ਕੈਪਟਨ ਵੱਲੋਂ ਐੱਸਐੱਮਐੱਸ ਜਨਤਕ ਕਰਨ ’ਤੇ ਭੜਕੇ ਬਰਾੜ

ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦੇ ਤੁਰੰਤ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਬਰਾੜ ਦੇ ਮੋਬਾਈਲ ਸੰਦੇਸ਼ ਜੱਗ-ਜ਼ਾਹਿਰ ਕਰਨ ਤੋਂ ਖ਼ਫਾ ਹੁੰਦਿਆਂ ਸ੍ਰੀ ਬਰਾੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਇਹ ਹਰਕਤ ਬਚਗਾਨਾ ਤੇ ਉਨ੍ਹਾਂ ਉੱਪਰ ਨਿੱਜੀ ਹਮਲਾ ਹੈ। ਸ੍ਰੀ ਬਰਾੜ ਨੇ ਕਿਹਾ ਕਿ ਉਨ੍ਹਾਂ ਕਾਂਗਰਸੀ ਆਗੂਆਂ ਨੂੰ ਚਿੱਠੀਆਂ ਵੀ ਲਿਖੀਆਂ, ਮੈਸੇਜ਼ ਵੀ ਕੀਤੇ ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੋਈਆਂ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸੰਦੇਸ਼ ਭੇਜੇ ਸਨ, ਇਸ ਦਾ ਮਕਸਦ ਇਹੀ ਸੀ ਕਿ ਉਹ ਪੰਜਾਬ ਵਿੱਚ ਕਾਂਗਰਸ ਦੀ ਸੇਵਾ ਕਰਨਾ ਚਾਹੁੰਦੇ ਹਨ। ਇਸ ਵਿੱਚ ਕੁਝ ਵੀ ਗ਼ਲਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਾਰਵਾਈ ਉਸ ਸਮੇਂ ਕਿਉਂ ਨਹੀਂ ਕੀਤੀ ਜਦੋਂ ਉਨ੍ਹਾਂ ਦਾ ਭਰਾ ਮਾਲਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਵਿੱਚ ਗਿਆ ਸੀ। ਉਨ੍ਹਾਂ ਕਿਹਾ ਕਿ ਜਿਸ ਪੱਧਰ ’ਤੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਰਾਜਨੀਤੀ ਕਰ ਰਹੇ ਹਨ ਉਹ ਉਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਨਗੇ। ਉਹ ਕੈਪਟਨ ਦੇ ਕਿਸੇ ਸੰਦੇਸ਼ ਨੂੰ ਜਨਤਕ ਨਹੀਂ ਕਰਨਗੇ। ਇਸ ਨਾਲ ਹੀ ਜਗਮੀਤ ਸਿੰਘ ਬਰਾੜ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪਟਿਆਲਾ ਖਾਨਦਾਨ ਵੱਲੋਂ ਹੁਣ ਤੱਕ ਜੋ ਕੁਝ ਭਾਰਤ ਦੇਸ਼ ਅਤੇ ਸਿੱਖ ਕੌਮ ਨਾਲ ਕੀਤਾ ਗਿਆ ਹੈ, ਉਹ ਜਲਦੀ ਹੀ ਸਬੂਤਾਂ ਸਣੇ ਜਨਤਾ ਦੀ ਕਚਹਿਰੀ ਵਿਚ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਚੋਣ ਰੈਲੀਆਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਤਰਫੋਂ ਪਟਿਆਲਾ ਦੇ ਰਾਜਿਆਂ ਵੱਲੋਂ ਦੇਸ਼ ਤੇ ਕੌਮ ਨਾਲ ਕੀਤੀਆਂ ਗੱਦਾਰੀਆਂ ਅੰਕੜਿਆਂ ਸਣੇ ਦੱਸਣਗੇ। ਸ੍ਰੀ ਬਰਾੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਤੰਤਰ ਅਤੇ ਸਾਰੇ ਮੰਤਰੀ 19 ਅਪਰੈਲ ਤੋਂ ਉਨ੍ਹਾਂ ਵਿਰੁੱਧ ਲਾਏ ਹੋਏ ਹਨ ਪਰ ਉਹ ਮੁੱਦਾਹੀਣ ਰਾਜਨੀਤੀ ਨਹੀਂ ਕਰਨਗੇ। ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦੇ ਚੌਵੀ ਘੰਟਿਆਂ ਅੰਦਰ ਹੀ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ, ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਹੋਣ ਤੋਂ ਬਾਅਦ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਚ ਨਤਮਸਤਕ ਹੋਣ ਆਏ ਸਨ। ਉਨ੍ਹਾਂ ਇਸ ਨਿਯੁਕਤੀ ਲਈ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹੱਕ ’ਚ ਪ੍ਰਚਾਰ ਕਰਨਗੇ।

Previous articleਲਾਪਤਾ ਹੋਏ ਵਪਾਰੀ ਦੀ ਕਾਰ ਗੰਗ ਕੈਨਾਲ ’ਚੋਂ ਮਿਲੀ
Next articleਸ਼ੇਖਰ ਦੇ ਪਤਨੀ ਨਾਲ ਸਬੰਧ ਸੁਖ਼ਾਵੇਂ ਨਹੀਂ ਸਨ: ਉਜਵਲਾ