ਅਸਲ ਪਟਾਕਿਆਂ ਤੇ ਕਦੋਂ ਲੱਗੇਗੀ ਪਾਬੰਦੀ?

ਗੁਰਪ੍ਰੀਤ ਸਿੰਘ ਸੰਧੂ

(ਸਮਾਜ ਵੀਕਲੀ)

ਪੰਜਾਬ ਸਰਕਾਰ ਨੇ ਦਿਵਾਲੀ ਤੇ ਪਟਾਕਿਆਂ ਤੇ ਲਗਾਈ ਪਾਬੰਦੀ ਵਾਤਾਵਰਣ ਪ੍ਰਤੀ ਸੁਹਿਰਦ ਫੈਸਲਾ ਹੈ, ਪਰ ਅਸਲ ਪਟਾਕਿਆਂ ਤੇ ਕਦੋਂ ਪਾਬੰਦੀ ਲਗਾਏ ਗਈ ਜਿਸ ਨਾਲ ਹਜ਼ਾਰਾਂ ਘਰ ਤਬਾਹ ਹੋ ਜਾਦੇ ਹਨ, ਧੜਾਂਧੜ ਵੰਡੇ ਜਾ ਰਹੇ ਹਥਿਆਰਾਂ ਦੇ ਲਾਇੰਸਸ ਕਿਸ ਤਰ੍ਹਾਂ ਦੇ ਸਮੇਂ ਦੀ ਹਾਮੀ ਭਰ ਰਹੇ ਹਨ। ਕੀ ਸਾਡਾ ਸਮਾਜ ਸੁਰੱਖਿਅਤ ਨਹੀ ਹੈ। ਹਥਿਆਰ ਜਿੱਥੇ ਪੰਜਾਬੀਆਂ ਦਾ ਸ਼ੋਕ ਬਣ ਚੁੱਕਿਆ ਹੈ, ਉੱਥੇ ਹੀ ਸਾਡੀ ਬਰਬਾਦੀ ਦਾ ਮੁੱਢ ਵੀ ਹੈ।

ਬਲਦਾਂ ਨਾਲ ਖੇਤੀ ਕਰਨ ਵਾਲੇ ਅੱਜ ਘੋਰ ਮਾਰੂ ਹਥਿਆਰਾਂ ਦੀ ਭੇਟ ਚੜ ਰਹੇ ਹਨ। ਸਾਡੀ ਨੌਜਵਾਨ ਪੀੜੀ ਅੰਦਰ ਹਥਿਆਰਾਂ ਦੀ ਸੋਚ ਜਗਾਉਣ ਵਿੱਚ ਸਾਡੀ ਅੱਜ ਦੀ ਗਾਇਕੀ/ ਗਾਣਿਆਂ ਦਾ ਵੀ ਮੁੱਖ ਹੱਥ ਹੈ। ਮੰਨਿਆ ਕੀ ਸ਼ੋਕ ਨਾਲ ਪੰਜਾਬੀ ਜੀਉਣਾ ਜਾਣਦੇ ਹਨ, ਪਰ ਹਥਿਆਰਾਂ ਦਾ ਸ਼ੋਕ ਸਾਨੂੰ ਵਿਰਸੇ ਵਿੱਚ ਨਹੀ ਮਿਲਿਆ। ਹੱਥੀ ਕਿਰਤ ਕਰਨ ਵਾਲੀ ਕੌਮ ਅੱਜ ਆਪਣੇ ਹੱਥੀ ਹੀ ਹਥਿਆਰਾਂ ਨਾਲ ਲਹੂ ਦੇ ਰਿਸ਼ਤਿਆਂ ਨੂੰ ਤਾਰ ਤਾਰ ਕਰ ਰਹੇ ਹਾਂ। ਸਮਾਜ ਅੰਦਰ ਅਸੀ ਦੇਖਦੇ ਹਾਂ ਕੀ ਕਈ ਵਾਰ ਸਾਡੇ ਬੱਚੇ ਵੀ ਇਹਨਾਂ ਮਾਰੂ ਹਥਿਆਰਾਂ ਦੇ ਭੇਟ ਚੜ ਚੁੱਕੇ ਹਨ। ਵਿਆਹਾਂ ਵਿੱਚ ਹਥਿਆਰਾਂ ਦੇ ਫੁੱਕਰਪੁਣੇ ਨੇ ਸਾਡੇ ਨੰਨੇ-ਮੁੰਨੇ ਬੱਚਿਆਂ ਨੂੰ ਵੀ ਨਹੀ ਬਖਸ਼ਿਆ, ਇਸ ਦਾ ਜੁੰਮੇਵਾਰ ਕੋਣ ਹੈ, ਅਸੀ ਕਦੇ ਨਹੀ ਸੋਚਿਆਂ, ਬਸ ਰੱਬ ਦੀ ਹੋਣੀ ਨੂੰ ਕਹੇ ਕੇ ਟਾਲ ਦਿੱਤਾ ਜਾਦਾ ਹੈ।

ਨਿੱਕੀ ਨਿੱਕੀ ਨੋਕ ਝੋਕ ਤੇ ਸਾਡਾ ਗੁੱਸਾ ਜ਼ਬਾਨ ਤੇ ਅਤੇ ਹੱਥ ਸਾਡਾ ਘੋੜੇ ਤੇ ਹੁੰਦਾ ਹੈ। ਜਿਸ ਕੌਂਮ ਦੇ ਬੱਚੇ ਹਥਿਆਰ ਨਾਲ ਫੋਟੋ ਖਿਚਵਾਂ ਕੇ ਮਾਣ ਮਹਿਸੂਸ ਕਰਦੇ ਹੋਣ ਉਸ ਕੌਂਮ ਦੇ ਭਵਿੱਖ ਬਾਰੇ ਚਿੰਤਾ ਦੇ ਨਾਲ ਨਾਲ ਚਿੰਤਨ ਕਰਨਾ ਬਹੁਤ ਜਰੂਰੀ ਹੈ, ਨਹੀਂ ਤਾਂ ਨਸਲਾਂ ਨੂੰ ਅਕਲਾਂ ਕੋਣ ਬਖਸ਼ੇਗਾ। ਆਮ ਤੌਰ ਤੇ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਲੀਡਰਾਂ ਦੇ ਚਹੇਤਿਆਂ ਨੂੰ ਲਗਾਤਾਰ ਸ਼ਰ੍ਹੇਆਮ ਹਥਿਆਰਾਂ ਦੇ ਲਾਇਸੈਂਸ ਵੰਡੇ ਜਾ ਰਹੇ ਹਨ ।ਹਥਿਆਰ ਦਾ ਲਾਇੰਸਸ ਬਣਾਉਣ ਤੋਂ ਪਹਿਲਾਂ ਡੋਪ ਟੈਸਟ ਕੀਤਾ ਜਾਦਾ ਹੈ, ਕੀ ਇਸ ਡੋਪ ਟੈਸਟ ਵਿੱਚ ਕਿੰਨੀ ਕੁ ਜ਼ਮੀਨੀ ਹਕੀਕਤ ਹੈ, ਅਸੀਂ ਸਾਰੇ ਭਲੀ-ਭਾਂਤ ਜਾਣੂ ਹਾਂ।

ਅਸੀਂ ਸਹਿਜਤਾਂ, ਸਹਿਣਸ਼ੀਲਤਾ, ਸਬਰ ਕਰਨਾ ਭੁੱਲ ਗਏ ਹਾਂ, ਮੱਖਣ ਵਾਂਗ ਨਰਮ ਦਿਲ ਵਾਲੇ ਪੰਜਾਬੀ ਪਤਾ ਨਹੀਂ ਕਿਉਂ ਐਨੇ ਸਖ਼ਤ ਸੁਭਾਅ ਦੇ ਮਾਲਕ ਬਣ ਗਏ ਹਨ,ਰੱਬਾਂ ਭਲਾਂ ਕਰੀ। ਸਰਕਾਰਾਂ ਨੂੰ ਚਾਹੀਦਾ ਹੈ, ਕੀ ਇਹਨਾਂ ਅਸਲ ਪਟਾਕਿਆਂ ਦੇ ਯੰਤਰਾਂ ਨੂੰ ਸੀਮਤ ਹੀ ਰੱਖਣ ਜਿਸ ਨਾਲ ਲੋਕ ਬਿਨਾਂ ਭੈਅ ਤੋਂ ਜ਼ਿੰਦਗੀ ਜੀਅ ਸਕਣ। ਸਰਕਾਰਾਂ ਨੂੰ ਇਸ ਮਸਲੇ ਪ੍ਰਤੀ ਬਹੁਤ ਸੰਜ਼ੀਦਗੀ ਨਾਲ ਵਕਤ ਦੀਆਂ ਪੈੜਾਂ ਨੂੰ ਫੜਨ ਦੀ ਲੋੜ ਹੈ। ਸਮਾਜ ਨੂੰ ਵੀ ਆਪਣੀ ਜੁੰਮੇਵਾਰੀ ਸਮਝਦੇ ਹੋਏ ਹਥਿਆਰਾਂ ਦਾ ਸ਼ੋਕ ਰੱਖਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ
ਜਿਲ੍ਹਾਂ ਫਾਜ਼ਿਲਕਾ
99887 66013

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਡੇ
Next articleਪੰਜਾਬ ਸਿਹਾ