ਪੇਂਡੂ ਇਲਾਕਿਆਂ ਵਿਚ ਗੰਭੀਰ ਮਰੀਜ਼ਾਂ ਦੀ ਤੇਜ਼ੀ ਨਾਲ ਸ਼ਨਾਖ਼ਤ ਕਰਨ ਲਈ ਘਰੇਲੂ ਇਕਾਂਤਵਾਸ ਦੀ ਨਿਗਰਾਨੀ ਨੂੰ ਤਰਜੀਹ ਦੇਣ ਦੀ ਲੋੜ ਉਤੇ ਜ਼ੋਰ ਦਿੱਤਾ। ਮਨੁੱਖੀ ਸ਼ਕਤੀ ਵਧਾਉਣ ਲਈ ਐੱਮਬੀਬੀਐੱਸ ਦੇ ਅਖੀਰਲੇ ਸਾਲ ਦੇ 700 ਵਿਦਿਆਰਥੀ, ਬੀਡੀਐੱਸ ਦੇ ਅਖੀਰਲੇ ਸਾਲ ਦੇ 90 ਵਿਦਿਆਰਥੀ ਅਤੇ 70 ਸੀਨੀਅਰ ਰੈਜ਼ੀਡੈਂਟ ਡਾਕਟਰਾਂ ਦੀ ਭਰਤੀ ਛੇਤੀ ਕੀਤੀ ਜਾਵੇਗੀ।

ਕੇਂਦਰ ਨੂੰ ਆਕਸੀਜਨ ਟੈਂਕਰ ਮੁਹੱਈਆ ਕਰਾਉਣ ਦੀ ਅਪੀਲ:ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਹੋਰ ਆਕਸੀਜਨ ਟੈਂਕਰ ਮੁਹੱਈਆ ਕਰਾਏ ਜਾਣ ਕਿਉਂਕਿ ਆਕਸੀਜਨ ਲਈ ਸੂਬੇ ਕੋਲ ਸਿਰਫ਼ 15 ਟੈਂਕਰ ਹੀ ਉਪਲਬਧ ਹਨ। ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਟਰਾਂਸਪੋਰਟਰਾਂ ਕੋਲ ਉਪਲੱਬਧ ਟਰੱਕਾਂ ਦੀ ਘਾਟ ਤੋਂ ਇਲਾਵਾ ਇੱਕ ਟੈਂਕਰ ਨੂੰ ਬੋਕਾਰੋ ਪਲਾਂਟ ਤੋਂ 90 ਮੀਟਰਕ ਟਨ ਕੋਟੇ ਦੀ ਅਲਾਟਮੈਂਟ ਲਿਆਉਣ ਵਿੱਚ ਲਗਭਗ 4-5 ਦਿਨ ਲੱਗਦੇ ਹਨ ਜਿਸ ਕਾਰਨ ਹਾਲਾਤ ਹੋਰ ਵਿਗੜ ਗਏ ਹਨ।  ਜਦੋਂ ਤੱਕ ਸੂਬੇ ਨੂੰ ਵਧੇਰੇ ਟੈਂਕਰ ਨਹੀਂ ਮਿਲਦੇ, ਸਥਿਤੀ ਹੋਰ ਵਿਗੜ ਸਕਦੀ ਹੈ।

70 ਫ਼ੀਸਦੀ ਵੈਕਸੀਨ ਸਹਿ-ਬਿਮਾਰੀ ਤੋਂ ਪੀੜਤਾਂ ਲਈ ਰਾਖਵੀਆਂ:ਮੁੱਖ ਮੰਤਰੀ ਨੇ ਮਈ ’ਚ ਸੀਰਮ ਇੰਸਟੀਚਿਊਟ ਵੱਲੋਂ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਸਿਰਫ਼ 3.30 ਲੱਖ ਵੈਕਸੀਨਾਂ ਮਿਲਣ ਦੇ ਮੱਦੇਨਜ਼ਰ ਹੁਕਮ ਦਿੱਤੇ ਹਨ ਕਿ 70 ਫੀਸਦੀ ਖ਼ੁਰਾਕਾਂ ਸਹਿ-ਬਿਮਾਰੀਆਂ ਨਾਲ ਪੀੜਤ ਵਿਅਕਤੀਆਂ ਲਈ ਰਾਖਵੀਆਂ ਰੱਖੀਆਂ ਜਾਣ ਤੇ ਬਾਕੀ 30 ਫੀਸਦੀ ਇਸੇ ਉਮਰ ਵਰਗ ਦੇ ਉੱਚ ਜੋਖਮ ਸ਼੍ਰੇਣੀ ਵਿੱਚ ਆਉਂਦੇ ਕਾਮਿਆਂ ਅਤੇ ਮੁਲਾਜ਼ਮਾਂ ਲਈ ਵਰਤੀਆਂ ਜਾਣ। ਇਸ ਪੜਾਅ ਦੌਰਾਨ 18-44 ਸਾਲ ਉਮਰ ਵਰਗ ਲਈ ਟੀਕਾਕਰਨ ਵੱਡੇ ਸ਼ਹਿਰੀ ਕੇਂਦਰਾਂ ਤੱਕ ਹੀ ਸੀਮਤ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਨੂੰ ਭਲਕੇ 45 ਸਾਲ ਤੋਂ ਵੱਧ ਉਮਰ ਵਰਗ ਦੀ ਸ਼੍ਰੇਣੀ ਦੇ ਟੀਕਾਕਰਨ ਲਈ 2 ਲੱਖ ਤੋਂ ਵੱਧ ਖ਼ੁਰਾਕਾਂ ਮਿਲਣ ਦੀ ਆਸ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਮਤਾ ਭਲਕੇ ਮੁੜ ਚੁੱਕੇਗੀ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ
Next articleਮੀਡੀਆ ਕਰਮੀਆਂ ਨੂੰ ਵੀ ਫਰੰਟਲਾਈਨ ਯੋਧੇ ਐਲਾਨਿਆ